ਫਿਰੋਜ਼ਪੁਰ ਸਰਹੱਦ 'ਤੇ ਵੱਡੀ ਕਾਰਵਾਈ: BSF ਅਤੇ ANTF ਨੇ 20 ਕਿਲੋ ਹੈਰੋਇਨ ਸਮੇਤ ਦੋ ਸਮੱਗਲਰ ਕੀਤੇ ਗ੍ਰਿਫ਼ਤਾਰ

ਫਿਰੋਜ਼ਪੁਰ ਸਰਹੱਦ 'ਤੇ ਵੱਡੀ ਕਾਰਵਾਈ: BSF ਅਤੇ ANTF ਨੇ 20 ਕਿਲੋ ਹੈਰੋਇਨ ਸਮੇਤ ਦੋ ਸਮੱਗਲਰ ਕੀਤੇ ਗ੍ਰਿਫ਼ਤਾਰ

ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ’ਤੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਸੀਮਾ ਸੁਰੱਖਿਆ ਬਲ (BSF) ਅਤੇ ਐਂਟੀ ਨਾਰਕੋਟਿਕਸ ਟਾਸਕ ਫ਼ੋਰਸ (ANTF) ਫਿਰੋਜ਼ਪੁਰ ਰੇਂਜ ਨੂੰ ਇੱਕ ਵੱਡੀ ਸਫ਼ਲਤਾ ਹਾਸਲ ਹੋਈ ਹੈ। ਦੋਵਾਂ ਸੁਰੱਖਿਆ ਏਜੰਸੀਆਂ ਵੱਲੋਂ ਚਲਾਏ ਗਏ ਇੱਕ ਸਾਂਝੇ ਅਪ੍ਰੇਸ਼ਨ ਦੌਰਾਨ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਹੈਰੋਇਨ ਦੀ ਵੱਡੀ ਖੇਪ ਭਾਰਤੀ ਖੇਤਰ ਵਿੱਚ ਭੇਜਣ ਦੀ ਸਾਜ਼ਿਸ਼ ਨੂੰ ਸਫ਼ਲਤਾਪੂਰਵਕ ਨਾਕਾਮ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਸੁਰੱਖਿਆ ਏਜੰਸੀਆਂ ਨੂੰ ਪੁਖ਼ਤਾ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਸਰਹੱਦ ਪਾਰ ਤੋਂ ਡਰੋਨ ਦੀ ਮਦਦ ਨਾਲ ਨਸ਼ੇ ਦੀ ਇੱਕ ਵੱਡੀ ਖੇਪ ਭਾਰਤ ਵੱਲ ਸਪਲਾਈ ਕੀਤੀ ਜਾਣ ਵਾਲੀ ਹੈ। ਇਸ ਇਤਲਾਹ ਦੇ ਆਧਾਰ 'ਤੇ ਤੁਰੰਤ ਹਰਕਤ ਵਿੱਚ ਆਉਂਦਿਆਂ ਬੀਐੱਸਐੱਫ ਅਤੇ ਏ.ਐੱਨ.ਟੀ.ਐੱਫ. ਦੀਆਂ ਟੀਮਾਂ ਨੇ ਸਬੰਧਤ ਇਲਾਕੇ ਦੀ ਘੇਰਾਬੰਦੀ ਕਰਕੇ ਵਿਸ਼ੇਸ਼ ਤਲਾਸ਼ੀ ਅਭਿਆਨ ਸ਼ੁਰੂ ਕੀਤਾ। ਚੈਕਿੰਗ ਅਤੇ ਸਰਚ ਆਪ੍ਰੇਸ਼ਨ ਦੌਰਾਨ ਟੀਮਾਂ ਨੇ ਮੌਕੇ ’ਤੇ ਸ਼ੱਕੀ ਹਾਲਾਤਾਂ ਵਿੱਚ ਘੁੰਮ ਰਹੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ। ਕਾਬੂ ਕੀਤੇ ਗਏ ਸ਼ੱਕੀਆਂ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਹੈਰੋਇਨ ਦੇ 20 ਪੈਕੇਟ ਬਰਾਮਦ ਹੋਏ। ਸਾਰੇ ਪੈਕੇਟਾਂ ਦਾ ਕੁੱਲ ਵਜ਼ਨ ਤਕਰੀਬਨ 20 ਕਿੱਲੋ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਸੁਰੱਖਿਆ ਬਲਾਂ ਨੇ ਬਰਾਮਦ ਕੀਤੀ ਹੈਰੋਇਨ ਨੂੰ ਕਬਜ਼ੇ ਵਿੱਚ ਲੈ ਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਤਸਕਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਮੁਲਜ਼ਮਾਂ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਸਰਹੱਦ ਪਾਰ ਬੈਠੇ ਕਿਹੜੇ ਸਮੱਗਲਰਾਂ ਨਾਲ ਉਨ੍ਹਾਂ ਦੇ ਲਿੰਕ ਸਨ ਅਤੇ ਇਹ ਖੇਪ ਅੱਗੇ ਕਿਸ ਤੱਕ ਪਹੁੰਚਾਈ ਜਾਣੀ ਸੀ।