ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਵਜੋਂ ਪ੍ਰੋ. ਕਰਮਜੀਤ ਸਿੰਘ ਦੀ ਪਲੇਠੀ ਸੈਨੇਟ ਮੀਟਿੰਗ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਵਜੋਂ ਪ੍ਰੋ. ਕਰਮਜੀਤ ਸਿੰਘ ਦੀ ਪਲੇਠੀ ਸੈਨੇਟ ਮੀਟਿੰਗ

ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਵ-ਨਿਯੁਕਤ ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਹੈ ਕਿ ਉਚੇਰੀ ਸਿਿਖਆ ਦੀ ਗਲੋਬਲ ਪੱਧਰ 'ਤੇ ਸਾਂਝ ਵਧਾਉਣ ਅਤੇ ਉਚੇਰੀ ਸਿੱਖਿਆ ਨੂੰ ਰੁਜ਼ਗਾਰਮੁਖੀ ਬਣਾ ਕੇ ਹੀ ਅਸੀਂ ਆਪਣੇ ਵਿਿਦਆਰਥੀਆਂ ਨੂੰ ਜਾਂ ਨੌਕਰੀ ਲੈਣ ਜਾਂ ਨੌਕਰੀ ਦੇਣ ਦੇ ਕਾਬਿਲ ਬਣਾ ਸਕਦੇ ਹਾਂ। ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੈਨੇਟ ਦੀ ਪਲੇਠੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਜਿਸ ਦੇ ਵਿਚ ਉਨ੍ਹਾਂ ਨੇ ਜਿਥੇ ਗੁਰੂ ਨਾਨਕ ਦੇਵ ਦੇ ਵਿਜ਼ਨ ਨੂੰ ਆਪਣਾ ਮਿਸ਼ਨ ਦੱਸਿਆ ਉਥੇ ਉਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਆਪਣੇ ਮੁੱਖ ਕੰਮਾਂ ਤੋਂ ਵੀ ਜਾਣੂ ਕਰਵਾਇਆ। ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਜਿਥੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਮੇਤ ਹੋਰ ਵਿਛੜੀਆਂ ਉੱਘੀਆਂ ਸਖਸ਼ੀਅਤਾਂ ਨੂੰ ਇਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਉਥੇ ਸੈਨੇਟ ਹਾਲ ਵਿਚ ਹਾਜ਼ਰ ਸਾਰੇ ਮੈਂਬਰਾਂ ਵੱਲੋਂ ਡਾ. ਕਰਮਜੀਤ ਸਿੰਘ ਦੀ ਨਿਯੁਕਤੀ 'ਤੇ ਮੁਬਾਰਕਾਂ ਵੀ ਦਿੱਤੀਆਂ ਗਈਆਂ ਅਤੇ ਉਨ੍ਹਾਂ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿਵਾਉਂਦਿਆਂ ਇਹ ਵੀ ਕਿਹਾ ਗਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਨ੍ਹਾਂ ਦੀ ਦੂਰ ਦ੍ਰਿਸ਼ਟੀ ਸਦਕਾ ਹੋਰ ਵੀ ਬੁਲੰਦੀਆਂ ਛੂਹੇਗੀ। ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਉਚੇਰੀ ਸਿੱਖਿਆ ਦੇ ਵਿਚ ਯੋਗਦਾਨ, ਵੱਖ-ਵੱਖ ਅਹੁਦਿਆਂ 'ਤੇ ਕੀਤੇ ਕੰਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਆਉਣ ਵਾਲੇ ਸਮੇਂ ਉਨ੍ਹਾਂ ਤੋਂ ਲਾਭ ਲਵੇਗੀ। ਪ੍ਰੋ. ਪਲਵਿੰਦਰ ਸਿੰਘ, ਡੀਨ ਅਕਾਦਮਿਕ ਮਾਮਲੇ, ਅਤੇ ਹਾਜਰ ਮੈਂਬਰਾਂ ਨੇ ਜਿਥੇ ਉਨ੍ਹਾਂ ਦੇ ਵਿਜ਼ਨ ਦੀ ਸ਼ਲਾਘਾ ਕੀਤੀ ਉਥੇ ਉਨ੍ਹਾਂ ਇਸ ਗੱਲ ਦੀ ਪ੍ਰੋੜਤਾ ਵੀ ਕੀਤੀ ਕਿ ਉਨ੍ਹਾਂ ਦੀ ਅਗਵਾਈ ਵਿਚ ਯੂਨੀਵਰਸਿਟੀ ਜੋ ਪਹਿਲਾਂ ਭਾਰਤ ਵਿਚ ਇਕ ਉਚੇਰੀ ਸਿਿਖਆ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾ ਚੱੁਕੀ ਹੈ, ਵਿਸ਼ਵ ਵੱਲ ਆਪਣੀ ਪਹਿਚਾਣ ਬਣਾਉਣ ਵੱਲ ਅੱਗੇ ਵਧੇਗੀ। ਉਹ ਪ੍ਰੋ. ਕਰਮਜੀਤ ਸਿੰਘ ਵੱਲੋਂ ਯੂਨੀਵਰਸਿਟੀ ਨੂੰ ਅੱਗੇ ਵਧਾਉਣ ਦੇ ਲਈ ਮਿਥੇ ਗਏ ਟੀਚਿਆਂ ਦੀ ਪ੍ਰਸੰਸਾਂ ਕਰ ਰਹੇ ਸਨ ਜਿਸ ਦੇ ਵਿਚ ਪ੍ਰੋ. ਕਰਮਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਉਹ ਸੰਸਥਾਗਤ ਵਿਕਾਸ ਲਈ ਇੱਕ ਪਾਰਦਰਸ਼ੀ ਅਤੇ ਵਿਹਾਰਕ ਕਾਰਜ ਸੱਭਿਆਚਾਰ ਦੀ ਮਹੱਤਤਾ 'ਤੇ ਜ਼ੋਰ ਦੇਣਗੇ। ਉਨ੍ਹਾਂ ਯੂਨੀਵਰਸਿਟੀ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਨੂੰ ਉਜਾਗਰ ਕਰਦਿਆਂ ਉਨ੍ਹਾਂ ਖੇਤਰਾਂ ਬਾਰੇ ਧਿਆਨ ਦਿਵਾਇਆ ਜਿਨ੍ਹਾਂ ਉਪਰ ਭਵਿੱਖ 'ਚ ਕਾਰਜ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ। ਡਾ. ਕਰਮਜੀਤ ਸਿੰਘ ਨੇ ਆਰਟੀਫੀਸ਼ੀਅਲ ਇਨਟੈਲੀਜੈਂਸ ਜ਼ਮਾਨੇ ਦੀ ਗੱਲ ਕਰਦਿਆਂ ਸੈਨੇਟ ਮੈਂਬਰਾਂ ਨੂੰ ਜਿਥੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਸਮੇਂ ਦੀ ਇਸ ਲੋੜ ਦੀ ਪੂਰਤੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 'ਸੁਰਜੀਤ ਪਾਤਰ ਸੈਂਟਰ ਫਾਰ ਐਥੀਕਲ ਏਆਈ' ਦੇਣ ਦਾ ਐਲਾਨ ਕੀਤਾ ਹੈ, ਉਸ ਲਈ ਉਹ ਉਨ੍ਹਾਂ ਦੇ ਤਹਿ ਦਿਲੋਂ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ 'ਚ ਸਥਾਪਤ ਹੋਣ ਵਾਲੇ ਇਸ ਸੈਂਟਰ ਦੇ ਨਾਲ ਨੈਤਿਕ ਕਦਰਾਂ ਕੀਮਤਾਂ 'ਤੇ ਪਹਿਰਾ ਦਿੱਤਾ ਜਾਣਾ ਆਸਾਨ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਨੈਤਿਕ ਕਦਰਾਂ ਕੀਮਤਾਂ ਤੋਂ ਬਿਨਾ ਇਹ ਤਕਨਾਲੋਜੀ ਹਨੇਰੇ ਵੱਲ ਧੱਕ ਸਕਦੀ ਹੈ। ਪ੍ਰੋ. ਕਰਮਜੀਤ ਸਿੰਘ ਨੇ ਰੁਜ਼ਗਾਰ-ਅਧਾਰਤ ਡਿਗਰੀਆਂ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਸਿੱਖਿਆ ਨੂੰ ਰੁਜ਼ਗਾਰਯੋਗਤਾ ਨਾਲ ਸਿੱਧਾ ਜੋੜਿਆ ਅਤੇ ਔਨਲਾਈਨ ਸਿੱਖਿਆ ਨੂੰ ਵਧੇਰੇ ਵਿਹਾਰਕ ਅਤੇ ਐਪਲੀਕੇਸ਼ਨ-ਕੇਂਦ੍ਰਿਤ ਬਣਾਉਂਣਾ ਸਮੇਂ ਦੀ ਲੋੜ ਦੱਸਿਆ। ਸਿਧਾਂਤਕ ਗਿਆਨ ਅਤੇ ਅਸਲ-ਜੀਵਨ ਦੇ ਲਾਗੂਕਰਨ ਵਿਚਕਾਰ ਪਾੜੇ ਨੂੰ ਪੂਰਾ ਕਰਨਾ, ਅਤੇ ਨੌਕਰੀ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ ਨਵੇਂ ਕੋਰਸ ਡਿਜ਼ਾਈਨ ਕਰਨਾ ਉਨ੍ਹਾਂ ਨੇ ਆਪਣੀਆਂ ਮੁੱਖ ਤਰਜੀਹਾਂ ਬਾਰੇ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਸ਼ਵੀਕਰਨ ਵਾਲੇ ਯੁੱਗ ਵਿੱਚ ਪੰਜਾਬੀ ਭਾਸ਼ਾ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ। ਪ੍ਰੋ. ਸਿੰਘ ਨੇ ਯੂਨੀਵਰਸਿਟੀ ਨੂੰ ਹੁਨਰ-ਅਧਾਰਤ ਸਿੱਖਿਆ, ਖੋਜ, ਨਵੀਨਤਾ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਨੀਤੀ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਨੂੰ ਉੇਚੇਰੀ ਸਿੱਖਿਆ ਦੀ ਇਕ ਹੱਬ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਸੈਨੇਟ ਮੈਂਬਰਾਂ ਨੂੰ ਅਪੀਲ ਕੀਤੀ ਕਿ ਬਦਲਦੇ ਸਮੇਂ ਅਤੇ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਉਹ ਆਪਣੇ ਸੁਝਾਅ ਦੇਣ। ਉਨ੍ਹਾਂ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਮਹੱਤਵਪੂਰਨ ਸੁਝਾਵਾਂ ਨੂੰ ਜਰੂਰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਸੈਨੇਟ ਮੈਂਬਰਾਂ ਨੇ ਯੂਨੀਵਰਸਿਟੀ ਨੂੰ ਬੁਲੰਦੀਆਂ 'ਤੇ ਲੈ ਕੇ ਜਾਣ ਦੇ ਲਈ ਆਪਣਾ ਸਹਿਯੋਗ ਦੇਣ ਦਾ ਵਾਅਦਾ ਕੀਤਾ।