ਬੰਗਲਾਦੇਸ਼ ‘ਚ ਭਿਆਨਕ ਸੜਕ ਹਾਦਸਾ, ਸਰੀਏ ਨਾਲ ਭਰਿਆ ਟਰੱਕ ਪਲਟਣ ਕਾਰਨ 15 ਮੌਤਾਂ

ਬੰਗਲਾਦੇਸ਼ ‘ਚ ਭਿਆਨਕ ਸੜਕ ਹਾਦਸਾ, ਸਰੀਏ ਨਾਲ ਭਰਿਆ ਟਰੱਕ ਪਲਟਣ ਕਾਰਨ 15 ਮੌਤਾਂ

ਬੰਗਲਾਦੇਸ਼ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ ਲੋਹੇ ਦੇ ਸਰੀਏ ਨਾਲ ਲੱਦਿਆ ਟਰੱਕ ਪਲਟ ਜਾਣ ਕਾਰਨ 15 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲੋਕ ਈਦ-ਉੱਲ-ਅਜ਼ਹਾ ਦੀਆਂ 10 ਦਿਨਾਂ ਦੀਆਂ ਛੁੱਟੀਆਂ ਮਨਾਉਣ ਲਈ ਆਪਣੇ ਜੱਦੀ ਘਰਾਂ ਵੱਲ ਜਾ ਰਹੇ ਸਨ। ਪੁਲਿਸ ਅਨੁਸਾਰ, ਟਰੱਕ ਵਿੱਚ ਸਵਾਰ ਲੋਕ ਈਦ ਦੇ ਮੌਕੇ ‘ਤੇ ਬੰਗਲਾਦੇਸ਼ ਦੇ ਉੱਤਰੀ ਜ਼ਿਲ੍ਹਿਆਂ ਵੱਲ ਜਾ ਰਹੇ ਸਨ। ਤੰਗੈਲ ਦੇ ਐੱਸਪੀ ਮੁਹੰਮਦ ਸ਼ਮਸੁਲ ਆਲਮ ਸਰਕਾਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਹਾਦਸਾ ਸੋਮਵਾਰ ਸਵੇਰੇ ਕਰੀਬ 4:30 ਵਜੇ ਢਾਕਾ-ਤੰਗੋਲ ਹਾਈਵੇਅ ਦੇ ਸਰਤੈਲ ਦੱਖਣਪਾਰਾ ਇਲਾਕੇ ਵਿੱਚ ਵਾਪਰਿਆ। ਸਥਾਨਕ ਪੁਲਿਸ ਮੁਤਾਬਕ, ਟਰੱਕ ਵਿੱਚ ਲੋਹੇ ਦੇ ਸਰੀਏ ਦੇ ਨਾਲ ਕੁਝ ਯਾਤਰੀ ਵੀ ਸਵਾਰ ਸਨ। ਇਸ ਦੌਰਾਨ ਡਰਾਈਵਰ ਵਾਹਨ ‘ਤੇ ਕਾਬੂ ਨਹੀਂ ਰੱਖ ਸਕਿਆ ਅਤੇ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ। ਜ਼ਖ਼ਮੀਆਂ ਨੂੰ ਨੇੜਲੇ ਇਲਾਕਿਆਂ ਦੇ ਲੋਕਾਂ ਦੀ ਮਦਦ ਨਾਲ ਤੁਰੰਤ ਸਥਾਨਕ ਸਿਹਤ ਕੇਂਦਰ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਕੁਝ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ, ਬੰਗਲਾਦੇਸ਼ ਵਿੱਚ ਸੋਮਵਾਰ ਤੋਂ ਈਦ-ਉੱਲ-ਅਜ਼ਹਾ ਮੌਕੇ 10 ਦਿਨਾਂ ਦੀਆਂ ਛੁੱਟੀਆਂ ਸ਼ੁਰੂ ਹੋਈਆਂ ਹਨ। ਇਸ ਕਾਰਨ ਵੱਡੀ ਗਿਣਤੀ ਵਿੱਚ ਲੋਕ ਆਪਣੇ ਘਰਾਂ ਵੱਲ ਰਵਾਨਾ ਹੋ ਰਹੇ ਹਨ, ਜਿਸ ਕਰਕੇ ਬੱਸਾਂ, ਟ੍ਰੇਨਾਂ ਅਤੇ ਬੇੜੀਆਂ ਵਿੱਚ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਆਰਥਿਕ ਤੌਰ ‘ਤੇ ਕਮਜ਼ੋਰ ਲੋਕ ਅਕਸਰ ਘੱਟ ਖ਼ਰਚੇ ਜਾਂ ਆਮ ਵਾਹਨਾਂ ਵਿੱਚ ਟਿਕਟ ਨਾ ਮਿਲਣ ਕਾਰਨ ਟਰੱਕਾਂ ਰਾਹੀਂ ਸਫ਼ਰ ਕਰਨ ਲਈ ਮਜਬੂਰ ਹੋ ਜਾਂਦੇ ਹਨ।