ਵਿੱਤ ਮੰਤਰੀ ਹਰਪਾਲ ਚੀਮਾ ਨੇ ਸੀਵਰੇਜ ਬੋਰਡ ਦੀ ਆਊਟਸੋਰਸ ਮੁਲਾਜ਼ਮ ਯੂਨੀਅਨ ਦੇ ਆਗੂਆਂ ਨਾਲ ਕੀਤੀ ਮੀਟਿੰਗ

ਵਿੱਤ ਮੰਤਰੀ ਹਰਪਾਲ ਚੀਮਾ ਨੇ ਸੀਵਰੇਜ ਬੋਰਡ ਦੀ ਆਊਟਸੋਰਸ ਮੁਲਾਜ਼ਮ ਯੂਨੀਅਨ ਦੇ ਆਗੂਆਂ ਨਾਲ ਕੀਤੀ ਮੀਟਿੰਗ

ਲੌਂਗੋਵਾਲ, (ਜਗਸੀਰ ਸਿੰਘ)- ਅੱਜ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ਼ ਤੇ ਲੇਬਰ ਯੂਨੀਅਨ ਰਜਿ. ਨੰ. 23 ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ, ਗਗਨਦੀਪ ਸਿੰਘ ਸੁਨਾਮ, ਗੁਰਬਿੰਦਰ ਸਿੰਘ ਲਹਿਰਾ ਆਦਿ ਆਗੂਆਂ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਸੀਵਰੇਜ ਬੋਰਡ ਦੇ ਇੰਜੀਨੀਅਰ-ਇਨ-ਚੀਫ਼ ਕਮ ਟੈਕਨੀਕਲ ਐਡਵਾਈਜ਼ਰ ਅਸ਼ਵਨੀ ਕੁਮਾਰ ਅਤੇ ਇੰਜੀਨੀਅਰ ਸਬਜੀਤ ਸਿੰਘ, ਚੀਫ਼ ਇੰਜੀਨੀਅਰ, ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਮੀਟਿੰਗ ਦੌਰਾਨ ਯੂਨੀਅਨ ਆਗੂਆਂ ਵੱਲੋਂ ਪਿਛਲੀਆਂ ਮੀਟਿੰਗਾਂ ਵਿੱਚ ਰੱਖੀ ਗਈ ਮੰਗ ਨੂੰ ਮੁੜ ਦੁਹਰਾਉਂਦਿਆਂ ਕਿਹਾ ਗਿਆ ਕਿ ਜਿਸ ਤਰ੍ਹਾਂ ਨਗਰ ਕੌਂਸਲਾਂ, ਪਾਵਰਕਾਮ ਅਤੇ ਟਰਾਂਸਕੋ ਵੱਲੋਂ ਬੋਰਡ ਆਫ਼ ਡਾਇਰੈਕਟਰਜ਼ ਦੀਆਂ ਮੀਟਿੰਗਾਂ ਰਾਹੀਂ ਆਊਟਸੋਰਸ ਮੁਲਾਜ਼ਮਾਂ ਨੂੰ ਸਿੱਧਾ ਵਿਭਾਗ ਵਿੱਚ ਲਿਆਂਦਾ ਗਿਆ ਹੈ, ਉਸੇ ਤਰ੍ਹਾਂ ਸੀਵਰੇਜ ਬੋਰਡ ਦੇ ਵੀ ਕਰੀਬ 2500 ਫੀਲਡ ਅਤੇ ਦਫ਼ਤਰੀ ਮੁਲਾਜ਼ਮਾਂ ਨੂੰ ਸਿੱਧਾ ਕੰਟਰੈਕਟ ’ਤੇ ਕੀਤਾ ਜਾਵੇ। ਯੂਨੀਅਨ ਆਗੂਆਂ ਨੇ ਕਿਹਾ ਕਿ ਸੀਵਰੇਜ ਬੋਰਡ ਵਿੱਚ ਵੱਡੀ ਗਿਣਤੀ ਵਿੱਚ ਆਊਟਸੋਰਸ ਮੁਲਾਜ਼ਮ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਇਸ ਲਈ ਉਨ੍ਹਾਂ ਨੂੰ ਵੀ ਹੋਰਨਾਂ ਵਿਭਾਗਾਂ ਦੀ ਤਰਜ਼ ’ਤੇ ਸਿੱਧਾ ਵਿਭਾਗ ਅਧੀਨ ਲਿਆ ਕੇ ਕੰਟਰੈਕਟ ’ਤੇ ਕਰਨ ਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਅਧੀਨ ਸੀਵਰੇਜ ਬੋਰਡ ਵਿੱਚ ਜਿੰਨੇ ਵੀ ਆਊਟਸੋਰਸ ਮੁਲਾਜ਼ਮ ਕੰਮ ਕਰ ਰਹੇ ਹਨ, ਉਨ੍ਹਾਂ ਸਬੰਧੀ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਮਾਮਲਾ ਪਾਸ ਕਰਵਾ ਕੇ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਨੂੰ ਕੰਟਰੈਕਟ ’ਤੇ ਕਰਨ ਦੇ ਆਦੇਸ਼ ਦਿੱਤੇ ਜਾਣ। ਵਿੱਤ ਮੰਤਰੀ ਵੱਲੋਂ ਦਿੱਤੇ ਗਏ ਇਨ੍ਹਾਂ ਨਿਰਦੇਸ਼ਾਂ ਤੋਂ ਬਾਅਦ ਯੂਨੀਅਨ ਆਗੂਆਂ ਨੇ ਆਸ ਪ੍ਰਗਟਾਈ ਕਿ ਸੀਵਰੇਜ ਬੋਰਡ ਦੇ ਕਰੀਬ 2500 ਫੀਲਡ ਅਤੇ ਦਫ਼ਤਰੀ ਆਊਟਸੋਰਸ ਮੁਲਾਜ਼ਮਾਂ ਨੂੰ ਸਿੱਧਾ ਕੰਟਰੈਕਟ ’ਤੇ ਕਰਨ ਦੀ ਪ੍ਰਕਿਰਿਆ ਅੱਗੇ ਵਧੇਗੀ। ਇਸ ਮੌਕੇ ਪਾਵਰਕਾਮ ਐਂਡ ਟਰਾਂਸਕੋ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ, ਯਾਦਵਿੰਦਰ ਸਿੰਘ ਯਾਦੀ, ਪਰਦੀਪ ਸਿੰਘ ਭੀਖੀ ਆਦਿ ਆਗੂ ਵੀ ਹਾਜ਼ਰ ਸਨ।