ਪੰਜਾਬ ਨੂੰ ਵੀ ਕਣਕ ਖ਼ਰੀਦ ਮਾਪਦੰਡਾਂ ’ਚ ਛੋਟ ਮਿਲਣ ਦੀ ਸੰਭਾਵਨਾ

ਪੰਜਾਬ ਨੂੰ ਵੀ ਕਣਕ ਖ਼ਰੀਦ ਮਾਪਦੰਡਾਂ ’ਚ ਛੋਟ ਮਿਲਣ ਦੀ ਸੰਭਾਵਨਾ

ਪੰਜਾਬ ਵਿੱਚ ਕਣਕ ਦੇ ਖ਼ਰੀਦ ਮਾਪਦੰਡਾਂ ’ਚ ਛੋਟ ਮਿਲਣ ਦੇ ਮਜ਼ਬੂਤ ਆਸਾਰ ਬਣ ਰਹੇ ਹਨ। ਕੇਂਦਰ ਸਰਕਾਰ ਵੱਲੋਂ ਇਸ ਸਬੰਧੀ ਰਸਮੀ ਐਲਾਨ ਕਿਸੇ ਵੀ ਵੇਲੇ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਕੇਂਦਰ ਨੇ ਹਰਿਆਣਾ ਲਈ ਖ਼ਰੀਦ ਮਾਪਦੰਡਾਂ ਵਿੱਚ ਛੋਟ ਦੇਣ ਦਾ ਐਲਾਨ ਕਰ ਦਿੱਤਾ ਹੈ, ਜਿਸ ਤੋਂ ਬਾਅਦ ਹੁਣ ਪੰਜਾਬ ਵੀ ਇਸ ਫ਼ੈਸਲੇ ਦੀ ਉਡੀਕ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਕੇਂਦਰੀ ਟੀਮ ਨੇ ਪੰਜਾਬ ਦੇ 22 ਜ਼ਿਲ੍ਹਿਆਂ ਦੀਆਂ ਮੰਡੀਆਂ ਵਿੱਚੋਂ ਕਣਕ ਦੇ 291 ਨਮੂਨੇ ਇਕੱਠੇ ਕੀਤੇ ਸਨ, ਜਦਕਿ ਪਠਾਨਕੋਟ ਜ਼ਿਲ੍ਹੇ ਵਿੱਚ ਅਜੇ ਫ਼ਸਲ ਨਹੀਂ ਪਹੁੰਚੀ ਸੀ। ਇਹ ਨਮੂਨੇ ਭਾਰਤੀ ਖ਼ੁਰਾਕ ਨਿਗਮ ਦੀ ਚੰਡੀਗੜ੍ਹ ਸਥਿਤ ਲੈਬ ਵਿੱਚ ਜਾਂਚ ਲਈ ਭੇਜੇ ਗਏ, ਜਿੱਥੇ ਪੂਰੇ ਦਿਨ ਟੈਸਟਿੰਗ ਕੀਤੀ ਗਈ। ਦੇਰ ਸ਼ਾਮ ਤੱਕ ਤਿਆਰ ਕੀਤੀ ਗਈ ਰਿਪੋਰਟ ਖ਼ੁਰਾਕ ਮੰਤਰਾਲੇ ਨੂੰ ਭੇਜ ਦਿੱਤੀ ਗਈ ਹੈ। ਸੂਤਰਾਂ ਅਨੁਸਾਰ, ਨਮੂਨਿਆਂ ਵਿੱਚ ਲਸਟਰ ਲੌਸ ਨਿਰਧਾਰਤ ਮਾਪਦੰਡਾਂ ਤੋਂ ਵੱਧ ਪਾਇਆ ਗਿਆ ਹੈ। ਇਸ ਤੋਂ ਇਲਾਵਾ ਦਾਣਿਆਂ ਦੀ ਟੁੱਟ ਅਤੇ ਸੁੰਗੜੇ ਦਾਣੇ ਵੀ ਨਿਰਧਾਰਤ ਸੀਮਾਵਾਂ ਤੋਂ ਵੱਧ ਮਿਲੇ ਹਨ। ਦਾਣਿਆਂ ਦਾ ਕਾਲਾਪਣ ਵੀ ਵਧੇਰੇ ਦਰਜ ਕੀਤਾ ਗਿਆ ਹੈ, ਜਿਸ ਕਾਰਨ ਖ਼ਰੀਦ ਮਾਪਦੰਡਾਂ ’ਚ ਛੋਟ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ 9 ਅਪ੍ਰੈਲ ਨੂੰ ਰਾਜਸਥਾਨ ਲਈ ਵੀ ਖ਼ਰੀਦ ਮਾਪਦੰਡਾਂ ’ਚ ਛੋਟ ਦਾ ਐਲਾਨ ਕਰ ਚੁੱਕੀ ਹੈ। ਸੂਤਰ ਦੱਸਦੇ ਹਨ ਕਿ ਪੰਜਾਬ ਨੂੰ ਵੀ ਰਾਜਸਥਾਨ ਦੇ ਮਾਡਲ ’ਤੇ ਹੀ ਛੋਟ ਦਿੱਤੀ ਜਾ ਸਕਦੀ ਹੈ। ਮੌਜੂਦਾ ਨਿਯਮਾਂ ਅਨੁਸਾਰ ਦਾਣਿਆਂ ਦੀ ਟੁੱਟ ਛੇ ਫ਼ੀਸਦੀ ਤੱਕ ਮਨਜ਼ੂਰ ਹੈ, ਜਦਕਿ ਰਾਜਸਥਾਨ ਨੂੰ 15 ਫ਼ੀਸਦੀ ਤੱਕ ਛੋਟ ਦਿੱਤੀ ਗਈ ਹੈ। ਇਸੇ ਤਰ੍ਹਾਂ ਲਸਟਰ ਲੌਸ ਅਤੇ ਨੁਕਸਾਨੇ ਦਾਣਿਆਂ ਵਿੱਚ ਵੀ ਵੱਡੀ ਰਾਹਤ ਦਿੱਤੀ ਗਈ ਸੀ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਵਿੱਚ ਵੀ ਮੌਸਮੀ ਅਸਰਾਂ ਕਾਰਨ ਫ਼ਸਲ ਦੀ ਗੁਣਵੱਤਾ ਪ੍ਰਭਾਵਿਤ ਹੋਈ ਹੈ। ਸੂਬਾ ਸਰਕਾਰ ਦੇ ਅਨੁਸਾਰ ਕਰੀਬ 1.30 ਲੱਖ ਏਕੜ ਫ਼ਸਲ ਬਾਰਿਸ਼ਾਂ ਨਾਲ ਨੁਕਸਾਨੀ ਹੋਈ ਹੈ ਅਤੇ ਇਸ ਸਬੰਧੀ ਵਿਸ਼ੇਸ਼ ਗਿਰਦਾਵਰੀ ਜਾਰੀ ਹੈ। ਸਰਕਾਰ ਨੇ ਇਸ ਸੀਜ਼ਨ ਲਈ 122 ਲੱਖ ਮੈਟ੍ਰਿਕ ਟਨ ਕਣਕ ਖ਼ਰੀਦਣ ਦਾ ਟੀਚਾ ਰੱਖਿਆ ਹੈ। ਹੁਣ ਤੱਕ ਮੰਡੀਆਂ ਵਿੱਚ 6.53 ਲੱਖ ਮੈਟ੍ਰਿਕ ਟਨ ਤੋਂ ਵੱਧ ਕਣਕ ਪਹੁੰਚ ਚੁੱਕੀ ਹੈ, ਪਰ ਸਖ਼ਤ ਮਾਪਦੰਡਾਂ ਕਾਰਨ ਖ਼ਰੀਦ ਦੀ ਗਤੀ ਹੌਲੀ ਰਹੀ ਹੈ। ਹੁਣ ਤੱਕ ਕੇਵਲ 2.47 ਲੱਖ ਮੈਟ੍ਰਿਕ ਟਨ ਕਣਕ ਦੀ ਖ਼ਰੀਦ ਹੋਈ ਹੈ, ਜੋ ਲਗਭਗ 38 ਫ਼ੀਸਦੀ ਹੈ। ਸੂਬਾ ਸਰਕਾਰ ਨੂੰ ਉਮੀਦ ਹੈ ਕਿ 16 ਅਪ੍ਰੈਲ ਨੂੰ ਕੇਂਦਰ ਵੱਲੋਂ ਛੋਟ ਦਾ ਐਲਾਨ ਹੋ ਸਕਦਾ ਹੈ, ਜਿਸ ਤੋਂ ਬਾਅਦ 17 ਅਪ੍ਰੈਲ ਤੋਂ ਮੰਡੀਆਂ ਵਿੱਚ ਖ਼ਰੀਦ ਤੇਜ਼ ਹੋ ਜਾਵੇਗੀ। ਇਸ ਦੌਰਾਨ ਭਾਰਤੀ ਖ਼ੁਰਾਕ ਨਿਗਮ ਨੇ ਪੰਜਾਬ ਦੀਆਂ ਮੰਡੀਆਂ ਤੋਂ ਕਣਕ ਦੀ ਸਿੱਧੀ ਚੁਕਾਈ ਵੀ ਸ਼ੁਰੂ ਕਰ ਦਿੱਤੀ ਹੈ। ਖੰਨਾ ਮੰਡੀ ਤੋਂ ਪਹਿਲੀ ਟਰੇਨ ਇਸ ਤਹਿਤ ਲੋਡ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਨੂੰ 22 ਲੱਖ ਟਨ ਕਣਕ ਸਿੱਧੀ ਚੁਕਾਈ ਲਈ ਕਿਹਾ ਗਿਆ ਸੀ। ਜਾਣਕਾਰੀ ਮੁਤਾਬਕ, ਇਸ ਪ੍ਰਕਿਰਿਆ ਤਹਿਤ ਰੋਜ਼ਾਨਾ ਔਸਤ 20 ਟਰੇਨਾਂ ਪੰਜਾਬ ਤੋਂ ਲੋਡ ਕੀਤੀਆਂ ਜਾਣਗੀਆਂ। ਇਸੇ ਦੌਰਾਨ, ਭਾਰਤੀ ਖ਼ੁਰਾਕ ਨਿਗਮ ਦੇ ਅੰਕੜਿਆਂ ਅਨੁਸਾਰ 2026-27 ਦੇ ਹਾੜ੍ਹੀ ਮੰਡੀਕਰਨ ਸੀਜ਼ਨ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਹੁਣ ਤੱਕ 15.30 ਲੱਖ ਟਨ ਹੀ ਹੋਈ ਹੈ, ਜੋ ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ ਲਗਭਗ 69 ਫ਼ੀਸਦੀ ਘੱਟ ਹੈ। ਪਿਛਲੇ ਸਾਲ ਇਸੇ ਸਮੇਂ ਦੌਰਾਨ 50.08 ਲੱਖ ਟਨ ਕਣਕ ਦੀ ਖ਼ਰੀਦ ਹੋ ਚੁੱਕੀ ਸੀ।