ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਨਾਲ ਵੱਡੀ ਧੋਖਾਧੜੀ
- ਵਿਦੇਸ਼
- (Asia/Kolkata)
ਕੈਨੇਡਾ ਦੇ ਕੈਲਗਰੀ ਸਥਿਤ ਪੋਰਟੇਜ ਕਾਲਜ ਵਿੱਚ ਕਰੀਬ 1,500 ਪੰਜਾਬੀ ਵਿਦਿਆਰਥੀਆਂ ਨਾਲ ਕਥਿਤ ਧੋਖਾਧੜੀ ਦੇ ਦੋਸ਼ ਸਾਹਮਣੇ ਆਏ ਹਨ। ਇਸ ਮਾਮਲੇ ਦੇ ਤਾਰ ਜਲੰਧਰ ਸਥਿਤ ਇੱਕ ਇਮੀਗ੍ਰੇਸ਼ਨ ਏਜੰਟ ਨਾਲ ਜੁੜਨ ਤੋਂ ਬਾਅਦ ਵਿਵਾਦ ਹੋਰ ਗੰਭੀਰ ਹੋ ਗਿਆ ਹੈ। ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਕਾਲਜ ਪ੍ਰਬੰਧਨ ਹੁਣ ਉਨ੍ਹਾਂ ਨਾਲ ਸੰਪਰਕ ਨਹੀਂ ਕਰ ਰਿਹਾ। ਪਰੇਸ਼ਾਨ ਵਿਦਿਆਰਥੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਸੋਮਵਾਰ ਨੂੰ ਜਲੰਧਰ ਬੱਸ ਸਟੈਂਡ ਨੇੜੇ ਪਿਰਾਮਿਡ ਈ-ਸਰਵਿਸ ਦੇ ਦਫ਼ਤਰ ਵਿੱਚ ਪਹੁੰਚ ਕੇ ਹੰਗਾਮਾ ਕੀਤਾ ਅਤੇ ਆਪਣੇ ਪੈਸੇ ਤੇ ਭਵਿੱਖ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਗੁਰਦਾਸਪੁਰ ਤੋਂ ਆਈ ਇੱਕ ਮਹਿਲਾ ਨੇ ਦੱਸਿਆ ਕਿ ਉਸ ਦੀ ਧੀ ਦਾ ਸਟੱਡੀ ਵੀਜ਼ਾ ਇਸ ਏਜੰਟ ਰਾਹੀਂ ਲਗਵਾਇਆ ਗਿਆ ਸੀ ਅਤੇ ਉਸ ਦਾ ਦਾਖ਼ਲਾ ਪੋਰਟੇਜ ਕਾਲਜ ਵਿੱਚ ਕਰਵਾਇਆ ਗਿਆ। ਪਰਿਵਾਰ ਨੇ ਕਰੀਬ 32 ਲੱਖ ਰੁਪਏ ਖਰਚ ਕੀਤੇ, ਪਰ ਹੁਣ ਪਤਾ ਲੱਗ ਰਿਹਾ ਹੈ ਕਿ ਪੜ੍ਹਾਈ ਦਾ ਉਮੀਦ ਮੁਤਾਬਕ ਲਾਭ ਨਹੀਂ ਮਿਲ ਰਿਹਾ। ਮਹਿਲਾ ਨੇ ਦੋਸ਼ ਲਗਾਇਆ ਕਿ ਉਸ ਦੀ ਧੀ ਨੂੰ ਹੁਣ ਕਿਸੇ ਹੋਰ ਕਾਲਜ ਵਿੱਚ ਮੁੜ ਦੋ ਸਾਲ ਲਗਾਉਣੇ ਪੈ ਸਕਦੇ ਹਨ। ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ, ਵੀਜ਼ਾ ਫਾਈਲਾਂ ਕਲੀਅਰ ਕਰਨ ਦੇ ਨਾਂ ’ਤੇ ਕਥਿਤ ਤੌਰ ’ਤੇ 7 ਲੱਖ ਰੁਪਏ ਤੱਕ ਐਡਵਾਂਸ ਲਏ ਗਏ ਹਨ। ਇੱਥੋਂ ਤੱਕ ਕਿ ਜਿਨ੍ਹਾਂ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਪਹਿਲਾਂ ਹੀ ਰੱਦ ਹੋ ਚੁੱਕੀਆਂ ਸਨ, ਉਨ੍ਹਾਂ ਤੋਂ ਵੀ ਪੈਸੇ ਲੈਣ ਦੇ ਦੋਸ਼ ਹਨ। ਇਸ ਤੋਂ ਇਲਾਵਾ ਫਰਜ਼ੀ ਲੋਨ ਲੈਟਰ, ਬੈਂਕ ਸਟੇਟਮੈਂਟ ਅਤੇ ਜਾਅਲੀ ਮੋਹਰਾਂ ਤਿਆਰ ਕਰਨ ਦੇ ਵੀ ਦੋਸ਼ ਸਾਹਮਣੇ ਆਏ ਹਨ। ਕੁਝ ਫਰਜ਼ੀ ਕੰਪਨੀਆਂ ਨਾਲ ਸਾਂਝੇਦਾਰੀ ਕਰਨ ਸਬੰਧੀ ਵੀ ਗੱਲ ਸਾਹਮਣੇ ਆਈ ਹੈ। ਬੱਸ ਸਟੈਂਡ ਪੁਲਿਸ ਚੌਕੀ ਦੇ ਇੰਚਾਰਜ ਲਖਬੀਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਫਿਲਹਾਲ ਕਿਸੇ ਵੱਲੋਂ ਲਿਖਤੀ ਸ਼ਿਕਾਇਤ ਦਰਜ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਸ ਦੀ ਜਾਂਚ ਕਰਕੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Leave a Reply