ਯੂਨੀਅਨ ਤੇ ਕਲੱਬ ਆਗੂਆਂ ਨੇ ਮੁੱਖ ਮੰਤਰੀ ਦੇ ਨਾਂ ਡੀਸੀ ਨੂੰ ਦਿੱਤਾ ਮੰਗ ਪੱਤਰ

ਯੂਨੀਅਨ ਤੇ ਕਲੱਬ ਆਗੂਆਂ ਨੇ ਮੁੱਖ ਮੰਤਰੀ ਦੇ ਨਾਂ ਡੀਸੀ ਨੂੰ ਦਿੱਤਾ ਮੰਗ ਪੱਤਰ

ਬਰਨਾਲਾ : ਸਫ਼ਾਈ ਮਜ਼ਦੂਰ/ਸੀਵਰਮੈਨ ਯੂਨੀਅਨ ਨਗਰ ਕੌਂਸਲ ਬਰਨਾਲਾ ਤੇ ਭਗਵਾਨ ਵਾਲਮੀਕਿ ਏਕਤਾ ਕਲੱਬ ਬਰਨਾਲਾ ਵੱਲੋਂ ਲੰਘੀ 26 ਜਨਵਰੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਸ਼ਰਾਰਤੀ ਅਨਸਰਾਂ ਵੱਲੋਂ ਭੰਨਤੋੜ ਕਰਨ ਦੇ ਰੋਸ ਵਜੋਂ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਰਾਹੀਂ ਮੰਗ ਪੱਤਰ ਭੇਜਿਆ ਗਿਆ। ਮੰਗ ਪੱਤਰ ਦੇਣ ਤੋਂ ਪਹਿਲਾਂ ਯੂਨੀਅਨ ਦੇ ਆਗੂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਸਥਿਤ ਬਾਬਾ ਸਾਹਿਬ ਡਾਕਟਰ ਭੀਮ ਰਾਮ ਅੰਬੇਡਕਰ ਦੇ ਬੁੱਤ ਅੱਗੇ ਇਕੱਠੇ ਹੋਏ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਾਪਰੀ ਇਸ ਘਟਨਾ ਦੀ ਨਿਖ਼ੇਧੀ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸਫ਼ਾਈ ਮਜ਼ਦੂਰ\ਸੀਵਰਮੈਨ ਯੂਨੀਅਨ ਦੇ ਪ੍ਰਧਾਨ ਸੱਤਪਾਲ ਰਿੰਕੂ ਤੇ ਰਕੇਸ਼ ਕੁਮਾਰ ਚਾਵਰੀਆ ਨੇ ਕਿਹਾ ਕਿ ਬਾਬਾ ਸਾਹਿਬ ਦਲਿਤਾਂ, ਪੱਛੜਿਆਂ ਤੇ ਔਰਤਾਂ ਦੇ ਮਸੀਹਾ ਸਨ, ਜਿਨ੍ਹਾਂ ਸਭਨਾਂ ਨੂੰ ਸੰਵਿਧਾਨ ’ਚ ਬਰਾਬਰਤਾ ਦੇ ਹੱਕ ਲੈ ਕੇ ਦਿੱਤੇ। ਜਿਸ ਸਦਕਾ ਬਾਬਾ ਸਾਹਿਬ ਲੋਕਾਂ ਦੇ ਦਿਲਾਂ ’ਚ ਵੱਸਦੇ ਹਨ, ਜਿਨ੍ਹਾਂ ਨੂੰ ਮਿਟਾਇਆ ਨਹੀਂ ਜਾ ਸਕਦਾ।

ਉਨ੍ਹਾਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਾਬਾ ਸਾਹਿਬ ਦੇ ਬੁੱਤ ਦੀ ਭੰਨਤੋੜ ਬਾਹਰਲੀਆਂ ਤਾਕਤਾਂ ਦੀ ਸਾਜ਼ਿਸ਼ ਅਧੀਨ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਸ਼ਰਾਰਤੀਆਂ ਅਨਸਰਾਂ ਵੱਲੋਂ ਕੀਤੀ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਕੇ ਇਸ ਦੇ ਪਿੱਛੇ ਮੁੱਖ ਸਾਜਿਸ਼ਕਰਤਾਵਾਂ ਨੂੰ ਵੀ ਬੇਨਕਾਬ ਕੀਤਾ ਜਾਵੇ। ਪੰਜਾਬ ਅੰਦਰ ਬਣੇ ਦਲਿਤ ਮਹਾਪੁਰਸ਼ਾਂ ਦੇ ਚੌਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤੇ ਇਨ੍ਹਾਂ ਬੁੱਤਾਂ ’ਤੇ ਬੁੱਲਟ ਪਰੂਫ਼ ਸ਼ੀਸ਼ੇ ਲਗਾਏ ਜਾਣ। ਇਸ ਤੋਂ ਇਲਾਵਾ ਸਰਕਾਰ ਇਸ ਸਬੰਧੀ ਸਖ਼ਤ ਕਾਨੂੰਨ ਬਣਾਏ ਤਾਂ ਜੋ ਅੱਗੇ ਤੋਂ ਕੋਈ ਸ਼ਰਾਰਤੀ ਅਨਸਰ ਅਜਿਹੀ ਘਟਨਾ ਨਾ ਕਰ ਸਕੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤੇ ਇਨ੍ਹਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ। ਇਸ ਮੌਕੇ ਵਿੱਕੀ ਸਹੋਤਾ, ਦੀਪੂ ਕੁਮਾਰ, ਸੰਜੇ ਮੇਟ, ਰਕੇਸ਼ ਕੁਮਾਰ ਚਾਵਰੀਆ, ਰਾਜ ਕੁਮਾਰ, ਦੀਪਕ ਰਾਜ, ਗੁਰਸੇਵਕ ਸਿੰਘ, ਸਨੀ, ਕਰਨਵੀਰ, ਜਸਵੰਤ ਸਿੰਘ, ਕੁਲਵੰਤ ਸਿੰਘ, ਜਗਤਾਰ ਸਿੰਘ, ਹਰੀਸ਼ ਕੁਮਾਰ, ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ, ਕਰਮਜੀਤ ਸਿੰਘ, ਅਮਿਤ ਕੁਮਾਰ, ਮੋਨੂ ਕੁਮਾਰ, ਚਰਨਜੀਤ ਕੁਮਾਰ, ਸੀਮਾ, ਅੰਮ੍ਰਿਤਪਾਲ ਕੌਰ, ਰਾਜਵੀਰ ਕੌਰ, ਜਸਵਿੰਦਰ ਕੌਰ, ਜਸਵੰਤ ਕੁਮਾਰ, ਪੱਪੂ ਮੇਟ, ਵਿਨੋਦ ਕੁਮਾਰ, ਰੋਸ਼ਨ ਸਿੰਘ, ਅਜੇ ਕੁਮਾਰ, ਗੀਤਾ ਗਿੱਲ, ਰਾਣੀ ਕੌਰ, ਚਰਨਜੀਤ ਸਿੰਘ, ਮਨਜੀਤ ਮਨੀ, ਸਾਹਿਲ ਕੁਮਾਰ ਤੇ ਰਾਮ ਸਿੰਘ ਆਦਿ ਹਾਜ਼ਰ ਸਨ।