Daily Suraj

ਪੰਜਾਬੀ

‘ਮੈਂ ਛਾਲ ਮਾਰਨ ਜਾ ਰਿਹਾ ਹਾਂ’: ਆਈਫੋਨ ਦੀ EMI ਨੂੰ ਲੈ ਕੇ ਪਰਿਵਾਰ ’ਚ ਵਿਵਾਦ, ਪੁੱਤਰ ਸਮੇਤ ਮਾਪਿਆਂ ਦੀ ਮੌਤ

22 Aug, 2026 12:38 PM

ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਜ਼ਿਲ੍ਹੇ ਵਿੱਚ ਆਈਫੋਨ ਦੀਆਂ ਕਿਸ਼ਤਾਂ ਨੂੰ ਲੈ ਕੇ ਹੋਏ ਪਰਿਵਾਰਕ ਵਿਵਾਦ ਨੇ ਬੇਹੱਦ ਦੁਖਦਾਈ ਰੂਪ ਧਾਰ ਲਿਆ। ਪੁਲੀਸ ਮੁਤਾਬਕ 18 ਸਾਲਾ ਕੁਨਾਲ ਆਈਫੋਨ ਖਰੀਦਣ ਤੋਂ ਬਾਅਦ ਉਸ ਦੀਆਂ EMI ਭਰਨ ਵਿੱਚ ਅਸਮਰੱਥ ਸੀ ਅਤੇ ਇਸ ਲਈ ਪਰਿਵਾਰ ਤੋਂ ਪੈਸੇ ਮੰਗ ਰਿਹਾ ਸੀ। ਇਸੇ ਮਾਮਲੇ ਨੂੰ ਲੈ ਕੇ ਪਿਤਾ ਨਾਲ ਹੋਈ ਬਹਿਸ ਤੋਂ ਬਾਅਦ ਉਹ ਘਰ ਛੱਡ ਕੇ ਪਹਾੜੀ ’ਤੇ ਚੜ੍ਹ ਗਿਆ। ਘਟਨਾ ਦੌਰਾਨ ਕੁਨਾਲ ਵਾਰ-ਵਾਰ ਆਪਣੇ ਮਾਪਿਆਂ ਨੂੰ ਕਹਿ ਰਿਹਾ ਸੀ ਕਿ ਉਹ ਪਹਾੜੀ ਤੋਂ ਛਾਲ ਮਾਰ ਦੇਵੇਗਾ। ਉਸ ਨੂੰ ਸੁਰੱਖਿਅਤ ਥਾਂ ’ਤੇ ਵਾਪਸ ਲਿਆਉਣ ਲਈ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਲਗਭਗ ਤਿੰਨ ਘੰਟਿਆਂ ਤੱਕ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੀ ਗੱਲ ’ਤੇ ਅੜਿਆ ਰਿਹਾ। ਵਾਇਰਲ ਹੋਈ ਵੀਡੀਓ ਵਿੱਚ ਇੱਕ ਵਿਅਕਤੀ ਕੁਨਾਲ ਨੂੰ ਆਪਣੀ ਮਾਂ ਲਈ ਜ਼ਿੰਦਗੀ ਜਿਊਣ ਦੀ ਅਪੀਲ ਕਰਦਾ ਦਿਖਾਈ ਦਿੰਦਾ ਹੈ। ਇਸ ’ਤੇ ਕੁਨਾਲ ਨੇ ਕਿਹਾ ਕਿ ਉਸ ਨੂੰ ਮਰਨਾ ਹੀ ਪਵੇਗਾ ਅਤੇ ਇਹੀ ਉਸ ਕੋਲ ਬਚਿਆ ਇੱਕੋ ਰਸਤਾ ਹੈ। ਪਿਤਾ ਨੇ ਬਚਾਉਣ ਦੀ ਕੋਸ਼ਿਸ਼ ਕੀਤੀ, ਦੋਵੇਂ ਹੇਠਾਂ ਡਿੱਗੇ ਘਟਨਾ ਦੌਰਾਨ ਕੁਨਾਲ ਦੇ ਪਿਤਾ ਮੁਰਲੀਧਰ ਚੰਦਗੁਡੇ ਨੇ ਉਸ ਨੂੰ ਸਮਝਾਉਣ ਅਤੇ ਪਿੱਛੇ ਖਿੱਚਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਵੇਂ ਪਹਾੜੀ ਤੋਂ ਹੇਠਾਂ ਡਿੱਗ ਗਏ। ਇਸ ਤੋਂ ਕੁਝ ਪਲ ਬਾਅਦ ਕੁਨਾਲ ਦੀ ਮਾਂ ਸੰਗੀਤਾ ਨੇ ਵੀ ਪਹਾੜੀ ਤੋਂ ਛਾਲ ਮਾਰ ਦਿੱਤੀ। ਇਸ ਤਰ੍ਹਾਂ ਪਰਿਵਾਰ ਦੇ ਤਿੰਨੋਂ ਮੈਂਬਰਾਂ ਦੀ ਮੌਤ ਹੋ ਗਈ। ਇਹ ਘਟਨਾ ਛਤਰਪਤੀ ਸੰਭਾਜੀਨਗਰ ਜ਼ਿਲ੍ਹੇ ਦੇ ਤਿਸਗਾਉਂ ਖੇਤਰ ਦੀ ਖਵਡਾ ਪਹਾੜੀ ’ਤੇ ਵਾਪਰੀ। ਘਟਨਾ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਵਾਇਰਲ ਹੋ ਰਹੀ ਹੈ। ਸਥਾਨਕ ਲੋਕਾਂ ਨੇ ਵੀ ਕੀਤੀ ਸਮਝਾਉਣ ਦੀ ਕੋਸ਼ਿਸ਼ ਤਿਸਗਾਉਂ ਪਿੰਡ ਦੇ ਸਾਬਕਾ ਸਰਪੰਚ ਸੰਜੇ ਜਾਧਵ ਵੀ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਕੁਨਾਲ ਨੂੰ ਪਹਾੜੀ ਤੋਂ ਹੇਠਾਂ ਆਉਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਅਤੇ ਹੋਰ ਲੋਕਾਂ ਨੇ ਉਸ ਨੂੰ ਆਈਫੋਨ 15 ਪ੍ਰੋ ਲੈ ਕੇ ਦੇਣ ਦੀ ਗੱਲ ਵੀ ਕਹੀ। ਸੰਜੇ ਜਾਧਵ ਮੁਤਾਬਕ ਲੋਕਾਂ ਨੇ ਕੁਨਾਲ ਨੂੰ ਉਸ ਦੀ ਮਾਂ ਵੱਲ ਦੇਖਣ ਅਤੇ ਆਪਣੀ ਜ਼ਿੰਦਗੀ ਬਰਬਾਦ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੁਨਾਲ ਪੜ੍ਹਿਆ-ਲਿਖਿਆ ਸੀ ਅਤੇ ਉਸ ਦਾ ਭਵਿੱਖ ਅਜੇ ਸਾਹਮਣੇ ਸੀ। ਲੋਕਾਂ ਨੇ ਉਸ ਨੂੰ ਬਚਾਉਣ ਲਈ ਹਰ ਸੰਭਵ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਪੁਲੀਸ ਜਾਂਚ ਵਿੱਚ ਸਾਹਮਣੇ ਆਈ ਇਹ ਗੱਲ ਪੁਲੀਸ ਅਧਿਕਾਰੀਆਂ ਅਨੁਸਾਰ ਕੁਨਾਲ ਨੇ ਇੱਕ ਆਈਫੋਨ ਖਰੀਦਿਆ ਸੀ ਅਤੇ ਉਸ ਦੀ EMI ਅਦਾ ਕਰਨ ਲਈ ਆਪਣੇ ਪਰਿਵਾਰ ਤੋਂ ਪੈਸੇ ਮੰਗ ਰਿਹਾ ਸੀ। ਇਸੇ ਮੁੱਦੇ ’ਤੇ ਤਾਜ਼ਾ ਕਿਸ਼ਤ ਨੂੰ ਲੈ ਕੇ ਉਸ ਦੀ ਆਪਣੇ ਪਿਤਾ ਨਾਲ ਬਹਿਸ ਹੋ ਗਈ। ਇਸ ਤੋਂ ਬਾਅਦ ਗੁੱਸੇ ਵਿੱਚ ਕੁਨਾਲ ਘਰੋਂ ਨਿਕਲ ਗਿਆ ਅਤੇ ਵਾਲੁਜ ਐੱਮਆਈਡੀਸੀ ਪੁਲੀਸ ਥਾਣੇ ਦੀ ਹੱਦ ਅਧੀਨ ਤਿਸਗਾਉਂ ਖੇਤਰ ਦੀ ਪਹਾੜੀ ’ਤੇ ਸਵੇਰੇ ਕਰੀਬ 10 ਵਜੇ ਪਹੁੰਚ ਗਿਆ। ਉਸ ਦੇ ਮਾਪੇ ਵੀ ਉਸ ਦੇ ਪਿੱਛੇ ਪਹਾੜੀ ’ਤੇ ਪਹੁੰਚੇ। ਸਥਾਨਕ ਲੋਕਾਂ ਦੇ ਨਾਲ ਮਿਲ ਕੇ ਉਨ੍ਹਾਂ ਨੇ ਲਗਭਗ ਤਿੰਨ ਘੰਟਿਆਂ ਤੱਕ ਕੁਨਾਲ ਨੂੰ ਹੇਠਾਂ ਆਉਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਜੇ ਪੁਲੀਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਵੀ ਮੌਕੇ ’ਤੇ ਮੌਜੂਦ ਸਨ ਤਾਂ ਸੁਰੱਖਿਆ ਜਾਲ ਕਿਉਂ ਨਹੀਂ ਲਗਾਇਆ ਜਾ ਸਕਿਆ। ਮਾਮਲੇ ਦੀ ਜਾਂਚ ਜਾਰੀ ਹੈ।

Posted By: Daily Suraj Bureau

Latest News