ਲੁਧਿਆਣਾ ‘ਚ ਵਿਆਹੀ ਧੋਖਾਧੜੀ ਦਾ ਮਾਮਲਾ, ਪਤਨੀ ‘ਤੇ ਗੰਭੀਰ ਦੋਸ਼
- ਪੰਜਾਬ
- (Asia/Kolkata)
ਵਿਦੇਸ਼ ਜਾਣ ਦੀ ਦੌੜ ਅਤੇ ਕੈਨੇਡਾ ਦੀ ਪੱਕੀ ਨਾਗਰਿਕਤਾ (PR) ਪ੍ਰਾਪਤ ਕਰਨ ਦੀ ਲਾਲਸਾ ਨਾਲ ਜੁੜੇ ਧੋਖਾਧੜੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕਪੂਰਥਲਾ ਦੀ ਰਹਿਣ ਵਾਲੀ ਇੱਕ ਨੌਜਵਾਨ ਔਰਤ ‘ਤੇ ਦੋਸ਼ ਹੈ ਕਿ ਉਸ ਨੇ ਕੈਨੇਡਾ ਵਿੱਚ PR ਮਿਲਣ ਤੋਂ ਬਾਅਦ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਨਾਲੋਂ ਰਿਸ਼ਤਾ ਤੋੜ ਲਿਆ। ਮਿਲੀ ਜਾਣਕਾਰੀ ਅਨੁਸਾਰ, ਕਪੂਰਥਲਾ ਦੀ ਰਹਿਣ ਵਾਲੀ ਲੜਕੀ ਦਾ ਵਿਆਹ ਲਗਭਗ ਦੋ ਸਾਲ ਪਹਿਲਾਂ ਲੁਧਿਆਣਾ ਵਿੱਚ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਉਹ ਆਪਣੇ ਪਤੀ ਨਾਲ ਕੈਨੇਡਾ ਚਲੀ ਗਈ। ਦੋਸ਼ ਹੈ ਕਿ ਉੱਥੇ ਪਹੁੰਚਣ ਅਤੇ PR ਹਾਸਲ ਕਰਨ ਤੋਂ ਬਾਅਦ ਉਸ ਨੇ ਆਪਣੇ ਪਤੀ ਨੂੰ ਛੱਡ ਦਿੱਤਾ ਅਤੇ ਕਿਸੇ ਹੋਰ ਥਾਂ ਰਹਿਣ ਲੱਗ ਪਈ। ਪੀੜਤ ਪਤੀ ਨੇ ਉਸਨੂੰ ਵਾਪਸ ਆਉਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਨੌਜਵਾਨ ਨੇ ਆਪਣੇ ਮਾਪਿਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਲੁਧਿਆਣਾ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਲੜਕੀ ਨੇ ਸਿਰਫ਼ ਕੈਨੇਡੀਅਨ PR ਹਾਸਲ ਕਰਨ ਲਈ ਉਨ੍ਹਾਂ ਦੇ ਪੁੱਤਰ ਨਾਲ ਵਿਆਹ ਕੀਤਾ ਸੀ। ਪੁਲੀਸ ਨੇ ਜਾਂਚ ਤੋਂ ਬਾਅਦ ਲੜਕੀ, ਉਸ ਦੇ ਪਿਤਾ ਅਤੇ ਭਰਾ ਸਮੇਤ ਕੁੱਲ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਲੁਧਿਆਣਾ ਦੇ ਅਮਨ ਨਗਰ ਦੇ ਰਹਿਣ ਵਾਲੇ ਜਰਨੈਲ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਪੁੱਤਰ ਮਾਨ ਸਿੰਘ ਕੈਨੇਡਾ ਦਾ ਪੱਕਾ ਨਿਵਾਸੀ ਹੈ। ਉਸ ਦਾ ਵਿਆਹ 10 ਫਰਵਰੀ 2024 ਨੂੰ ਕਪੂਰਥਲਾ ਦੇ ਪਿੰਡ ਰੀਹਾਨਾ ਜੱਟਾਂ ਦੀ ਰਹਿਣ ਵਾਲੀ ਅਮਨਦੀਪ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਮਾਨ ਸਿੰਘ ਆਪਣੀ ਪਤਨੀ ਨੂੰ ਆਪਣੇ ਨਾਲ ਕੈਨੇਡਾ ਲੈ ਗਿਆ ਸੀ। ਸ਼ਿਕਾਇਤ ਅਨੁਸਾਰ, ਕੈਨੇਡਾ ਪਹੁੰਚਣ ਅਤੇ PR ਮਿਲਣ ਤੋਂ ਬਾਅਦ ਅਮਨਦੀਪ ਕੌਰ ਨੇ ਆਪਣੇ ਪਤੀ ਨੂੰ ਛੱਡ ਦਿੱਤਾ ਅਤੇ ਕਿਸੇ ਅਣਪਛਾਤੀ ਥਾਂ ‘ਤੇ ਚਲੀ ਗਈ। ਜਰਨੈਲ ਸਿੰਘ ਨੇ ਦੋਸ਼ ਲਾਇਆ ਕਿ ਉਸ ਦੀ ਨੂੰਹ ਨੇ ਉਸ ਦੇ ਪੁੱਤਰ ਦੀ ਵਰਤੋਂ ਸਿਰਫ਼ ਵਿਦੇਸ਼ ਵਿੱਚ ਸੈਟਲ ਹੋਣ ਲਈ ਕੀਤੀ ਅਤੇ ਮਕਸਦ ਪੂਰਾ ਹੋਣ ਤੋਂ ਬਾਅਦ ਰਿਸ਼ਤਾ ਤੋੜ ਦਿੱਤਾ। ਪੁਲੀਸ ਨੇ ਅਮਨਦੀਪ ਕੌਰ, ਉਸ ਦੇ ਪਿਤਾ ਬਲਬੀਰ ਸਿੰਘ, ਜਸਵੀਰ ਸਿੰਘ ਅਤੇ ਕਪੂਰਥਲਾ ਦੇ ਪਿੰਡ ਭੋਰਾ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
Leave a Reply