ਗੈਂਗਸਟਰ ਲਖਵੀਰ ਸਿੰਘ ਲੰਡਾ ਤੇ ਗੁਰਦੇਵ ਸਿੰਘ ਜੈਸਲ ਦੇ ਦੋ ਗੁਰਗੇ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ

ਗੈਂਗਸਟਰ ਲਖਵੀਰ ਸਿੰਘ ਲੰਡਾ ਤੇ ਗੁਰਦੇਵ ਸਿੰਘ ਜੈਸਲ ਦੇ ਦੋ ਗੁਰਗੇ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ

ਐੱਸਏਐੱਸ ਨਗਰ : ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਲੁੱਟ-ਖੋਹ ਅਤੇ ਫਿਰੌਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਲਖਵੀਰ ਸਿੰਘ ਲੰਡਾ ਅਤੇ ਗੁਰਦੇਵ ਸਿੰਘ ਜੈਸਲ ਦੇ ਦੋ ਗੈਂਗਸਟਰਾਂ ਨੂੰ ਮੋਹਾਲੀ ਪੁਲਿਸ ਨੇ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਮੁਹਿੰਮ ਦੀ ਅਗਵਾਈ ਮੋਹਾਲੀ ਦੇ ਸੀਨੀਅਰ ਪੁਲਿਸ ਕਪਤਾਨ ਦੀਪਕ ਪਾਰਿਕ ਨੇ ਡੀ.ਆਈ.ਜੀ. ਰੋਪੜ ਹਰਚਰਨ ਸਿੰਘ ਭੁੱਲਰ ਦੇ ਨਿਰਦੇਸ਼ਾਂ ਅਨੁਸਾਰ ਕੀਤੀ ਗਈ॥ ਦੋਹਾਂ ਦੋਸ਼ੀਆਂ ਦੇ ਨਾਮ ਅਵਤਾਰ ਸਿੰਘ ਉਰਫ਼ ਵਿਕੀ, ਉਮਰ 21 ਸਾਲ ਅਤੇ ਅਮਰਵੀਰ ਸਿੰਘ ਉਮਰ 20 ਸਾਲ ਹੈ। ਇਨ੍ਹਾਂ ਮੁਲਜ਼ਮਾਂ ਨੇ 8 ਜਨਵਰੀ 2025 ਨੂੰ ਪਟਿਆਲਾ ਤੋਂ ਚੰਡੀਗੜ੍ਹ ਜਾ ਰਹੇ ਇਕ ਨਾਗਰਿਕ 'ਤੇ ਨਜਾਇਜ਼ ਹਥਿਆਰਾਂ ਨਾਲ ਗੋਲਾਬਾਰੀ ਕੀਤੀ ਤੇ ਉਸ ਦੀ ਕਾਰ ਖੋਹ ਲਈ ਸੀ। ਇਨ੍ਹਾਂ ਦੋਹਾਂ ਮੁਲਜ਼ਮਾਂ ਤੋਂ 03 ਪਿਸਤੌਲ .32 ਬੋਰ ਸਮੇਤ 9 ਜਿੰਦਾ ਕਾਰਤੂਸ, ਇਕ ਦੇਸੀ ਪਿਸਤੌਲ .315 ਬੋਰ ਸਮੇਤ 2 ਕਾਰਤੂਸ ਅਤੇ ਚੋਰੀ ਕੀਤੀ ਬਰੀਜ਼ਾ ਕਾਰ ਨੰਬਰ ਪੀ ਬੀ 91-ਜੀ-4016 ਬਰਾਮਦ ਕੀਤੀ ਗਈ ਹੈ । ਪੁਲਿਸ ਗ੍ਰਿਫ਼ਤਾਰ ਦੋਸ਼ੀਆਂ ਤੋਂ ਹੋਰ ਗੈਂਗਸਟਰਾਂ ਦੇ ਨੈੱਟਵਰਕ ਦੇ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੀ ਹੈ। ਇਸ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਹ ਵਿਦੇਸ਼ੀ ਗੈਂਗਸਟਰਾਂ ਲਖਵੀਰ ਸਿੰਘ ਲੰਡਾ ਤੇ ਗੁਰਦੇਵ ਸਿੰਘ ਜੈਸਲ ਨਾਲ ਜੁੜੇ ਹੋਏ ਹਨ। ਪੁਲਿਸ ਵੱਲੋਂ ਇਸ ਗੈਂਗ ਦੇ ਹੋਰ ਮੈਂਬਰਾਂ ਦੀ ਗ੍ਰਿਫ਼ਤਾਰੀ ਲਈ ਅਭਿਆਨ ਚੱਲ ਰਹੇ ਹਨ। ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਪੰਜਾਬ ਵਿਚ ਲੁੱਟ-ਖੋਹ ਅਤੇ ਫਿਰੌਤੀ ਦੀਆਂ ਵਾਰਦਾਤਾਂ ਵਿਚ ਕਮੀ ਦੀ ਉਮੀਦ ਹੈ।