ਜੰਮੂ-ਕਸ਼ਮੀਰ ਦੇ ਕਠੂਆ 'ਚ ਵੱਡੀ ਵਾਰਦਾਤ: CISF ਜਵਾਨ ਨੇ ਚਲਾਈਆਂ ਤਾਬੜਤੋੜ ਗੋਲੀਆਂ, ਅਸਿਸਟੈਂਟ ਕਮਾਂਡੈਂਟ ਸਮੇਤ 4 ਦੀ ਮੌਤ

ਜੰਮੂ-ਕਸ਼ਮੀਰ ਦੇ ਕਠੂਆ 'ਚ ਵੱਡੀ ਵਾਰਦਾਤ: CISF ਜਵਾਨ ਨੇ ਚਲਾਈਆਂ ਤਾਬੜਤੋੜ ਗੋਲੀਆਂ, ਅਸਿਸਟੈਂਟ ਕਮਾਂਡੈਂਟ ਸਮੇਤ 4 ਦੀ ਮੌਤ

ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਬਸੋਹਲੀ ਇਲਾਕੇ ਵਿੱਚ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੇ ਇੱਕ ਜਵਾਨ ਨੇ ਆਪਣੇ ਹੀ ਸਾਥੀਆਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਦਰਦਨਾਕ ਗੋਲੀਬਾਰੀ ਦੀ ਘਟਨਾ ਵਿੱਚ ਇੱਕ ਅਸਿਸਟੈਂਟ ਕਮਾਂਡੈਂਟ ਸਮੇਤ 4 CISF ਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਸਿਸਟੈਂਟ ਕਮਾਂਡੈਂਟ ਅੰਕਿਤ ਕੁਮਾਰ ਪਾਂਡੇ, ਸਬ-ਇੰਸਪੈਕਟਰ (SI) ਲਕਸ਼ਮਣ ਸਿੰਘ, ਕਾਂਸਟੇਬਲ ਰਫ਼ੀਕ ਅਹਿਮਦ ਅਤੇ ਕਾਂਸਟੇਬਲ ਸੰਦੀਪ ਕੁਮਾਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਸਾਰੇ ਜਵਾਨ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਬਸੋਹਲੀ ਦੇ ਇੱਕ ਪਾਵਰ ਪ੍ਰਾਜੈਕਟ ਦੀ ਸੁਰੱਖਿਆ ਲਈ ਤਾਇਨਾਤ ਸਨ। ਦੱਸਿਆ ਜਾ ਰਿਹਾ ਹੈ ਕਿ ਕਿਸੇ ਗੱਲ ਨੂੰ ਲੈ ਕੇ ਦੋ ਜਵਾਨਾਂ ਵਿਚਾਲੇ ਆਪਸੀ ਬਹਿਸ ਹੋ ਗਈ ਸੀ। ਇਸ ਤਕਰਾਰ ਤੋਂ ਬਾਅਦ ਗੁੱਸੇ ਵਿੱਚ ਆਏ ਮੁਲਜ਼ਮ ਹੈੱਡ ਕਾਂਸਟੇਬਲ ਅਵਧੇਸ਼ ਕੁਮਾਰ ਸਿੰਘ ਨੇ ਦਫ਼ਤਰ ਦੇ ਅਹਾਤੇ ਵਿੱਚ ਦਾਖ਼ਲ ਹੋ ਕੇ ਆਪਣੀ ਸਰਕਾਰੀ ਏ.ਕੇ.-47 (AK-47) ਰਾਈਫ਼ਲ ਨਾਲ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਸੂਤਰਾਂ ਅਨੁਸਾਰ ਘਟਨਾ ਦੇ ਸਮੇਂ ਮੁਲਜ਼ਮ ਕੋਲ ਲਗਭਗ 150 ਰੌਂਦ ਗੋਲੀਆਂ ਮੌਜੂਦ ਸਨ। ਘਟਨਾ ਤੋਂ ਤੁਰੰਤ ਬਾਅਦ ਕਠੂਆ ਪੁਲੀਸ ਨੇ ਕਾਰਵਾਈ ਕਰਦਿਆਂ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੀ.ਆਈ.ਐੱਸ.ਐੱਫ. ਦੇ ਉੱਚ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਹਨ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵਰਣਨਯੋਗ ਹੈ ਕਿ ਸੁਰੱਖਿਆ ਬਲਾਂ ਵਿੱਚ ਤਾਇਨਾਤ ਜਵਾਨਾਂ ਵਿਚਾਲੇ ਤਣਾਅ ਅਤੇ ਆਪਸੀ ਝਗੜਿਆਂ ਕਾਰਨ ਗੋਲੀਬਾਰੀ ਦੀਆਂ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ। ਜ਼ਿਕਰਯੋਗ ਹੈ ਕਿ ਜਿਸ ਸਥਾਨ 'ਤੇ ਇਹ ਘਟਨਾ ਵਾਪਰੀ, ਉਹ ਬਸੋਹਲੀ ਤਹਿਸੀਲ ਵਿੱਚ ਰਾਵੀ ਦਰਿਆ ’ਤੇ ਬਣਿਆ 'ਸੇਵਾ-3' (Sewa-III) ਪ੍ਰਾਜੈਕਟ ਹੈ। ਇਸ ਪ੍ਰਾਜੈਕਟ ਦੀ ਸ਼ੁਰੂਆਤ ਸਾਲ 1993 ਵਿੱਚ ਕੀਤੀ ਗਈ ਸੀ, ਪਰ 2013 ਵਿੱਚ ਆਏ ਭਾਰੀ ਹੜ੍ਹ ਕਾਰਨ ਇਸ ਦਾ ਲਗਭਗ 300 ਮੀਟਰ ਲੰਬਾ ਹਿੱਸਾ ਰੁੜ੍ਹ ਗਿਆ ਸੀ। ਇਸ ਤੋਂ ਬਾਅਦ ਪਿਛਲੇ 12-13 ਸਾਲਾਂ ਤੋਂ ਇਹ ਪ੍ਰਾਜੈਕਟ ਪੂਰੀ ਤਰ੍ਹਾਂ ਬੰਦ ਪਿਆ ਹੈ। ਇਸੇ ਬੰਦ ਪਏ ਪ੍ਰਾਜੈਕਟ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲਈ ਸੀ.ਆਈ.ਐੱਸ.ਐੱਫ. ਦੇ ਜਵਾਨਾਂ ਦੀ ਇਹ ਟੁਕੜੀ ਤਾਇਨਾਤ ਕੀਤੀ ਗਈ ਸੀ।