ਹਿਮਾਚਲ ਦੇ ਲੋਕਾਂ ਦੀ ਔਸਤ ਉਮਰ ਪੰਜਾਬ ਅਤੇ ਹਰਿਆਣਾ ਨਾਲੋਂ ਵੱਧ, ਦੇਸ਼ ਵਿੱਚ ਦੂਜੇ ਨੰਬਰ 'ਤੇ

ਹਿਮਾਚਲ ਦੇ ਲੋਕਾਂ ਦੀ ਔਸਤ ਉਮਰ ਪੰਜਾਬ ਅਤੇ ਹਰਿਆਣਾ ਨਾਲੋਂ ਵੱਧ, ਦੇਸ਼ ਵਿੱਚ ਦੂਜੇ ਨੰਬਰ 'ਤੇ

ਗੁਆਂਢੀ ਪਹਾੜੀ ਸੂਬਾ ਹਿਮਾਚਲ ਪ੍ਰਦੇਸ਼ ਜੀਵਨ ਉਮੀਦ (ਲਾਈਫ ਐਕਸਪੈਕਟੈਂਸੀ) ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਨਾਲੋਂ ਕਾਫ਼ੀ ਅੱਗੇ ਨਿਕਲ ਗਿਆ ਹੈ। ਭਾਰਤ ਦੇ ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ ਵੱਲੋਂ ਜਾਰੀ ਤਾਜ਼ਾ ‘SRS-ਅਧਾਰਿਤ ਐਬਰਿਜਡ ਲਾਈਫ ਟੇਬਲਜ਼’ ਅਨੁਸਾਰ ਹਿਮਾਚਲ ਪ੍ਰਦੇਸ਼ ਵਿੱਚ ਜਨਮ ਸਮੇਂ ਜੀਵਨ ਉਮੀਦ 74.7 ਸਾਲ ਦਰਜ ਕੀਤੀ ਗਈ ਹੈ, ਜੋ ਦੇਸ਼ ਵਿੱਚ ਕੇਰਲ ਦੇ 75.6 ਸਾਲ ਤੋਂ ਬਾਅਦ ਦੂਜੇ ਸਥਾਨ 'ਤੇ ਹੈ। ਰਿਪੋਰਟ ਮੁਤਾਬਕ ਜੰਮੂ-ਕਸ਼ਮੀਰ 74.6 ਸਾਲ ਦੀ ਜੀਵਨ ਉਮੀਦ ਨਾਲ ਤੀਜੇ ਅਤੇ ਦਿੱਲੀ 73.9 ਸਾਲ ਨਾਲ ਚੌਥੇ ਸਥਾਨ 'ਤੇ ਹੈ। ਦੂਜੇ ਪਾਸੇ ਪੰਜਾਬ 71 ਸਾਲ ਦੀ ਔਸਤ ਉਮਰ ਨਾਲ ਦੇਸ਼ ਵਿੱਚ 11ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਹਰਿਆਣਾ ਦੀ ਸਥਿਤੀ ਹੋਰ ਵੀ ਚਿੰਤਾਜਨਕ ਦੱਸੀ ਗਈ ਹੈ, ਜਿੱਥੇ ਔਸਤ ਉਮਰ ਕੇਵਲ 68.9 ਸਾਲ ਹੈ। ਇਹ ਅੰਕੜਾ ਦੇਸ਼ ਦੀ ਰਾਸ਼ਟਰੀ ਔਸਤ 70.6 ਸਾਲ ਤੋਂ ਵੀ ਘੱਟ ਹੈ ਅਤੇ ਹਰਿਆਣਾ ਨੂੰ ਸਭ ਤੋਂ ਕਮਜ਼ੋਰ ਪ੍ਰਦਰਸ਼ਨ ਕਰਨ ਵਾਲੇ ਚਾਰ ਸੂਬਿਆਂ ਵਿੱਚ ਸ਼ਾਮਲ ਕਰਦਾ ਹੈ। ਸਿਹਤ ਬਜਟ ਵਿੱਚ ਨਿਵੇਸ਼ ਨੇ ਬਣਾਇਆ ਫਰਕ ਸਿਹਤ ਅਰਥਸ਼ਾਸਤਰੀ ਪ੍ਰੋਫੈਸਰ ਅਸ਼ਵਨੀ ਕੁਮਾਰ ਨੰਦਾ ਅਨੁਸਾਰ ਕਿਸੇ ਵੀ ਸੂਬੇ ਵਿੱਚ ਲੋਕਾਂ ਦੀ ਲੰਮੀ ਉਮਰ ਉੱਥੇ ਦੀਆਂ ਸਮਾਜਿਕ-ਆਰਥਿਕ ਸਥਿਤੀਆਂ ਅਤੇ ਸਿਹਤ ਸੇਵਾਵਾਂ 'ਤੇ ਹੋਣ ਵਾਲੇ ਸਰਕਾਰੀ ਖਰਚ ਨਾਲ ਜੁੜੀ ਹੁੰਦੀ ਹੈ। ਰਿਜ਼ਰਵ ਬੈਂਕ ਆਫ ਇੰਡੀਆ ਦੇ ਅੰਕੜਿਆਂ ਅਨੁਸਾਰ ਹਿਮਾਚਲ ਪ੍ਰਦੇਸ਼ ਆਪਣੇ ਕੁੱਲ ਬਜਟ ਦਾ ਲਗਭਗ 5.8 ਤੋਂ 6.9 ਫੀਸਦੀ ਹਿੱਸਾ ਸਿਹਤ ਖੇਤਰ 'ਤੇ ਖਰਚ ਕਰਦਾ ਰਿਹਾ ਹੈ। ਇਸ ਦੇ ਉਲਟ ਪੰਜਾਬ ਵਿੱਚ ਸਿਹਤ ਖੇਤਰ ਲਈ ਖਰਚਾ ਘਟ ਕੇ 2.7 ਤੋਂ 3.2 ਫੀਸਦੀ ਦੇ ਦਰਮਿਆਨ ਰਹਿ ਗਿਆ ਹੈ, ਜਦਕਿ ਹਰਿਆਣਾ ਆਪਣੇ ਕੁੱਲ ਬਜਟ ਦਾ ਲਗਭਗ 4.7 ਫੀਸਦੀ ਹਿੱਸਾ ਹੀ ਸਿਹਤ ਸੇਵਾਵਾਂ 'ਤੇ ਖਰਚ ਕਰ ਰਿਹਾ ਹੈ। ਨੈਸ਼ਨਲ ਹੈਲਥ ਅਕਾਊਂਟਸ ਦੇ ਅੰਕੜਿਆਂ ਮੁਤਾਬਕ ਹਿਮਾਚਲ ਵਿੱਚ ਪ੍ਰਤੀ ਵਿਅਕਤੀ ਸਿਹਤ ਖਰਚਾ 10,200 ਰੁਪਏ ਹੈ, ਜਦਕਿ ਹਰਿਆਣਾ ਵਿੱਚ ਇਹ 7,664 ਰੁਪਏ ਅਤੇ ਪੰਜਾਬ ਵਿੱਚ ਸਭ ਤੋਂ ਘੱਟ 6,321 ਰੁਪਏ ਦਰਜ ਕੀਤਾ ਗਿਆ ਹੈ। ਸਿੱਖਿਆ, ਜਾਗਰੂਕਤਾ ਅਤੇ ਘੱਟ ਗਰੀਬੀ ਵੀ ਬਣੇ ਕਾਰਨ ਮਾਹਿਰਾਂ ਦਾ ਮੰਨਣਾ ਹੈ ਕਿ ਹਿਮਾਚਲ ਵਿੱਚ ਬਿਹਤਰ ਸਿਹਤ ਸਹੂਲਤਾਂ ਕਾਰਨ ਅਚਾਨਕ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਉੱਥੇ ਸਾਖਰਤਾ ਦਰ ਅਤੇ ਸਿਹਤ ਪ੍ਰਤੀ ਜਾਗਰੂਕਤਾ ਦਾ ਪੱਧਰ ਵੀ ਉੱਚਾ ਹੈ। ਲੋਕਾਂ ਦਾ ਜੀਵਨ ਪੱਧਰ ਬਿਹਤਰ ਹੈ ਅਤੇ ਗਰੀਬੀ ਦਾ ਪੱਧਰ ਮੈਦਾਨੀ ਸੂਬਿਆਂ ਦੇ ਮੁਕਾਬਲੇ ਘੱਟ ਹੈ। ਰਿਪੋਰਟ ਅਨੁਸਾਰ ਹਿਮਾਚਲ ਵਿੱਚ ਸੜਕ ਹਾਦਸਿਆਂ ਅਤੇ ਨਵਜੰਮੇ ਬੱਚਿਆਂ ਦੀ ਮੌਤ ਦਰ ਵੀ ਪੰਜਾਬ ਅਤੇ ਹਰਿਆਣਾ ਨਾਲੋਂ ਘੱਟ ਹੈ। ਸਾਲ 2024 ਦੇ ਅੰਕੜਿਆਂ ਮੁਤਾਬਕ ਹਿਮਾਚਲ ਦੇ ਪੇਂਡੂ ਖੇਤਰਾਂ ਵਿੱਚ ਪ੍ਰਤੀ ਹਜ਼ਾਰ ਜਨਮਾਂ 'ਤੇ 12 ਬੱਚਿਆਂ ਦੀ ਮੌਤ ਹੁੰਦੀ ਹੈ, ਜਦਕਿ ਪੰਜਾਬ ਵਿੱਚ ਇਹ ਅੰਕੜਾ 17 ਅਤੇ ਹਰਿਆਣਾ ਵਿੱਚ 27 ਦਰਜ ਕੀਤਾ ਗਿਆ ਹੈ। ਪੰਜ ਦਹਾਕਿਆਂ ਵਿੱਚ ਬਦਲੀ ਤਸਵੀਰ ਦਿਲਚਸਪ ਗੱਲ ਇਹ ਹੈ ਕਿ 1970-75 ਦੌਰਾਨ ਹਿਮਾਚਲ ਪ੍ਰਦੇਸ਼ ਦੀ ਔਸਤ ਉਮਰ ਸਿਰਫ 52.6 ਸਾਲ ਸੀ। ਉਸ ਸਮੇਂ ਹਰਿਆਣਾ 57.5 ਸਾਲ ਅਤੇ ਪੰਜਾਬ 57.9 ਸਾਲ ਨਾਲ ਹਿਮਾਚਲ ਤੋਂ ਅੱਗੇ ਸਨ। ਪਰ ਪਿਛਲੇ 50 ਸਾਲਾਂ ਦੌਰਾਨ ਹਿਮਾਚਲ ਨੇ ਆਪਣੀਆਂ ਸਿਹਤ ਨੀਤੀਆਂ ਵਿੱਚ ਵੱਡੇ ਸੁਧਾਰ ਕੀਤੇ। ਅੰਕੜਿਆਂ ਮੁਤਾਬਕ ਹਿਮਾਚਲ ਵਿੱਚ ਮਰਦਾਂ ਦੀ ਉਮਰ ਵਿੱਚ ਹਰ ਸਾਲ ਔਸਤ 0.34 ਸਾਲ ਅਤੇ ਔਰਤਾਂ ਦੀ ਉਮਰ ਵਿੱਚ 0.56 ਸਾਲ ਦਾ ਵਾਧਾ ਦਰਜ ਕੀਤਾ ਗਿਆ। ਇਸ ਦੇ ਨਤੀਜੇ ਵਜੋਂ ਅੱਜ ਹਿਮਾਚਲ ਨੇ ਜੀਵਨ ਉਮੀਦ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਨੂੰ ਕਾਫ਼ੀ ਪਿੱਛੇ ਛੱਡ ਦਿੱਤਾ ਹੈ। ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਹਿਮਾਚਲ ਦੇ ਪੇਂਡੂ ਖੇਤਰਾਂ ਵਿੱਚ ਔਰਤਾਂ ਦੀ ਔਸਤ ਉਮਰ 78.5 ਸਾਲ ਹੈ, ਜਦਕਿ ਸ਼ਹਿਰੀ ਖੇਤਰਾਂ ਵਿੱਚ ਇਹ 77.1 ਸਾਲ ਹੈ। ਦੂਜੇ ਪਾਸੇ ਪੰਜਾਬ ਦੇ ਪੇਂਡੂ ਮਰਦਾਂ ਦੀ ਔਸਤ ਉਮਰ 67.1 ਸਾਲ ਅਤੇ ਹਰਿਆਣਾ ਦੇ ਪੇਂਡੂ ਮਰਦਾਂ ਦੀ 65 ਸਾਲ ਦਰਜ ਕੀਤੀ ਗਈ ਹੈ, ਜੋ ਰਾਸ਼ਟਰੀ ਔਸਤ ਨਾਲੋਂ ਵੀ ਕਾਫ਼ੀ ਘੱਟ ਹੈ ਅਤੇ ਦੋਵਾਂ ਸੂਬਿਆਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।