Daily Suraj

ਪੰਜਾਬੀ

ਭਾਰਤ ਦੀ 7 ਫੀਸਦੀ ਜੀ.ਡੀ.ਪੀ. ਵਿਕਾਸ ਦਰ ਦੇ ਕਾਇਲ ਹੋਏ ਟਰੰਪ, ਅਮਰੀਕੀ ਫੈਡਰਲ ਰਿਜ਼ਰਵ 'ਤੇ 'ਸਿਆਸੀ' ਹੋਣ ਦਾ ਲਾਇਆ ਦੋਸ਼

21 Nov, 2026 09:22 AM

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਦੀ 7 ਫੀਸਦੀ ਜੀ.ਡੀ.ਪੀ. (GDP) ਵਿਕਾਸ ਦਰ ਅਤੇ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵੱਲੋਂ ਰੱਖੀਆਂ ਗਈਆਂ ਘੱਟ ਵਿਆਜ ਦਰਾਂ ਦੀ ਸ਼ਲਾਘਾ ਕਰਦਿਆਂ ਅਮਰੀਕੀ ਕੇਂਦਰੀ ਬੈਂਕ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਨੂੰ ਕਰਜ਼ੇ ਦੀ ਲਾਗਤ ਉੱਚੀ ਰੱਖਣ ਲਈ ਯੂ.ਐਸ. ਫੈਡਰਲ ਰਿਜ਼ਰਵ ਦੀ ਆਲੋਚਨਾ ਕਰਦਿਆਂ ਟਰੰਪ ਨੇ ਦਲੀਲ ਦਿੱਤੀ ਕਿ ਜੇਕਰ ਅਮਰੀਕਾ ਵਿੱਚ ਵਿਆਜ ਦਰਾਂ ਘਟਾਈਆਂ ਜਾਣ, ਤਾਂ ਅਮਰੀਕੀ ਅਰਥਵਿਵਸਥਾ 15 ਤੋਂ 20 ਫੀਸਦੀ ਤੱਕ ਦਾ ਵਿਕਾਸ ਹਾਸਲ ਕਰ ਸਕਦੀ ਹੈ। ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਫੈਡਰਲ ਰਿਜ਼ਰਵ 'ਤੇ "ਬਹੁਤ ਜ਼ਿਆਦਾ ਸਿਆਸੀ" ਹੋਣ ਦਾ ਇਲਜ਼ਾਮ ਲਗਾਇਆ। ਉਨ੍ਹਾਂ ਕਿਹਾ ਕਿ ਜਦੋਂ ਵੀ ਅਮਰੀਕਾ ਮਜ਼ਬੂਤ ਆਰਥਿਕ ਅੰਕੜੇ ਪੇਸ਼ ਕਰਦਾ ਹੈ, ਤਾਂ ਕੇਂਦਰੀ ਬੈਂਕ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਵਿਆਜ ਦਰਾਂ ਘਟਾਉਣ ਦੀ ਬਜਾਏ ਉਨ੍ਹਾਂ ਨੂੰ ਵਧਾ ਦਿੰਦਾ ਹੈ। ਟਰੰਪ ਨੇ ਸਪੱਸ਼ਟ ਕੀਤਾ ਕਿ ਉਹ ਫੈੱਡ ਦੇ ਚੇਅਰਮੈਨ ਨੂੰ ਦੋਸ਼ ਨਹੀਂ ਦੇ ਰਹੇ, ਪਰ ਸੱਚਾਈ ਇਹ ਹੈ ਕਿ ਫੈੱਡ ਬਹੁਤ ਜ਼ਿਆਦਾ ਸਿਆਸੀ ਹੋ ਗਿਆ ਹੈ ਅਤੇ ਚੰਗੇ ਆਰਥਿਕ ਅੰਕੜਿਆਂ ਦੇ ਬਾਵਜੂਦ ਦਰਾਂ ਵਧਾ ਕੇ ਇਸ ਦੇ ਉਲਟ ਕੰਮ ਕਰ ਰਿਹਾ ਹੈ।