ਈਰਾਨ-ਅਮਰੀਕਾ ਜੰਗਬੰਦੀ ਤੋਂ ਬਾਅਦ 10 ਅਪ੍ਰੈਲ ਨੂੰ ਇਸਲਾਮਾਬਾਦ ‘ਚ ਹੋਵੇਗੀ ਵਾਰਤਾ

ਈਰਾਨ-ਅਮਰੀਕਾ ਜੰਗਬੰਦੀ ਤੋਂ ਬਾਅਦ 10 ਅਪ੍ਰੈਲ ਨੂੰ ਇਸਲਾਮਾਬਾਦ ‘ਚ ਹੋਵੇਗੀ ਵਾਰਤਾ

ਅਮਰੀਕਾ ਅਤੇ ਈਰਾਨ ਵਿਚਕਾਰ 40 ਦਿਨਾਂ ਤੱਕ ਚੱਲੀ ਜੰਗ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਕਾਰ ਦੋ ਹਫ਼ਤਿਆਂ ਦੀ ਜੰਗਬੰਦੀ ‘ਤੇ ਸਹਿਮਤੀ ਬਣ ਗਈ ਹੈ। ਇਸ ਜੰਗਬੰਦੀ ਤੋਂ ਬਾਅਦ ਹੁਣ ਦੋਵੇਂ ਦੇਸ਼ਾਂ ਵਿਚਕਾਰ ਰਸਮੀ ਗੱਲਬਾਤ 10 ਅਪ੍ਰੈਲ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਇਹ ਫੈਸਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਫੌਜੀ ਮੁਖੀ ਦੀਆਂ ਅਪੀਲਾਂ ਤੋਂ ਬਾਅਦ ਲਿਆ ਗਿਆ ਹੈ। ਜੰਗਬੰਦੀ ਤੋਂ ਪਹਿਲਾਂ ਟਰੰਪ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਹੋਰਮੁਜ਼ ਜਲਡਮਰੂ ਵਿੱਚੋਂ ਜਹਾਜ਼ਾਂ ਨੂੰ ਸੁਰੱਖਿਅਤ ਰਸਤਾ ਨਾ ਦਿੱਤਾ ਗਿਆ ਤਾਂ ਕੜੀ ਕਾਰਵਾਈ ਕੀਤੀ ਜਾਵੇਗੀ ਅਤੇ ਮਹੱਤਵਪੂਰਨ ਢਾਂਚਿਆਂ ‘ਤੇ ਹਮਲੇ ਵੀ ਕੀਤੇ ਜਾ ਸਕਦੇ ਹਨ। ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਅਨੁਸਾਰ ਇਹ ਸਮਝੌਤਾ ਪਾਕਿਸਤਾਨ ਦੀ ਵਿਚੋਲਗੀ ਅਤੇ ਆਖਰੀ ਸਮੇਂ ‘ਚ ਚੀਨ ਦੀ ਦਖਲਅੰਦਾਜ਼ੀ ਨਾਲ ਸੰਭਵ ਹੋਇਆ। ਪਾਕਿਸਤਾਨ ਵੱਲੋਂ ਦੋ ਹਫ਼ਤਿਆਂ ਦੀ ਜੰਗਬੰਦੀ ਦਾ ਪ੍ਰਸਤਾਵ ਦਿੱਤਾ ਗਿਆ ਸੀ, ਜਿਸਨੂੰ ਈਰਾਨ ਨੇ ਸਵੀਕਾਰ ਕਰ ਲਿਆ। ਸਮਝੌਤੇ ਦੇ ਤਹਿਤ ਅਮਰੀਕਾ ਅਤੇ ਇਜ਼ਰਾਈਲ ਆਪਣੇ ਹਮਲੇ ਰੋਕਣਗੇ, ਜਦਕਿ ਈਰਾਨ ਵੀ ਆਪਣੀ ਕਾਰਵਾਈ ਬੰਦ ਕਰੇਗਾ। ਇਸ ਦੌਰਾਨ ਈਰਾਨੀ ਫੌਜ ਦੀ ਸਹਾਇਤਾ ਨਾਲ ਹੋਰਮੁਜ਼ ਜਲਡਮਰੂ ਵਿੱਚੋਂ ਤੇਲ, ਗੈਸ ਅਤੇ ਹੋਰ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਯਕੀਨੀ ਬਣਾਈ ਜਾਵੇਗੀ। ਇਹ ਜੰਗਬੰਦੀ ਲੇਬਨਾਨ ਸਮੇਤ ਹੋਰ ਖੇਤਰਾਂ ‘ਚ ਵੀ ਲਾਗੂ ਰਹੇਗੀ। ਦੋਵੇਂ ਦੇਸ਼ਾਂ ਨੇ ਜੰਗਬੰਦੀ ‘ਤੇ ਸਹਿਮਤੀ ਜਤਾਈ ਹੈ, ਜਿਸ ਵਿੱਚ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਦਾ ਮਸਲਾ ਵੀ ਸ਼ਾਮਲ ਹੈ, ਪਰ ਇਹ ਈਰਾਨ ਵੱਲੋਂ ਰੱਖੀਆਂ ਗਈਆਂ ਸ਼ਰਤਾਂ ਨਾਲ ਜੁੜਿਆ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਡੋਨਾਲਡ ਟਰੰਪ ਨੇ ਈਰਾਨ ਦੀਆਂ 8 ਸ਼ਰਤਾਂ ਨੂੰ ਸਵੀਕਾਰ ਕਰ ਲਿਆ ਹੈ। ਈਰਾਨ ਦੀ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ (SNSC) ਨੇ ਇਸ ਸ਼ਰਤੀ ਜੰਗਬੰਦੀ ਤੋਂ ਬਾਅਦ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸ਼ਰਤਾਂ ਨੂੰ ਅੰਤਿਮ ਰੂਪ ਦੇਣ ਲਈ ਵੱਧ ਤੋਂ ਵੱਧ 15 ਦਿਨਾਂ ਦੇ ਅੰਦਰ ਇਸਲਾਮਾਬਾਦ ਵਿੱਚ ਗੱਲਬਾਤ ਕੀਤੀ ਜਾਵੇਗੀ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਵਾਰਤਾ ਈਰਾਨ ਦੀ ਮੈਦਾਨੀ ਸਫਲਤਾ ਨੂੰ ਰਾਜਨੀਤਿਕ ਗੱਲਬਾਤ ਵਿੱਚ ਤਬਦੀਲ ਕਰਨ ਲਈ ਕੀਤੀ ਜਾਵੇਗੀ। ਈਰਾਨ ਵੱਲੋਂ ਰੱਖੀਆਂ ਗਈਆਂ 8 ਮੁੱਖ ਸ਼ਰਤਾਂ: ➔ ਈਰਾਨ ਵਿਰੁੱਧ ਦੁਬਾਰਾ ਹਮਲਾ ਨਾ ਕਰਨ ਦੀ ਗਰੰਟੀ 
 

➔ ਹੋਰਮੁਜ਼ ਜਲਡਮਰੂ ‘ਤੇ ਈਰਾਨ ਦਾ ਕੰਟਰੋਲ ਬਰਕਰਾਰ ਰਹੇਗਾ 
 

➔ ਯੂਰੇਨੀਅਮ ਸੰਸ਼ੋਧਨ ਨੂੰ ਸਵੀਕਾਰਨਾ 
 

➔ ਸਾਰੀਆਂ ਪ੍ਰਾਇਮਰੀ ਅਤੇ ਸੈਕੰਡਰੀ ਪਾਬੰਦੀਆਂ ਹਟਾਈਆਂ ਜਾਣ 
 

➔ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਅਤੇ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਸਾਰੇ ਪ੍ਰਸਤਾਵ ਖਤਮ ਕਰਨੇ 
 

➔ ਈਰਾਨ ਨੂੰ ਮੁਆਵਜ਼ਾ ਦਿੱਤਾ ਜਾਵੇ 
 

➔ ਖੇਤਰ ਤੋਂ ਅਮਰੀਕੀ ਲੜਾਕੂ ਫੌਜਾਂ ਦੀ ਵਾਪਸੀ 
 

➔ ਲੇਬਨਾਨ ਸਮੇਤ ਸਾਰੇ ਮੋਰਚਿਆਂ ‘ਤੇ ਜੰਗਬੰਦੀ