ਕੈਨੇਡਾ ਵਿੱਚ 2026 ਦੀ ਮਰਦਮਸ਼ੁਮਾਰੀ ਦੀ ਸ਼ੁਰੂਆਤ, ਦੇਸ਼ ਭਰ ‘ਚ ਡਾਟਾ ਇਕੱਠਾ ਕਰਨ ਦੀ ਪ੍ਰਕਿਰਿਆ ਜਾਰੀ

ਕੈਨੇਡਾ ਵਿੱਚ 2026 ਦੀ ਮਰਦਮਸ਼ੁਮਾਰੀ ਦੀ ਸ਼ੁਰੂਆਤ, ਦੇਸ਼ ਭਰ ‘ਚ ਡਾਟਾ ਇਕੱਠਾ ਕਰਨ ਦੀ ਪ੍ਰਕਿਰਿਆ ਜਾਰੀ

ਕੈਨੇਡਾ ਵਿੱਚ 2026 ਦੀ ਨਵੀਂ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਦੀ ਅਧਿਕਾਰਕ ਤੌਰ ‘ਤੇ ਸ਼ੁਰੂਆਤ ਹੋ ਗਈ ਹੈ। ਦੇਸ਼ ਭਰ ਵਿੱਚ 4 ਮਈ ਤੋਂ ਅੰਕੜੇ ਇਕੱਠੇ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸਦਾ ਉਦੇਸ਼ ਲੋਕਾਂ ਅਤੇ ਦੇਸ਼ ਨਾਲ ਸੰਬੰਧਿਤ ਤਾਜ਼ਾ ਅਤੇ ਅਪਡੇਟ ਜਾਣਕਾਰੀ ਪ੍ਰਾਪਤ ਕਰਨਾ ਹੈ। ਕਾਨੂੰਨੀ ਪ੍ਰਬੰਧਾਂ ਅਨੁਸਾਰ, ਕੈਨੇਡਾ ਵਿੱਚ ਹਰ ਪੰਜ ਸਾਲ ਬਾਅਦ ਮਰਦਮਸ਼ੁਮਾਰੀ ਕਰਵਾਉਣਾ ਲਾਜ਼ਮੀ ਹੁੰਦਾ ਹੈ। ਇਸ ਵਾਰ ਲੋਕਾਂ ਨੂੰ ਡਾਕ ਰਾਹੀਂ ਚਿੱਠੀਆਂ ਭੇਜੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਮਰਦਮਸ਼ੁਮਾਰੀ ਫਾਰਮ ਭਰਨ ਲਈ ਵਿਸਥਾਰਪੂਰਵਕ ਹਦਾਇਤਾਂ ਦਿੱਤੀਆਂ ਗਈਆਂ ਹਨ। ਕੈਨੇਡਾ ਦੇ ਮੁੱਖ ਅੰਕੜਾ ਵਿਗਿਆਨੀ ਆਂਡਰੇ ਲੋਰਾਂਜੇ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਮਰਦਮਸ਼ੁਮਾਰੀ ਪਿਛਲੇ ਇੱਕ ਸਦੀ ਤੋਂ ਵੱਧ ਸਮੇਂ ਤੋਂ ਦੇਸ਼ ਵਿੱਚ ਹੋ ਰਹੇ ਸਮਾਜਿਕ ਅਤੇ ਆਰਥਿਕ ਬਦਲਾਵਾਂ ਨੂੰ ਸਮਝਣ ਦਾ ਮਹੱਤਵਪੂਰਨ ਸਾਧਨ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਰਦਮਸ਼ੁਮਾਰੀ ਪ੍ਰਸ਼ਨਾਵਲੀ ਜ਼ਰੂਰ ਭਰਨ। ਇਸ ਸਬੰਧੀ ਮਾਈਕਲ ਹਾਨ ਜੋ ਕਿ ਵੈਸਟਰਨ ਯੂਨੀਵਰਸਿਟੀ ਵਿੱਚ ਸਟੈਟਿਸਟਿਕਸ ਕੈਨੇਡਾ ਰਿਸਰਚ ਡਾਟਾ ਸੈਂਟਰ ਦੇ ਡਾਇਰੈਕਟਰ ਹਨ, ਨੇ ਕਿਹਾ ਕਿ ਮਰਦਮਸ਼ੁਮਾਰੀ ਤੋਂ ਮਿਲਣ ਵਾਲੀ ਜਾਣਕਾਰੀ ਸਰਕਾਰ ਲਈ ਨੀਤੀਆਂ ਬਣਾਉਣ ਦਾ ਅਧਾਰ ਬਣਦੀ ਹੈ। ਇਸ ਡਾਟਾ ਦੇ ਆਧਾਰ ‘ਤੇ ਇਹ ਫੈਸਲੇ ਕੀਤੇ ਜਾਂਦੇ ਹਨ ਕਿ ਕਿੱਥੇ ਨਵੇਂ ਹਸਪਤਾਲ ਅਤੇ ਸਕੂਲ ਬਣਾਏ ਜਾਣ, ਸੜਕਾਂ ਦਾ ਵਿਸਥਾਰ ਕੀਤਾ ਜਾਵੇ ਅਤੇ ਲੋਕਾਂ ਦੀਆਂ ਅਸਲ ਲੋੜਾਂ ਨੂੰ ਕਿਵੇਂ ਪੂਰਾ ਕੀਤਾ ਜਾਵੇ। ਉਨ੍ਹਾਂ ਇਹ ਵੀ ਯਾਦ ਦਿਵਾਇਆ ਕਿ 2021 ਦੀ ਪਿਛਲੀ ਮਰਦਮਸ਼ੁਮਾਰੀ ਕੋਵਿਡ-19 ਮਹਾਂਮਾਰੀ ਦੌਰਾਨ ਹੋਈ ਸੀ, ਜਿਸ ਨਾਲ ਲੋਕਾਂ ਦੇ ਰਹਿਣ-ਸਹਿਣ ਅਤੇ ਕੰਮ ਕਰਨ ਦੇ ਢੰਗ ਵਿੱਚ ਵੱਡੇ ਬਦਲਾਅ ਆਏ ਸਨ। ਇਸ ਦੇ ਨਾਲ ਹੀ ਦੇਸ਼ ਵਿੱਚ ਖੇਤੀਬਾੜੀ ਮਰਦਮਸ਼ੁਮਾਰੀ ਵੀ ਕਰਵਾਈ ਜਾ ਰਹੀ ਹੈ, ਜਿਸ ਤਹਿਤ ਕਿਸਾਨਾਂ ਅਤੇ ਫਾਰਮਾਂ ਤੋਂ ਵੱਖ-ਵੱਖ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਅਧਿਕਾਰੀਆਂ ਮੁਤਾਬਕ, ਇਸ ਨਾਲ ਖੇਤੀਬਾੜੀ ਦੇ ਆਰਥਿਕ, ਸਮਾਜਿਕ ਅਤੇ ਵਾਤਾਵਰਣੀ ਪੱਖਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਮਿਲੇਗੀ, ਜੋ ਭਵਿੱਖ ਦੀ ਯੋਜਨਾ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ।