Daily Suraj

ਪੰਜਾਬੀ

400 ਕਿਲੋ ਤੋਂ ਵੱਧ ਸੋਨੇ ਦੀ ਚੋਰੀ ਮਾਮਲਾ: ਸਾਬਕਾ Air Canada ਮੁਲਾਜ਼ਮ ਪਰਮਪਾਲ ਸਿੱਧੂ ’ਤੇ ‘ਅੰਦਰੂਨੀ ਭੇਤੀ’ ਹੋਣ ਦਾ ਦੋਸ਼

06 Oct, 2026 02:57 PM

ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਤੋਂ 2.2 ਕਰੋੜ ਡਾਲਰ (ਲਗਭਗ 185 ਕਰੋੜ ਰੁਪਏ) ਮੁੱਲ ਦੇ ਸੋਨੇ ਅਤੇ ਵਿਦੇਸ਼ੀ ਕਰੰਸੀ ਦੀ ਚੋਰੀ ਦੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਪਰਮਪਾਲ ਸਿੱਧੂ ਖ਼ਿਲਾਫ਼ ਅਦਾਲਤੀ ਸੁਣਵਾਈ ਸ਼ੁਰੂ ਹੋ ਗਈ ਹੈ। ਇਹ ਮਾਮਲਾ ਕੈਨੇਡਾ ਦੀਆਂ ਵੱਡੀਆਂ ਚੋਰੀਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।
 

ਸਰਕਾਰੀ ਵਕੀਲਾਂ ਦਾ ਦੋਸ਼ ਹੈ ਕਿ ਸਾਬਕਾ Air Canada ਮੁਲਾਜ਼ਮ ਪਰਮਪਾਲ ਸਿੱਧੂ ਨੇ ਕੰਪਨੀ ਵਿੱਚ ਕੰਮ ਦੌਰਾਨ ਮਿਲੀ ਆਪਣੀ ਪਹੁੰਚ ਦਾ ਕਥਿਤ ਤੌਰ ’ਤੇ ਗਲਤ ਇਸਤੇਮਾਲ ਕੀਤਾ ਅਤੇ ਚੋਰੀ ਨੂੰ ਅੰਜਾਮ ਦੇਣ ਵਿੱਚ ‘ਅੰਦਰੂਨੀ ਭੇਤੀ’ (Inside Man) ਵਜੋਂ ਭੂਮਿਕਾ ਨਿਭਾਈ। ਹਾਲਾਂਕਿ, ਅਦਾਲਤ ਵਿੱਚ ਪਰਮਪਾਲ ਸਿੱਧੂ ਨੇ ਆਪਣੇ ਖ਼ਿਲਾਫ਼ ਲੱਗੇ ਚੋਰੀ ਅਤੇ ਸਾਜ਼ਿਸ਼ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ ਅਤੇ ਖ਼ੁਦ ਨੂੰ ਬੇਗੁਨਾਹ ਦੱਸਿਆ ਹੈ।
 

ਸਰਕਾਰੀ ਵਕੀਲ ਜੇਲੇਨਾ ਵਲਾਸਿਕ ਨੇ ਅਦਾਲਤ ਨੂੰ ਦੱਸਿਆ ਕਿ ਅਪਰੈਲ 2023 ਵਿੱਚ ਹੋਈ ਚੋਰੀ ਲਈ ਵਰਤੀ ਗਈ ਨਕਲੀ Air Waybill ਘਟਨਾ ਤੋਂ ਇੱਕ ਦਿਨ ਪਹਿਲਾਂ ਪਰਮਪਾਲ ਸਿੱਧੂ ਦੀ ਪ੍ਰੋਫਾਈਲ ਤੋਂ ਪ੍ਰਿੰਟ ਕੀਤੀ ਗਈ ਸੀ। ਇਸ ਤੋਂ ਬਾਅਦ ਪੂਰੀ ਖੇਪ ਨੂੰ ਇੱਕ ਟਰੱਕ ਵਿੱਚ ਲੋਡ ਕੀਤਾ ਗਿਆ ਅਤੇ ਉਹ ਗਾਇਬ ਹੋ ਗਈ।
 

ਜਾਂਚ ਮੁਤਾਬਕ, ਖੇਪ ਚੋਰੀ ਕਰਨ ਲਈ ਆਇਆ ਟਰੱਕ ਡਰਾਈਵਰ ਡੁਰਾਂਟੇ ਕਿੰਗ-ਮੈਕਲੀਨ ਸੀ। ਘਟਨਾ ਤੋਂ ਬਾਅਦ ਉਹ ਅਮਰੀਕਾ ਭੱਜ ਗਿਆ ਸੀ ਅਤੇ ਸਤੰਬਰ 2023 ਵਿੱਚ ਉਸ ਨੂੰ ਪੈਨਸਿਲਵੇਨੀਆ ਤੋਂ ਗ੍ਰਿਫ਼ਤਾਰ ਕੀਤਾ ਗਿਆ।
 

ਅਦਾਲਤ ਵਿੱਚ ਪੇਸ਼ ਕੀਤੀ ਗਈ CCTV ਫੁਟੇਜ ਮੁਤਾਬਕ, ਚਿਹਰਾ ਢੱਕ ਕੇ ਆਏ ਡਰਾਈਵਰ ਨੇ ਜਾਅਲੀ ਦਸਤਾਵੇਜ਼ ਦਿਖਾਏ ਅਤੇ ਕਰੀਬ ਇੱਕ ਘੰਟੇ ਦੇ ਅੰਦਰ ਹੀ ਖੇਪ ਲੈ ਕੇ ਉੱਥੋਂ ਚਲਾ ਗਿਆ। ਇਸ ਖੇਪ ਵਿੱਚ 400 ਕਿਲੋ ਤੋਂ ਵੱਧ ਵਜ਼ਨ ਦੀਆਂ 6,600 ਸੋਨੇ ਦੀਆਂ ਇੱਟਾਂ ਸਨ, ਜੋ ਸਵਿਟਜ਼ਰਲੈਂਡ ਦੇ ਜ਼ਿਊਰਿਖ ਤੋਂ ਆਈਆਂ ਸਨ।
 

ਦੂਜੇ ਪਾਸੇ, ਬਚਾਅ ਪੱਖ ਦੇ ਵਕੀਲਾਂ ਨੇ ਸਵਾਲ ਉਠਾਇਆ ਕਿ ਕੀ ਪਰਮਪਾਲ ਸਿੱਧੂ ਦੇ ਕੰਪਿਊਟਰ ਤੱਕ ਕਿਸੇ ਹੋਰ ਵਿਅਕਤੀ ਦੀ ਪਹੁੰਚ ਹੋ ਸਕਦੀ ਸੀ। ਉਨ੍ਹਾਂ ਨੇ ਇਹ ਵੀ ਪੁੱਛਿਆ ਕਿ ਦਸਤਾਵੇਜ਼ ’ਤੇ ਮੌਜੂਦ ਲਿਖਤ ਦੀ ਫੋਰੈਂਸਿਕ ਜਾਂਚ ਕੀਤੀ ਗਈ ਸੀ ਜਾਂ ਨਹੀਂ। ਜਾਂਚ ਅਧਿਕਾਰੀਆਂ ਨੇ ਅਦਾਲਤ ਨੂੰ ਦੱਸਿਆ ਕਿ ਲਿਖਤ ਬਹੁਤ ਘੱਟ ਹੋਣ ਕਾਰਨ ਇਸ ਦੀ ਫੋਰੈਂਸਿਕ ਜਾਂਚ ਨਹੀਂ ਕੀਤੀ ਜਾ ਸਕੀ।
 

ਇਸ ਮਾਮਲੇ ਵਿੱਚ ਪ੍ਰੋਸੀਕਿਊਸ਼ਨ ਪਹਿਲਾਂ ਹੀ ਦੋ ਹੋਰ ਮੁਲਜ਼ਮਾਂ ਅਲੀ ਰਜ਼ਾ ਅਤੇ ਅਮਿਤ ਜਲੋਟਾ ਖ਼ਿਲਾਫ਼ ਕੇਸ ਵਾਪਸ ਲੈ ਚੁੱਕੀ ਹੈ। ਇਸ ਤੋਂ ਇਲਾਵਾ ਅਰਸਲਾਨ ਚੌਧਰੀ ਨੂੰ ਪਹਿਲਾਂ ਹੀ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਅਤੇ ਉਸ ਨੂੰ 22 ਮਿਲੀਅਨ ਡਾਲਰ ਮੁਆਵਜ਼ਾ ਭਰਨ ਦਾ ਹੁਕਮ ਦਿੱਤਾ ਗਿਆ ਹੈ।
 

ਮਾਮਲੇ ਵਿੱਚ ਸ਼ਾਮਲ ਇੱਕ ਹੋਰ ਮੁਲਜ਼ਮ ਅਰਚਿਤ ਗਰੋਵਰ ਖ਼ਿਲਾਫ਼ ਸੁਣਵਾਈ ਇਸੇ ਸਾਲ ਦੇ ਅੰਤ ਵਿੱਚ ਹੋਣੀ ਤੈਅ ਹੈ। ਪਰਮਪਾਲ ਸਿੱਧੂ ਖ਼ਿਲਾਫ਼ ਚੱਲ ਰਹੀ ਕਾਰਵਾਈ ਵਿੱਚ ਹੁਣ ਅਦਾਲਤ ਵੱਲੋਂ ਪੇਸ਼ ਕੀਤੇ ਜਾ ਰਹੇ ਸਬੂਤਾਂ ਅਤੇ ਦੋਵਾਂ ਪੱਖਾਂ ਦੀਆਂ ਦਲੀਲਾਂ ’ਤੇ ਸੁਣਵਾਈ ਕੀਤੀ ਜਾ ਰਹੀ ਹੈ।

Latest News