Daily Suraj

ਪੰਜਾਬੀ

ਪੰਜਾਬ 'ਚ ਗ਼ੈਰ-ਕਾਨੂੰਨੀ ਖਣਨ 'ਤੇ ਈਡੀ ਸਖ਼ਤ: ਡੀਜੀਪੀ ਨੂੰ ਪੱਤਰ ਲਿਖ ਕੇ ਖਣਨ ਤੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫ਼ਾਰਸ਼

21 Nov, 2026 10:03 AM

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕੌਮਾਂਤਰੀ ਸਰਹੱਦ ਦੇ ਨਜ਼ਦੀਕ ਰਾਵੀ ਦਰਿਆ ਦੇ ਖੇਤਰ ਵਿੱਚ ਹੋਏ ਵੱਡੇ ਪੱਧਰ ਦੇ ਗ਼ੈਰ-ਕਾਨੂੰਨੀ ਖਣਨ ਦੇ ਮਾਮਲੇ ਵਿੱਚ ਸਖ਼ਤ ਰੁਖ਼ ਅਪਣਾਉਂਦਿਆਂ ਖਣਨ ਵਿਭਾਗ ਦੇ ਅਧਿਕਾਰੀਆਂ ਅਤੇ ਪਠਾਨਕੋਟ ਦੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕਰਨ ਲਈ ਕਿਹਾ ਹੈ। ਈਡੀ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐੱਮਐੱਲਏ) ਦੀ ਧਾਰਾ 66 (2) ਤਹਿਤ ਪੰਜਾਬ ਦੇ ਡੀਜੀਪੀ ਨੂੰ ਕਰੀਬ 31 ਪੰਨਿਆਂ ਦਾ ਪੱਤਰ ਭੇਜ ਕੇ ਸਟੋਨ ਕਰੱਸ਼ਰ ਸੰਚਾਲਕਾਂ, ਖਣਨ ਵਿਭਾਗ ਦੇ ਅਧਿਕਾਰੀਆਂ ਅਤੇ ਪੁਲੀਸ ਮੁਲਾਜ਼ਮਾਂ ਦੀ ਆਪਸੀ ਕਥਿਤ ਮਿਲੀਭੁਗਤ ਵੱਲ ਇਸ਼ਾਰਾ ਕੀਤਾ ਹੈ। ਈਡੀ ਵੱਲੋਂ ਭੇਜੇ ਗਏ ਪੱਤਰ ਮੁਤਾਬਕ ਰਾਵੀ ਦਰਿਆ ਖੇਤਰ ਵਿੱਚ ਕੀਤੇ ਗਏ ਇਸ ਨਾਜਾਇਜ਼ ਖਣਨ ਦੀ ਅਨੁਮਾਨਿਤ ਕੀਮਤ ਲਗਭਗ 367.5 ਕਰੋੜ ਰੁਪਏ ਬਣਦੀ ਹੈ। ਜਾਂਚ ਏਜੰਸੀ ਨੇ ਇਹ ਅਨੁਮਾਨ ਜਾਂਚ ਦੌਰਾਨ ਦਰਜ ਕੀਤੇ ਗਏ ਬਿਆਨਾਂ, ਡਿਜੀਟਲ ਸਬੂਤਾਂ, ਖੁਦਾਈ ਕਰਨ ਵਾਲੀਆਂ ਮਸ਼ੀਨਾਂ (ਐਕਸਕੇਵੇਟਰਾਂ) ਦੇ ਜੀਪੀਐੱਸ ਰਿਕਾਰਡਾਂ ਅਤੇ ਆਈਆਈਟੀ ਰੋਪੜ ਵੱਲੋਂ ਕੀਤੇ ਗਏ ਵਿਗਿਆਨਕ ਡਰੋਨ ਤੇ ਬੈਥੀਮੈਟਰਿਕ ਸਰਵੇਖਣ ਦੇ ਆਧਾਰ 'ਤੇ ਲਗਾਇਆ ਹੈ। ਜਾਂਚ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਲਗਭਗ 18.28 ਲੱਖ ਵਰਗ ਮੀਟਰ ਦੇ ਖੇਤਰ ਵਿੱਚ ਫੈਲੀਆਂ ਸੱਤ ਵੱਖ-ਵੱਖ ਥਾਵਾਂ 'ਤੇ ਮੌਜੂਦ 27 ਟੋਇਆਂ ਵਿੱਚੋਂ 47.30 ਲੱਖ ਘਣ ਮੀਟਰ ਖਣਨ ਸਮੱਗਰੀ ਕੱਢੀ ਗਈ ਹੈ। ਬਾਜ਼ਾਰ ਵਿੱਚ 22 ਰੁਪਏ ਪ੍ਰਤੀ ਘਣ ਫੁੱਟ ਦੀ ਦਰ ਦੇ ਹਿਸਾਬ ਨਾਲ ਇਸ ਕੱਢੀ ਗਈ ਸਮੱਗਰੀ ਦੀ ਕੁੱਲ ਕੀਮਤ ਕਰੀਬ 367.5 ਕਰੋੜ ਰੁਪਏ ਆਂਕੀ ਗਈ ਹੈ। ਪੱਤਰ ਅਨੁਸਾਰ ਸਭ ਤੋਂ ਵੱਧ 30.50 ਲੱਖ ਘਣ ਮੀਟਰ ਖੁਦਾਈ ਗੁਗਰਾਨ ਪਿੰਡ ਦੇ ਨੇੜੇ ਹੋਈ ਹੈ। ਈਡੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਅਨੁਮਾਨ ਸਿਰਫ਼ ਉਨ੍ਹਾਂ ਸੱਤ ਥਾਵਾਂ ਤੱਕ ਹੀ ਸੀਮਤ ਹੈ ਜਿਨ੍ਹਾਂ ਦੀ ਜਾਂਚ ਦੌਰਾਨ ਸ਼ਨਾਖਤ ਹੋ ਸਕੀ ਹੈ, ਜਦੋਂਕਿ ਪਠਾਨਕੋਟ ਜ਼ਿਲ੍ਹੇ ਵਿੱਚ ਗ਼ੈਰ-ਕਾਨੂੰਨੀ ਖੁਦਾਈ ਦਾ ਅਸਲ ਦਾਇਰਾ ਇਸ ਤੋਂ ਕਿਤੇ ਜ਼ਿਆਦਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਈਡੀ ਦੀ ਇਹ ਕਾਰਵਾਈ ਸਾਲ 2023 ਦੇ ਵਿਜੀਲੈਂਸ ਬਿਊਰੋ ਦੇ ਉਸ ਮਾਮਲੇ ਦੀ ਜਾਂਚ ਦਾ ਹੀ ਅਗਲਾ ਹਿੱਸਾ ਹੈ, ਜਿਸ ਵਿੱਚ ਭੱਟੀਆਂ ਅਤੇ ਗੋਲ ਪਿੰਡਾਂ ਦੀ 734 ਕਨਾਲ ਅਤੇ ਇੱਕ ਮਰਲਾ (ਕਰੀਬ 92 ਏਕੜ) ਪਿੰਡ ਦੀ ਸਾਂਝੀ ਜ਼ਮੀਨ ਨੂੰ ਕਥਿਤ ਤੌਰ 'ਤੇ ਧੋਖਾਧੜੀ ਨਾਲ ਨਿੱਜੀ ਵਿਅਕਤੀਆਂ ਦੇ ਨਾਮ ਤਬਦੀਲ ਕੀਤਾ ਗਿਆ ਸੀ। ਇਸ ਜ਼ਮੀਨ ਦੇ ਤਬਾਦਲੇ ਵਿੱਚ ਕਥਿਤ ਤੌਰ 'ਤੇ ਤਤਕਾਲੀ ਡੀਡੀਪੀਓ/ਏਡੀਸੀ ਕੁਲਦੀਪ ਸਿੰਘ ਵੱਲੋਂ ਮਦਦ ਕੀਤੀ ਗਈ ਸੀ, ਜਿਨ੍ਹਾਂ 'ਤੇ ਫਰਵਰੀ 2023 ਵਿੱਚ ਆਪਣੀ ਸੇਵਾਮੁਕਤੀ ਤੋਂ ਕੁਝ ਸਮਾਂ ਪਹਿਲਾਂ ਇਸ ਸਬੰਧੀ ਹੁਕਮ ਜਾਰੀ ਕਰਨ ਦਾ ਦੋਸ਼ ਹੈ। ਈਡੀ ਨੇ ਕੁਲਦੀਪ ਸਿੰਘ ਨੂੰ 11 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚ ਦੌਰਾਨ ਫ਼ੋਨ ਵਿੱਚੋਂ ਬਰਾਮਦ ਹੋਈ ਵਟਸਐਪ ਗੱਲਬਾਤ ਵਿੱਚ ਕਥਿਤ ਤੌਰ 'ਤੇ ਖਣਨ ਅਧਿਕਾਰੀਆਂ ਨਾਲ ਨਿਯਮਤ ਲੈਣ-ਦੇਣ ਦੇ ਸਬੂਤ ਮਿਲੇ ਹਨ। ਇਨ੍ਹਾਂ ਵਿੱਚ ਗਗਨ ਨਾਮਕ ਵਿਅਕਤੀ, ਸਬ-ਡਿਵੀਜ਼ਨਲ ਖਣਨ ਅਧਿਕਾਰੀ ਪੰਕਜ ਬਾਲੀ, ਜੂਨੀਅਰ ਇੰਜਨੀਅਰ ਸੁਨੀਲ ਕੁਮਾਰ ਅਤੇ ਐੱਸਐੱਚਓ ਸ਼ੋਹਰਤ ਮਾਨ ਸ਼ਾਮਲ ਹਨ। ਈਡੀ ਨੇ ਸਿਫ਼ਾਰਸ਼ ਕੀਤੀ ਹੈ ਕਿ ਸਮਰੱਥ ਅਧਿਕਾਰੀ ਇਨ੍ਹਾਂ ਕਥਿਤ ਅਪਰਾਧਾਂ ਦੀ ਡੂੰਘਾਈ ਨਾਲ ਜਾਂਚ ਕਰ ਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ।

Latest News