Daily Suraj

ਪੰਜਾਬੀ

ਡੱਬਵਾਲੀ 'ਚ ਕਿਸਾਨ ਆਗੂ ਤੇ ਹਰਿਆਣਾ ਦੇ ਚੇਅਰਮੈਨ ਵਿਚਾਲੇ ਤਿੱਖੀ ਬਹਿਸ, ਕਿਸਾਨ ਜਥੇਬੰਦੀਆਂ ਦੀਆਂ ਵੋਟਾਂ 'ਤੇ ਕੀਤੀ ਟਿੱਪਣੀ ਨਾਲ ਭਖਿਆ ਵਿਵਾਦ

21 Nov, 2026 11:07 AM

ਪੰਜਾਬ ਵਿੱਚ ਆਪਣਾ ਸਿਆਸੀ ਆਧਾਰ ਮਜ਼ਬੂਤ ਕਰਨ ਲਈ ਯਤਨਸ਼ੀਲ ਭਾਰਤੀ ਜਨਤਾ ਪਾਰਟੀ (ਭਾਜਪਾ) ਲਈ ਹਰਿਆਣਾ ਸਰਕਾਰ ਦੇ ਇੱਕ ਚੇਅਰਮੈਨ ਵੱਲੋਂ ਕਿਸਾਨਾਂ ਖ਼ਿਲਾਫ਼ ਕੀਤੀਆਂ ਗਈਆਂ ਤਿੱਖੀਆਂ ਟਿੱਪਣੀਆਂ ਨਵੀਂ ਮੁਸੀਬਤ ਖੜ੍ਹੀ ਕਰ ਸਕਦੀਆਂ ਹਨ। ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ ਅਤੇ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਦੇ ਡਾਇਰੈਕਟਰ ਦੇਵ ਕੁਮਾਰ ਸ਼ਰਮਾ ਵੱਲੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੂੰ ਚੋਣਾਂ ਵਿੱਚ ਮਿਲੀਆਂ ਵੋਟਾਂ ਬਾਰੇ ਕੀਤੀ ਗਈ ਟਿੱਪਣੀ ਨੇ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ। ਇਹ ਪੂਰਾ ਮਾਮਲਾ ਡੱਬਵਾਲੀ ਹਲਕੇ ਦੇ ਪਿੰਡ ਹੈਬੂਆਣਾ ਦਾ ਹੈ, ਜਿੱਥੇ ਦੇਵ ਕੁਮਾਰ ਸ਼ਰਮਾ ਅਤੇ ਕਿਸਾਨ ਆਗੂ ਖੁਸ਼ਦੀਪ ਸਿੰਘ ਹੈਬੂਆਣਾ ਵਿਚਾਲੇ ਹੋਈ ਤਿੱਖੀ ਬਹਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਸਾਰੀ ਘਟਨਾ ਕਿਸਾਨ ਆਗੂ ਦੇ ਫੇਸਬੁੱਕ ਪੇਜ ਰਾਹੀਂ ਲਾਈਵ ਹੋਈ। ਦਰਅਸਲ, ਚੇਅਰਮੈਨ ਦੇਵ ਕੁਮਾਰ ਸ਼ਰਮਾ ਕਾਲਾਂਵਾਲੀ ਵਿਖੇ ਹੋਣ ਵਾਲੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ‘ਯੂਥ ਮੈਰਾਥਨ-2026’ ਦਾ ਸੱਦਾ ਦੇਣ ਲਈ ਪਿੰਡ ਪੁੱਜੇ ਸਨ। ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਜਦੋਂ ਉਹ ਸਰਕਾਰ ਦੀਆਂ ਪ੍ਰਾਪਤੀਆਂ ਗਿਣਾ ਰਹੇ ਸਨ ਅਤੇ ਸਾਰੀਆਂ 24 ਫ਼ਸਲਾਂ 'ਤੇ ਐਮ.ਐਸ.ਪੀ. (MSP) ਮਿਲਣ ਦਾ ਦਾਅਵਾ ਕਰ ਰਹੇ ਸਨ, ਤਾਂ ਉੱਥੇ ਮੌਜੂਦ ਖੁਸ਼ਦੀਪ ਸਿੰਘ ਨੇ ਫੇਸਬੁੱਕ ਲਾਈਵ ਰਾਹੀਂ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨਾਂ ਦੇ ਘਰਾਂ ਵਿੱਚ ਬਾਜਰੇ ਦੀ ਫ਼ਸਲ ਰੁਲ ਰਹੀ ਹੈ ਅਤੇ ਮੰਡੀਆਂ ਵਿੱਚ ਗਵਾਰੇ ਦੀ ਫ਼ਸਲ ਖ਼ਰੀਦਦਾਰਾਂ ਦੀ ਉਡੀਕ ਕਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਗ਼ਰੀਬ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ ਮਿਲਣ ਵਾਲੀ ਸਰਕਾਰੀ ਸਹਾਇਤਾ ਦੀਆਂ ਰੁਕੀਆਂ ਹੋਈਆਂ ਕਿਸ਼ਤਾਂ ਦਾ ਮੁੱਦਾ ਵੀ ਉਠਾਇਆ। ਇਨ੍ਹਾਂ ਸਵਾਲਾਂ ਤੋਂ ਭੜਕੇ ਚੇਅਰਮੈਨ ਨੇ ਗੱਲਬਾਤ ਦੌਰਾਨ ਤਲਖ਼ੀ ਦਿਖਾਉਂਦਿਆਂ ‘ਬਕਵਾਸ’ ਵਰਗੇ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਕਿਸਾਨ ਆਗੂ ਨੂੰ ਚੋਣ ਲੜ ਕੇ ਦੇਖਣ ਦੀ ਚੁਣੌਤੀ ਦੇ ਦਿੱਤੀ। ਬਹਿਸ ਦੌਰਾਨ ਦੇਵ ਕੁਮਾਰ ਸ਼ਰਮਾ ਨੇ ਪੰਜਾਬ ਦੇ ਕਿਸਾਨ ਯੂਨੀਅਨ ਆਗੂਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਚੋਣਾਂ ਵਿੱਚ ਉਨ੍ਹਾਂ ਨੂੰ ਸਿਰਫ਼ ਦੋ-ਦੋ ਹਜ਼ਾਰ ਵੋਟਾਂ ਹੀ ਮਿਲੀਆਂ ਸਨ। ਉਨ੍ਹਾਂ ਹਰਿਆਣਾ ਦੇ ਪ੍ਰਮੁੱਖ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦਾ ਨਾਮ ਲੈਂਦਿਆਂ ਕਿਹਾ ਕਿ ਚੜੂਨੀ ਨੂੰ ਵੀ ਮਸਾਂ ਪੰਜ ਹਜ਼ਾਰ ਵੋਟਾਂ ਮਿਲੀਆਂ ਸਨ। ਵਾਇਰਲ ਵੀਡੀਓ ਵਿੱਚ ਗੁੱਸੇ ਵਿੱਚ ਦਿਖਾਈ ਦੇ ਰਹੇ ਚੇਅਰਮੈਨ ਨੇ ਖੁਸ਼ਦੀਪ ਸਿੰਘ ਨੂੰ ਇਹ ਵੀ ਪੁੱਛਿਆ ਕਿ ਕੀ ਉਹ ਯੂਨੀਅਨ ਦਾ ਠੇਕੇਦਾਰ ਹੈ ਅਤੇ ਖ਼ੁਦ ਨੂੰ ਚੌਧਰੀ ਸਮਝਦਾ ਹੈ। ਗੁੱਸੇ ਵਿੱਚ ਉਨ੍ਹਾਂ ਯੂਨੀਅਨ ਦੇ ਲੋਕਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਫਾਂਸੀ 'ਤੇ ਲਟਕਾਉਣ ਵਰਗੀ ਗੱਲ ਵੀ ਆਖ ਦਿੱਤੀ। ਦੂਜੇ ਪਾਸੇ, ਕਿਸਾਨ ਆਗੂ ਖੁਸ਼ਦੀਪ ਸਿੰਘ ਨੇ ਇਸ 'ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਨਾ ਤਾਂ ਚੋਣ ਲੜਨ ਦੀ ਕੋਈ ਇੱਛਾ ਹੈ ਅਤੇ ਨਾ ਹੀ ਆਗੂ ਬਣਨ ਦੀ, ਸਗੋਂ ਉਹ ਸਿਰਫ਼ ਆਪਣੇ ਪਿੰਡ ਅਤੇ ਇਲਾਕੇ ਦੇ ਕਰੀਬ 15 ਪਿੰਡਾਂ ਵਿੱਚ ਨਹਿਰੀ ਤੇ ਪੀਣ ਵਾਲੇ ਪਾਣੀ ਦੀ ਕਿੱਲਤ ਵਰਗੀਆਂ ਜਾਇਜ਼ ਮੰਗਾਂ ਜ਼ਿੰਮੇਵਾਰ ਅਹੁਦੇ 'ਤੇ ਬੈਠੇ ਵਿਅਕਤੀ ਅੱਗੇ ਰੱਖ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 'ਯੂਥ ਮੈਰਾਥਨ-2026' ਵਿੱਚ ਸਿਰਫ਼ ਭੀੜ ਵਧਾਉਣ ਦੀ ਬਜਾਏ ਮੁੱਖ ਮੰਤਰੀ ਅੱਗੇ ਆਪਣੀਆਂ ਮੁਸ਼ਕਲਾਂ ਵੀ ਰੱਖਣ। ਇੱਕ ਹੋਰ ਲਾਈਵ ਵੀਡੀਓ ਵਿੱਚ ਪਿੰਡ ਵਾਸੀਆਂ ਨੇ ਵੀ ਪਾਣੀ ਦੀ ਸਮੱਸਿਆ ਅਤੇ ਗਲੀਆਂ ਬਣਾਉਣ ਦੀਆਂ ਮੰਗਾਂ ਚੇਅਰਮੈਨ ਅੱਗੇ ਰੱਖੀਆਂ। ਹਾਲਾਂਕਿ, ਮਾਹੌਲ ਗਰਮਾਉਣ ਤੋਂ ਬਾਅਦ ਚੇਅਰਮੈਨ ਦੇਵ ਕੁਮਾਰ ਸ਼ਰਮਾ ਨੇ ਪਰਾਲੀ ਪ੍ਰਬੰਧਨ ਲਈ ਮਿਲਦੀ ਮਦਦ, ਐਮ.ਐਸ.ਪੀ. ਅਤੇ ਕਿਸਾਨ ਸਨਮਾਨ ਨਿਧੀ ਦਾ ਜ਼ਿਕਰ ਕਰਦਿਆਂ ਸਰਕਾਰ ਦੇ ਕੰਮ ਗਿਣਾਏ ਅਤੇ ਭਰੋਸਾ ਦਿੱਤਾ ਕਿ ਮਕਾਨਾਂ ਦੀਆਂ ਬਕਾਇਆ ਕਿਸ਼ਤਾਂ ਦਾ ਮਸਲਾ ਹੱਲ ਕਰਵਾਇਆ ਜਾਵੇਗਾ। ਬਾਅਦ ਵਿੱਚ ਪੂਰੇ ਵਿਵਾਦ 'ਤੇ ਸਫ਼ਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਹਨ; ਕਿਸਾਨ ਆਗੂ ਆਪਣੀ ਗੱਲ ਰੱਖ ਰਹੇ ਸਨ ਅਤੇ ਅਸੀਂ ਆਪਣੀ, ਪਰ ਹੁਣ ਅਸੀਂ ਇਕੱਠੇ ਬੈਠ ਕੇ ਚਾਹ ਪੀ ਰਹੇ ਹਾਂ। ਜ਼ਿਕਰਯੋਗ ਹੈ ਕਿ ਲੰਬੀ ਹਲਕੇ ਦੇ ਸਰਹੱਦੀ ਪਿੰਡ ਕਿਲਿਆਂਵਾਲੀ ਨਾਲ ਸਬੰਧ ਰੱਖਣ ਵਾਲੇ ਅਤੇ ਮੌਜੂਦਾ ਸਮੇਂ ਡੱਬਵਾਲੀ ਵੱਸਦੇ ਦੇਵ ਕੁਮਾਰ ਸ਼ਰਮਾ ਦੇ ਇਨ੍ਹਾਂ ਤਿੱਖੇ ਬੋਲਾਂ ਦਾ ਅਸਰ ਪੰਜਾਬ ਦੀ ਸਿਆਸਤ 'ਤੇ ਵੀ ਪੈ ਸਕਦਾ ਹੈ। ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਿਸਾਨ ਅੰਦੋਲਨ ਕਾਰਨ ਭਾਜਪਾ ਉਮੀਦਵਾਰਾਂ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਅਤੇ ਅਜਿਹੇ ਵਿਵਾਦਿਤ ਬਿਆਨ 2027 ਦੀਆਂ ਚੋਣਾਂ ਵਿੱਚ ਭਾਜਪਾ ਲਈ ਮੁੜ ਜਵਾਬਦੇਹੀ ਅਤੇ ਮੁਸ਼ਕਲਾਂ ਖੜ੍ਹੀਆਂ ਕਰ ਸਕਦੇ ਹਨ।

Latest News