ਅਮਰ ਕਾਲੋਨੀ 'ਚ ਪੁਲੀਸ ਤੇ ਬਦਮਾਸ਼ ਵਿਚਾਲੇ ਮੁੱਠਭੇੜ: ਨਾਬਾਲਗ ਨਾਲ ਜ਼ਬਰਦਸਤੀ ਕਰਨ ਵਾਲਾ ਮੁਲਜ਼ਮ ਏਮਜ਼ ਟਰੋਮਾ ਸੈਂਟਰ ਭਰਤੀ, ਬਾਕੀਆਂ ਦੀ ਭਾਲ ਜਾਰੀ

ਅਮਰ ਕਾਲੋਨੀ 'ਚ ਪੁਲੀਸ ਤੇ ਬਦਮਾਸ਼ ਵਿਚਾਲੇ ਮੁੱਠਭੇੜ: ਨਾਬਾਲਗ ਨਾਲ ਜ਼ਬਰਦਸਤੀ ਕਰਨ ਵਾਲਾ ਮੁਲਜ਼ਮ ਏਮਜ਼ ਟਰੋਮਾ ਸੈਂਟਰ ਭਰਤੀ, ਬਾਕੀਆਂ ਦੀ ਭਾਲ ਜਾਰੀ

ਦੱਖਣ-ਪੂਰਬੀ ਦਿੱਲੀ ਦੇ ਕਾਲਕਾਜੀ ਮੰਦਰ ਨੇੜੇ ਸਥਿਤ ਆਸਥਾ ਕੁੰਜ ਪਾਰਕ ਵਿੱਚ ਇੱਕ 17 ਸਾਲਾ ਨਾਬਾਲਗ ਲੜਕੀ ਨਾਲ ਜਬਰ-ਜਨਾਹ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਤਿੰਨ ਮੁਲਜ਼ਮਾਂ ਨੇ ਖ਼ੁਦ ਨੂੰ ਪੁਲੀਸ ਕਰਮਚਾਰੀ ਦੱਸ ਕੇ ਨਾਬਾਲਗ ਅਤੇ ਉਸ ਦੇ ਦੋਸਤ ਨੂੰ ਘੇਰ ਲਿਆ, ਫਿਰ ਦੋਸਤ ਨੂੰ ਵੱਖ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਤੋਂ ਬਾਅਦ ਪੁਲੀਸ ਵੱਲੋਂ ਮੁਲਜ਼ਮਾਂ ਨੂੰ ਫੜਨ ਲਈ ਵਿਛਾਏ ਜਾਲ ਦੌਰਾਨ ਹੋਈ ਮੁੱਠਭੇੜ ਵਿੱਚ ਮੁੱਖ ਮੁਲਜ਼ਮ ਪੁਲੀਸ ਦੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਅਨੁਸਾਰ ਸੋਮਵਾਰ ਰਾਤ ਲਗਭਗ 8:45 ਵਜੇ ਘਟਨਾ ਸਬੰਧੀ ਪੁਲੀਸ ਕੰਟਰੋਲ ਰੂਮ (PCR) ਨੂੰ ਸੂਚਨਾ ਮਿਲੀ ਸੀ। ਜਾਣਕਾਰੀ ਮਿਲਦੇ ਹੀ ਥਾਣਾ ਅਮਰ ਕਾਲੋਨੀ ਦੇ ਐੱਸ.ਐੱਚ.ਓ. ਪੁਲੀਸ ਟੀਮ ਨਾਲ ਆਸਥਾ ਕੁੰਜ ਪਾਰਕ ਪਹੁੰਚੇ, ਜਿੱਥੇ ਪੀੜਤ ਲੜਕੀ ਆਪਣੇ ਦੋਸਤ ਨਾਲ ਮਿਲੀ। ਪੀੜਤਾ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਹ ਕਾਲਕਾਜੀ ਮੰਦਰ ਵਿੱਚ ਦਰਸ਼ਨ ਕਰਨ ਤੋਂ ਬਾਅਦ ਗੇਟ ਨੰਬਰ 7 ਰਾਹੀਂ ਪਾਰਕ ਵਿੱਚ ਸੈਰ ਕਰਨ ਗਈ ਸੀ। ਉੱਥੇ ਪੁਲੀਸ ਵਾਲੇ ਬਣ ਕੇ ਆਏ ਤਿੰਨ ਵਿਅਕਤੀਆਂ ਨੇ ਉਸ ਦੇ ਦੋਸਤ ਨੂੰ ਡਰਾ-ਧਮਕਾ ਕੇ ਵੱਖ ਕਰ ਦਿੱਤਾ ਅਤੇ ਲੜਕੀ ਨੂੰ ਇੱਕ ਸੁਨਸਾਨ ਜਗ੍ਹਾ 'ਤੇ ਲੈ ਗਏ। ਮੁਲਜ਼ਮਾਂ ਵਿੱਚੋਂ ਇੱਕ ਦੀ ਪਛਾਣ ਆਸਿਫ਼ ਵਜੋਂ ਹੋਈ ਹੈ, ਜਿਸ ਨੇ ਹਥਿਆਰ ਦਿਖਾ ਕੇ ਨਾਬਾਲਗ ਨੂੰ ਡਰਾਇਆ ਅਤੇ ਉਸ ਨਾਲ ਜ਼ਬਰਦਸਤੀ ਕੀਤੀ। ਇਸ ਤੋਂ ਬਾਅਦ ਬਾਕੀ ਦੋਵਾਂ ਸਾਥੀਆਂ ਨੇ ਵੀ ਪੀੜਤਾ ਨਾਲ ਜਬਰ-ਜਨਾਹ ਕੀਤਾ ਅਤੇ ਦੋਵਾਂ ਦੋਸਤਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਘਟਨਾ ਤੋਂ ਬਾਅਦ ਪੀੜਤ ਲੜਕੀ ਦੀ ਏਮਜ਼ (AIIMS) ਹਸਪਤਾਲ ਵਿੱਚ ਡਾਕਟਰੀ ਜਾਂਚ ਕਰਵਾਈ ਗਈ ਹੈ, ਜਦਕਿ ਕ੍ਰਾਈਮ ਅਤੇ ਐੱਫ.ਐੱਸ.ਐੱਲ. (FSL) ਟੀਮ ਨੇ ਘਟਨਾ ਸਥਾਨ ਤੋਂ ਅਹਿਮ ਸਬੂਤ ਇਕੱਠੇ ਕੀਤੇ ਹਨ। ਪੁਲੀਸ ਨੇ ਅਮਰ ਕਾਲੋਨੀ ਥਾਣੇ ਵਿੱਚ ਭਾਰਤੀ ਨਿਆਇ ਸੰਹਿਤਾ (BNS) ਦੀਆਂ ਧਾਰਾਵਾਂ 70(2), 61(2), 115(2), 351(3) ਅਤੇ ਪੋਕਸੋ (POCSO) ਐਕਟ ਦੀਆਂ ਧਾਰਾਵਾਂ 6 ਅਤੇ 17 ਤਹਿਤ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ। ਦੱਖਣ-ਪੂਰਬੀ ਜ਼ਿਲ੍ਹੇ ਦੇ ਸਪੈਸ਼ਲ ਸਟਾਫ਼ ਇੰਚਾਰਜ ਇੰਸਪੈਕਟਰ ਰਾਜੇਂਦਰ ਡਾਗਰ ਦੀ ਅਗਵਾਈ ਹੇਠ ਗਠਿਤ ਟੀਮ ਨੂੰ ਅਮਰ ਕਾਲੋਨੀ ਦੇ ਡੀ.ਐੱਮ. ਦਫ਼ਤਰ ਰੋਡ ਨੇੜੇ ਮੁਲਜ਼ਮ ਆਸਿਫ਼ ਦੀ ਮੌਜੂਦਗੀ ਦੀ ਖ਼ੁਫ਼ੀਆ ਸੂਚਨਾ ਮਿਲੀ, ਜਿਸ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕੀਤੀ ਗਈ। ਘੇਰਾਬੰਦੀ ਦੌਰਾਨ ਜਦੋਂ ਪੁਲੀਸ ਨੇ ਮੁਲਜ਼ਮ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਪੁਲੀਸ ਟੀਮ 'ਤੇ ਤਿੰਨ ਫਾਇਰ ਕਰ ਦਿੱਤੇ। ਸਮਰਪਣ ਦੀ ਚਿਤਾਵਨੀ ਦੇਣ ਦੇ ਬਾਵਜੂਦ ਉਹ ਲਗਾਤਾਰ ਫਾਇਰਿੰਗ ਕਰਦਾ ਰਿਹਾ, ਜਿਸ ਦੌਰਾਨ ਇੱਕ ਗੋਲੀ ਹੈੱਡ ਕਾਂਸਟੇਬਲ ਰਾਜੇਸ਼ ਦੀ ਬੁਲੇਟਪਰੂਫ ਜੈਕਟ 'ਤੇ ਲੱਗੀ। ਪੁਲੀਸ ਨੇ ਆਤਮ-ਰੱਖਿਆ ਵਿੱਚ ਜਵਾਬੀ ਫਾਇਰਿੰਗ ਕੀਤੀ, ਜਿਸ ਵਿੱਚ ਇੱਕ ਗੋਲੀ ਆਸਿਫ਼ ਦੀ ਸੱਜੀ ਲੱਤ ਵਿੱਚ ਲੱਗੀ। ਜ਼ਖ਼ਮੀ ਮੁਲਜ਼ਮ ਨੂੰ ਇਲਾਜ ਲਈ ਏਮਜ਼ ਟਰੋਮਾ ਸੈਂਟਰ 'ਚ ਭਰਤੀ ਕਰਵਾਇਆ ਗਿਆ ਹੈ। ਫ਼ਰਾਰ ਚੱਲ ਰਹੇ ਬਾਕੀ ਦੋ ਮੁਲਜ਼ਮਾਂ ਦੀ ਭਾਲ ਲਈ ਪੁਲੀਸ ਦੀਆਂ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।