ਭਾਰਤੀ ਅਰਥਵਿਵਸਥਾ ਨਾਲ ਤੁਲਨਾ ਕਰਦਿਆਂ ਟਰੰਪ ਨੇ ਭਾਰਤ ਦੀਆਂ ਘੱਟ ਵਿਆਜ ਦਰਾਂ ਅਤੇ 7 ਫੀਸਦੀ ਜੀ.ਡੀ.ਪੀ. ਵਿਕਾਸ ਦਾ ਹਵਾਲਾ ਦਿੱਤਾ। ਉਨ੍ਹਾਂ ਸੁਝਾਅ ਦਿੱਤਾ ਕਿ ਜੇਕਰ ਅਮਰੀਕਾ ਵੀ ਇਸੇ ਤਰ੍ਹਾਂ ਦੀ ਪਹੁੰਚ ਅਪਣਾਉਂਦਾ ਹੈ ਤਾਂ ਉਹ ਕਿਤੇ ਜ਼ਿਆਦਾ ਆਰਥਿਕ ਤਰੱਕੀ ਕਰ ਸਕਦਾ ਹੈ। ਟਰੰਪ ਨੇ ਕਿਹਾ, "ਜੇ ਤੁਸੀਂ ਭਾਰਤ ਵੱਲ ਦੇਖੋ, ਤਾਂ ਉੱਥੇ ਵਿਆਜ ਦਰਾਂ ਘੱਟ ਹਨ ਅਤੇ ਜੀ.ਡੀ.ਪੀ. 7 ਫੀਸਦੀ ਹੈ। ਸਾਡੇ ਕੋਲ 14%, 15% ਅਤੇ ਸ਼ਾਇਦ 20% ਜੀ.ਡੀ.ਪੀ. ਵੀ ਹੋ ਸਕਦੀ ਹੈ। ਇਹ ਬਹੁਤ ਦੁਖਦਾਈ ਹੈ ਕਿ ਜਦੋਂ ਤੁਸੀਂ ਇੰਨਾ ਵਧੀਆ ਪ੍ਰਦਰਸ਼ਨ ਕਰਦੇ ਹੋ ਤਾਂ ਫੈੱਡ ਵਿਆਜ ਦਰ ਵਧਾ ਦਿੰਦਾ ਹੈ, ਹਾਲਾਂਕਿ ਅਸੀਂ ਇਸ ਰੁਕਾਵਟ ਤੋਂ ਪਾਰ ਲੰਘ ਚੁੱਕੇ ਹਾਂ।" ਇਸ ਤੋਂ ਇਲਾਵਾ ਟਰੰਪ ਨੇ ਵਿਸ਼ਵ ਅਰਥਵਿਵਸਥਾ ਵਿੱਚ ਅਮਰੀਕਾ ਦੀ ਮਜ਼ਬੂਤ ਸਥਿਤੀ ਅਤੇ ਦੂਜੇ ਦੇਸ਼ਾਂ ਦੀ ਆਰਥਿਕ ਸਫਲਤਾ ਵਿੱਚ ਇਸ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਮਰੀਕਾ ਵਿੱਚ ਸਭ ਤੋਂ ਘੱਟ ਵਿਆਜ ਦਰਾਂ ਹੋਣੀਆਂ ਚਾਹੀਦੀਆਂ ਹਨ। ਜ਼ਿਕਰਯੋਗ ਹੈ ਕਿ ਟਰੰਪ ਦੀਆਂ ਇਹ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਅਮਰੀਕਾ ਵਿੱਚ ਮਹਿੰਗਾਈ ਫੈਡਰਲ ਰਿਜ਼ਰਵ ਦੇ 2 ਫੀਸਦੀ ਦੇ ਟੀਚੇ ਤੋਂ ਕਾਫ਼ੀ ਉੱਪਰ ਬਣੀ ਹੋਈ ਹੈ। ਉਨ੍ਹਾਂ ਦੇ ਭਾਸ਼ਣ ਵਿੱਚ ਦਿੱਤੇ ਗਏ ਅੰਕੜਿਆਂ ਅਨੁਸਾਰ, ਸਤੰਬਰ ਮਹੀਨੇ ਵਿੱਚ ਸਾਲਾਨਾ ਨਿੱਜੀ ਖਪਤ ਖਰਚ (PCE) ਮਹਿੰਗਾਈ ਦਰ 3.6 ਫੀਸਦੀ ਦਰਜ ਕੀਤੀ ਗਈ ਸੀ, ਜਦੋਂਕਿ ਭੋਜਨ ਅਤੇ ਊਰਜਾ ਦੀਆਂ ਕੀਮਤਾਂ ਨੂੰ ਛੱਡ ਕੇ ਕੋਰ ਪੀ.ਸੀ.ਈ. (PCE) ਮਹਿੰਗਾਈ ਦਰ 3.1 ਫੀਸਦੀ ਰਹੀ।

Latest News