ਲੁਧਿਆਣਾ ਦੀ ਨਹਿਰ ਵਿੱਚ ਡੂੰਘੇ ਟੋਏ ਕਾਰਨ ਵਾਪਰਿਆ ਹਾਦਸਾ, ਘੋੜੇ ਸਮੇਤ ਡੁੱਬਿਆ ਨਿਹੰਗ

ਲੁਧਿਆਣਾ ਦੀ ਨਹਿਰ ਵਿੱਚ ਡੂੰਘੇ ਟੋਏ ਕਾਰਨ ਵਾਪਰਿਆ ਹਾਦਸਾ, ਘੋੜੇ ਸਮੇਤ ਡੁੱਬਿਆ ਨਿਹੰਗ

ਲੁਧਿਆਣਾ ਦੇ ਦੋਰਾਹਾ ਨੇੜੇ ਇੱਕ ਦੁਖਦਾਈ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਨਿਹੰਗ ਸਿੰਘ ਆਪਣੇ ਘੋੜੇ ਸਮੇਤ ਨਹਿਰ ਵਿੱਚ ਡੁੱਬ ਗਿਆ। ਇਹ ਹਾਦਸਾ ਦੋਰਾਹਾ ਕੋਲੋਂ ਲੰਘ ਰਹੀ ਨਹਿਰ ਵਿੱਚ ਵਾਪਰਿਆ, ਜਿੱਥੇ ਨਿਹੰਗ ਸਿੰਘ ਆਪਣੇ ਘੋੜੇ ਨੂੰ ਨਹਿਲਾਉਣ ਲਈ ਗਿਆ ਹੋਇਆ ਸੀ। ਮਿਲੀ ਜਾਣਕਾਰੀ ਅਨੁਸਾਰ ਜਦੋਂ ਨਿਹੰਗ ਸਿੰਘ ਘੋੜੇ ਸਮੇਤ ਨਹਿਰ ਵਿੱਚ ਉਤਰੇ ਤਾਂ ਘੋੜਾ ਨਹਿਰ ਦੇ ਅੰਦਰ ਮੌਜੂਦ ਇੱਕ ਡੂੰਘੇ ਟੋਏ ਵਿੱਚ ਫਸ ਗਿਆ ਅਤੇ ਸੰਤੁਲਨ ਬਿਗੜਨ ਕਾਰਨ ਪਲਟ ਗਿਆ। ਇਸ ਦੌਰਾਨ ਨਿਹੰਗ ਸਿੰਘ ਘੋੜੇ ਉੱਪਰ ਹੀ ਸਵਾਰ ਸੀ। ਅਚਾਨਕ ਵਾਪਰੇ ਇਸ ਹਾਦਸੇ ਕਾਰਨ ਦੋਵਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਅਤੇ ਉਹ ਪਾਣੀ ਵਿੱਚ ਡੁੱਬ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਅਤੇ ਪੁਲਿਸ ਮੌਕੇ ‘ਤੇ ਪਹੁੰਚ ਗਏ। ਬਚਾਅ ਟੀਮਾਂ ਵੱਲੋਂ ਕਾਰਵਾਈ ਕਰਦਿਆਂ ਨਿਹੰਗ ਸਿੰਘ ਅਤੇ ਘੋੜੇ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ। ਦੱਸਿਆ ਜਾ ਰਿਹਾ ਹੈ ਕਿ ਨਹਿਰ ਦੇ ਨੇੜੇ ਨਿਹੰਗ ਸਿੰਘਾਂ ਦਾ ਪੜਾਅ ਲੱਗਿਆ ਹੋਇਆ ਸੀ ਅਤੇ ਮ੍ਰਿਤਕ ਨਿਹੰਗ ਸਿੰਘ ਆਪਣੇ ਘੋੜੇ ਨੂੰ ਨਹਿਲਾਉਣ ਲਈ ਨਹਿਰ ਵਿੱਚ ਗਿਆ ਸੀ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ।