ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਤੇ ਜਥੇਦਾਰ ਹਰਪ੍ਰੀਤ ਸਿੰਘ ਦੀ ਮੁਲਾਕਾਤ ਨੇ ਛੇੜੀ ਨਵੀਂ ਚਰਚਾ, ਇਹ ਸਾਬਕਾ ਮੰਤਰੀ ਵੀ ਸਨ ਮੌਜੂਦ

ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਤੇ ਜਥੇਦਾਰ ਹਰਪ੍ਰੀਤ ਸਿੰਘ ਦੀ ਮੁਲਾਕਾਤ ਨੇ ਛੇੜੀ ਨਵੀਂ ਚਰਚਾ, ਇਹ ਸਾਬਕਾ ਮੰਤਰੀ ਵੀ ਸਨ ਮੌਜੂਦ

ਬਠਿੰਡਾ : ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਨੇ ਵੀਰਵਾਰ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ ਕੀਤੀ। ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਦੀ ਬਠਿੰਡਾ ਸ਼ਹਿਰ ਦੀ ਗਰੀਨ ਸਿਟੀ ਕਲੋਨੀ ਵਿਚਲੀ ਰਿਹਾਇਸ਼ ’ਤੇ ਕਰੀਬ ਇਕ ਘੰਟਾ ਗੱਲਬਾਤ ਕੀਤੀ। ਦੋਵਾਂ ਧਾਰਮਿਕ ਆਗੂਆਂ ਵਿਚ ਕੀ ਗੱਲਬਾਤ ਹੋਈ ਇਸ ਦੇ ਅਜੇ ਤਕ ਵੇਰਵੇ ਨਹੀਂ ਮਿਲ ਸਕੇ। ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਮੌਜੂਦ ਸਨ। ਕਿਹਾ ਜਾ ਰਿਹਾ ਹੈ ਕਿ ਸਾਬਕਾ ਮੰਤਰੀ ਰੱਖੜਾ ਪਹਿਲਾਂ ਹੀ ਜਥੇਦਾਰ ਕੋਲ ਪਹੁੰਚੇ ਹੋਏ ਸਨ, ਪਰ ਰੱਖੜਾ ਦੀ ਹਾਜ਼ਰੀ ਵਿਚ ਬਾਬਾ ਗੁਰਿੰਦਰ ਸਿੰਘ ਦਾ ਜਥੇਦਾਰ ਦੇ ਘਰ ਪਹੁੰਚਣ ਨਾਲ ਸਿਆਸੀ ਹਲਕਿਆਂ ਵਿਚ ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ। ਹਾਲਾਂਕਿ ਸਮਝਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜਥੇਦਾਰ ਹਰਪ੍ਰੀਤ ਸਿੰਘ ਦੀ ਕੀਤੀ ਜਾ ਰਹੀ ਕਿਰਦਾਰਕੁਸ਼ੀ ਅਤੇ ਵਾਪਰੀਆਂ ਹੋਰਨਾਂ ਘਟਨਾਵਾਂ ਉੱਪਰ ਗੱਲਬਾਤ ਹੋਈ ਹੈ। ਬਾਬਾ ਗੁਰਿੰਦਰ ਸਿੰਘ ਆਪਣੇ ਹਵਾਈ ਜਹਾਜ਼ ਰਾਹੀਂ ਸਥਾਨਕ ਥਰਮਲ ਕਲੋਨੀ ਵਿਚ ਬਣਾਏ ਗਏ ਹੈਲੀਪੈਡ ’ਤੇ ਉਤਰੇ ਅਤੇ ਸਿੱਧੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਗਰੀਨ ਸਿਟੀ ਵਿਚਲੀ ਰਿਹਾਇਸ਼ ਉੱਪਰ ਚਲੇ ਗਏ। ਇੱਥੇ ਦੋਵਾਂ ਵਿਚਕਾਰ ਕਰੀਬ ਇਕ ਘੰਟਾ ਗੱਲਬਾਤ ਹੁੰਦੀ ਰਹੀ। ਸਿੱਖ ਪੰਥ ਵਿਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਤੋਂ ਬਾਅਦ ਦੋਵਾਂ ਆਗੂਆਂ ਦੀ ਮੁਲਾਕਾਤ ਨਾਲ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜੀਆਂ ਹੋਈਆਂ ਹਨ। ਹਾਲਾਂਕਿ ਮੀਟਿੰਗ ਤੋਂ ਪਹਿਲਾਂ ਹੀ ਇੱਥੇ ਭਾਰੀ ਸੁਰੱਖਿਆ ਦੇ ਬੰਦੋਬਸਤ ਹੋਣ ਕਾਰਨ ਮੀਡੀਆ ਨੂੰ ਨੇੜੇ ਨਹੀਂ ਜਾਣ ਦਿੱਤਾ ਗਿਆ, ਪ੍ਰੰਤੂ ਸਾਹਮਣੇ ਆ ਰਹੀਆਂ ਖਬਰਾਂ ਮੁਤਾਬਕ ਦੋਵਾਂ ਆਗੂਆਂ ਵਿਚਕਾਰ ਕਾਫੀ ਲੰਮੀ ਮੁਲਾਕਾਤ ਹੋਈ ਹੈ। ਉਝ ਇਸ ਮੀਟਿੰਗ ਦਾ ਏਜੰਡਾ ਹਾਲੇ ਤਕ ਸਾਹਮਣੇ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋ ਜਿੱਥੇ ਭਾਜਪਾ ਹਾਈਕਮਾਂਡ ਦੇ ਸੰਪਰਕ ਵਿਚ ਵੀ ਰਹੇ ਹਨ, ਉੱਥੇ ਉਨ੍ਹਾਂ ਦੀ ਅਕਾਲੀ ਲੀਡਰਸ਼ਿਪ ਖਾਸ ਕਰ ਬਾਦਲ ਅਤੇ ਮਜੀਠੀਆ ਪਰਿਵਾਰ ਨਾਲ ਵੀ ਨੇੜਤਾ ਦੀ ਚਰਚਾ ਅਕਸਰ ਹੀ ਸੁਣਾਈ ਦਿੰਦੀ ਹੈ। ਇਸ ਤੋਂ ਇਲਾਵਾ ਉਹ ਸਮੇਂ ਸਮੇਂ ਬਾਦਲ ਵਿਰੋਧੀ ਧੜੇ ਮੰਨੇ ਜਾਂਦੇ ਸਿਮਰਨਜੀਤ ਸਿੰਘ ਮਾਨ ਅਤੇ ਬਾਬਾ ਬਲਜੀਤ ਸਿੰਘ ਦਾਦੂਵਾਲਾ ਹੋਰਾਂ ਨਾਲ ਵੀ ਮੁਲਾਕਾਤ ਕਰਦੇ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਕੁੱਝ ਦਿਨ ਪਹਿਲਾਂ ਹੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਦੀਆਂ ਸੇਵਾਵਾਂ ਨੂੰ 15 ਦਿਨਾਂ ਲਈ ਵਾਪਸ ਲੈ ਲਈਆਂ ਸਨ। ਹੁਣ ਚਰਚਾ ਚੱਲ ਰਹੀ ਹੈ ਕਿ ਸ੍ਰੋਮਣੀ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਨੂੰ ਪੱਕੇ ਤੌਰ ’ਤੇ ਖਤਮ ਕਰ ਸਕਦੀ ਹੈ ਅਤੇ ਇਸ ਵਿਚਕਾਰ ਬਾਬਾ ਗੁਰਿੰਦਰ ਸਿੰਘ ਦੀ ਜਥੇਦਾਰ ਨਾਲ ਮੁਲਾਕਾਤ ਦੇ ਸਿਆਸੀ ਹਲਕੇ ਕਈ ਤਰ੍ਹਾਂ ਦੇ ਅਰਥ ਕੱਢ ਰਹੇ ਹਨ। ਬਾਬਾ ਗੁਰਿੰਦਰ ਸਿੰਘ ਨੇ ਬਠਿੰਡਾ ਸ੍ਰੀ ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ’ਤੇ ਪਿੰਡ ਗਿੱਲਪੱਤੀ ਵਿਚ ਬਣੇ ਡੇਰਾ ਬਿਆਸ ਵਿਚ ਕੀਤੀ ਗਈ ਸਤਿਸੰਗ ਵਿਚ ਹਿੱਸਾ ਲਿਆ ਅਤੇ ਸ਼ਰਧਾਲੂਆਂ ਨਾਲ ਵੀ ਗੱਲਬਾਤ ਕੀਤੀ।