ਗੈਂਗਸਟਰ ਗੋਲਡੀ ਬਰਾੜ 'ਤੇ FBI ਦਾ ਵੱਡਾ ਐਕਸ਼ਨ: ਇਨਾਮੀ ਰਾਸ਼ੀ ਵਧਾ ਕੇ ਕੀਤੀ 10 ਲੱਖ ਡਾਲਰ (ਸਾਢੇ 9 ਕਰੋੜ ਰੁਪਏ)

ਗੈਂਗਸਟਰ ਗੋਲਡੀ ਬਰਾੜ 'ਤੇ FBI ਦਾ ਵੱਡਾ ਐਕਸ਼ਨ: ਇਨਾਮੀ ਰਾਸ਼ੀ ਵਧਾ ਕੇ ਕੀਤੀ 10 ਲੱਖ ਡਾਲਰ (ਸਾਢੇ 9 ਕਰੋੜ ਰੁਪਏ)

ਅਮਰੀਕਾ ਦੀ ਪ੍ਰਮੁੱਖ ਤਫ਼ਤੀਸ਼ੀ ਏਜੰਸੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਨੇ ਕਈ ਸੰਗੀਨ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਭਾਰਤੀ ਮੂਲ ਦੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਵਿਰੁੱਧ ਸ਼ਿਕੰਜਾ ਹੋਰ ਕੱਸ ਦਿੱਤਾ ਹੈ। ਏਜੰਸੀ ਨੇ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ ਮਦਦਗਾਰ ਸੂਚਨਾ ਦੇਣ ਵਾਲੇ ਲਈ ਇਨਾਮੀ ਰਾਸ਼ੀ 1 ਲੱਖ ਡਾਲਰ ਤੋਂ ਵਧਾ ਕੇ 10 ਲੱਖ ਡਾਲਰ (ਲਗਭਗ ਸਾਢੇ ਨੌਂ ਕਰੋੜ ਭਾਰਤੀ ਰੁਪਏ) ਕਰਨ ਦਾ ਵੱਡਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਸ ਨੂੰ ਅਮਰੀਕਾ ਦੀਆਂ ਅਤਿ-ਲੋੜੀਂਦੇ ਅਪਰਾਧੀਆਂ ਦੀ '10 ਮੋਸਟ ਵਾਂਟੇਡ' ਸੂਚੀ ਵਿੱਚ ਵੀ ਸ਼ਾਮਲ ਕਰ ਲਿਆ ਗਿਆ ਹੈ। ਲੌਸ ਐਂਜਲਸ (Los Angeles) ਸਥਿਤ ਦਫ਼ਤਰ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ FBI ਦੇ ਸਹਾਇਕ ਨਿਰਦੇਸ਼ਕ ਪੈਟਰਿਕ ਗਰੈਂਡੀ ਨੇ ਦੱਸਿਆ ਕਿ ਭਾਰਤ ਦੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਗੋਲਡੀ ਬਰਾੜ ਨੇ ਉੱਤਰੀ ਅਮਰੀਕਾ (ਅਮਰੀਕਾ ਅਤੇ ਕੈਨੇਡਾ) ਵਿੱਚ ਭਾੜੇ ਦੇ ਕਤਲ, ਲੁੱਟ-ਖੋਹਾਂ ਅਤੇ ਫਿਰੌਤੀਆਂ ਰਾਹੀਂ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਗੋਲਡੀ ਬਰਾੜ ਨੂੰ ਹਿਰਾਸਤ ਵਿੱਚ ਲੈਣਾ ਹੁਣ ਏਜੰਸੀ ਦੀਆਂ ਮੁੱਖ ਪ੍ਰਾਥਮਿਕਤਾਵਾਂ ਵਿੱਚ ਸ਼ਾਮਲ ਹੋ ਚੁੱਕਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਗੋਲਡੀ ਬਰਾੜ 'ਤੇ ਜੂਨ 2023 ਵਿੱਚ ਕੈਨੇਡਾ ਦੇ ਸ਼ਹਿਰ ਸਰੀ ਸਥਿਤ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਗੁਰਦੁਆਰਾ ਕਮੇਟੀ ਦੇ ਤਤਕਾਲੀ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਵੀ ਗੰਭੀਰ ਦੋਸ਼ ਹੈ। ਇਸ ਕਤਲ ਕੇਸ ਵਿੱਚ ਕੈਨੇਡਾ ਪੁਲਿਸ ਵੱਲੋਂ ਪਹਿਲਾਂ ਹੀ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਹਾਜ਼ਰ ਕੈਨੇਡਾ ਪੁਲਿਸ ਦੀ ਡਿਪਟੀ ਕਮਿਸ਼ਨਰ ਲੀਜ਼ਾ ਮੋਰਲੈਂਡ ਦੀ ਮੌਜੂਦਗੀ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਜੇਲ੍ਹ ਵਿੱਚੋਂ ਹੀ ਉੱਤਰੀ ਅਮਰੀਕਾ ਵਿੱਚ ਅਪਰਾਧਿਕ ਗਤੀਵਿਧੀਆਂ ਚਲਾਉਣ ਲਈ ਗੋਲਡੀ ਨੂੰ ਨਿਰਦੇਸ਼ ਭੇਜਦਾ ਸੀ। ਪੁਲਿਸ ਨੂੰ ਖ਼ਦਸ਼ਾ ਹੈ ਕਿ ਗੋਲਡੀ ਬਰਾੜ ਇਸ ਵੇਲੇ ਅਮਰੀਕਾ ਦੇ ਕੈਲੀਫ਼ੋਰਨੀਆ ਸੂਬੇ ਵਿੱਚ ਜਾਂ ਕੈਨੇਡਾ ਵਿੱਚ ਕਿਸੇ ਗੁਪਤ ਠਿਕਾਣੇ 'ਤੇ ਲੁਕਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਾਰਲੀਮੈਂਟ ਵਿੱਚ ਭਾਰਤੀ ਏਜੰਸੀਆਂ 'ਤੇ ਲਗਾਏ ਗਏ ਦੋਸ਼ਾਂ ਕਾਰਨ ਦੋਹਾਂ ਦੇਸ਼ਾਂ ਦੇ ਕੂਟਨੀਤਕ ਅਤੇ ਵਪਾਰਕ ਸਬੰਧਾਂ ਵਿੱਚ ਵੱਡੀ ਖਟਾਸ ਆ ਗਈ ਸੀ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਨੇ ਇੱਕ-ਦੂਜੇ ਦੇ ਡਿਪਲੋਮੈਟਾਂ ਨੂੰ ਨਿਸ਼ਾਨਾ ਬਣਾਇਆ ਸੀ। ਹਾਲਾਂਕਿ, ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਲੰਘੇ ਫ਼ਰਵਰੀ ਮਹੀਨੇ ਭਾਰਤ ਦਾ ਦੌਰਾ ਕਰਕੇ ਇਨ੍ਹਾਂ ਸਬੰਧਾਂ ਨੂੰ ਮੁੜ ਪਟਰੀ 'ਤੇ ਲਿਆਉਣ ਦੇ ਯਤਨ ਸ਼ੁਰੂ ਕੀਤੇ ਹਨ।