ਜੋਧਪੁਰ ਵਿੱਚ ਜਾਰੀ ਹੈ ਬਹੁ-ਰਾਸ਼ਟਰੀ ਹਵਾਈ ਅਭਿਆਸ ‘ਤਰੰਗ ਸ਼ਕਤੀ 2026’; ਵੱਖ-ਵੱਖ ਦੇਸ਼ਾਂ ਦੀਆਂ ਹਵਾਈ ਫ਼ੌਜਾਂ ਲੈ ਰਿਹੈ ਹਿੱਸਾ
- ਵਿਦੇਸ਼
- (Asia/Kolkata)
ਰਾਜਸਥਾਨ ਦੇ ਜੋਧਪੁਰ ਵਿਖੇ ਚੱਲ ਰਹੇ ਪ੍ਰਮੁੱਖ ਬਹੁ-ਰਾਸ਼ਟਰੀ ਹਵਾਈ ਅਭਿਆਸ ‘ਤਰੰਗ ਸ਼ਕਤੀ 2026’ ਦੇ ਦੂਜੇ ਸੰਸਕਰਨ ਦੌਰਾਨ ਵੱਖ-ਵੱਖ ਦੇਸ਼ਾਂ ਦੇ ਹਵਾਈ ਅਮਲੇ ਅਤੇ ਟੀਮਾਂ ਵਿਚਕਾਰ ਪੇਸ਼ੇਵਰ ਗੱਲਬਾਤ ਅਤੇ ਸਹਿਯੋਗ ਲਗਾਤਾਰ ਜਾਰੀ ਹੈ। ਰੱਖਿਆ ਮੰਤਰਾਲੇ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਇਸ ਅਭਿਆਸ ਨਾਲ ਦੇਸ਼ਾਂ ਵਿਚਕਾਰ ਸਾਂਝੇਦਾਰੀ ਨੂੰ ਹੋਰ ਮਜ਼ਬੂਤੀ ਮਿਲ ਰਹੀ ਹੈ। ਮੰਤਰਾਲੇ ਵੱਲੋਂ ਸੋਸ਼ਲ ਮੀਡੀਆ 'ਤੇ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੋਧਪੁਰ ਦਾ ਅਸਮਾਨ ਇਸ ਸਮੇਂ ਬਹੁ-ਰਾਸ਼ਟਰੀ ਹਵਾਈ ਗਤੀਵਿਧੀਆਂ ਨਾਲ ਗੂੰਜ ਰਿਹਾ ਹੈ। ‘ਤਰੰਗ ਸ਼ਕਤੀ 26’ ਦੇ ਅੱਗੇ ਵਧਣ ਨਾਲ, ਇਸ ਵਿੱਚ ਹਿੱਸਾ ਲੈ ਰਹੀਆਂ ਵੱਖ-ਵੱਖ ਦੇਸ਼ਾਂ ਦੀਆਂ ਹਵਾਈ ਫ਼ੌਜਾਂ ਇੱਕ ਚੁਣੌਤੀਪੂਰਨ ਮਾਹੌਲ ਵਿੱਚ ਫਲਾਇੰਗ ਓਪਰੇਸ਼ਨਾਂ, ਸੰਚਾਲਨ ਅਨੁਭਵਾਂ ਅਤੇ ਸਿਖਲਾਈ ਨੂੰ ਆਪਸ ਵਿੱਚ ਸਾਂਝਾ ਕਰ ਰਹੀਆਂ ਹਨ। ਵੱਖ-ਵੱਖ ਦੇਸ਼ਾਂ ਦੇ ਲੜਾਕੂ ਜਹਾਜ਼ਾਂ ਦੀ ਇਸ ਸਾਂਝੀ ਤਾਇਨਾਤੀ ਨਾਲ ਅੰਤਰ-ਕਾਰਜਸ਼ੀਲਤਾ (Interoperability), ਤਾਲਮੇਲ ਅਤੇ ਆਪਸੀ ਸਮਝ ਨੂੰ ਵਧਾਉਣ ਵਿੱਚ ਵੱਡੀ ਮਦਦ ਮਿਲ ਰਹੀ ਹੈ। ਭਾਰਤੀ ਹਵਾਈ ਸੈਨਾ ਵੱਲੋਂ 26 ਸਤੰਬਰ ਤੋਂ 12 ਅਕਤੂਬਰ ਤੱਕ ਜੋਧਪੁਰ ਦੇ ਏਅਰ ਫ਼ੋਰਸ ਸਟੇਸ਼ਨ 'ਤੇ ਇਸ ਅਭਿਆਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮਹੱਤਵਪੂਰਨ ਬਹੁ-ਰਾਸ਼ਟਰੀ ਅਭਿਆਸ ਵਿੱਚ ਸੱਤ ਦੋਸਤਾਨਾ ਵਿਦੇਸ਼ੀ ਦੇਸ਼ ਆਪਣੇ ਹਵਾਈ ਸਾਧਨਾਂ ਨਾਲ ਸਿੱਧੇ ਤੌਰ 'ਤੇ ਹਿੱਸਾ ਲੈ ਰਹੇ ਹਨ, ਜਦੋਂ ਕਿ 32 ਦੇਸ਼ਾਂ ਦੇ ਨਿਰੀਖਕ ਵੀ ਇਸ ਵਿੱਚ ਮੌਜੂਦ ਹਨ। ਇਸ ਅਭਿਆਸ ਦਾ ਮੁੱਖ ਉਦੇਸ਼ ਯਥਾਰਥਵਾਦੀ ਬਹੁ-ਰਾਸ਼ਟਰੀ ਆਪਰੇਸ਼ਨ, ਸੰਯੁਕਤ ਹਵਾਈ ਮਿਸ਼ਨ, ਰਣਨੀਤਕ ਸਿਖਲਾਈ ਅਤੇ ਵਧੀਆ ਅਭਿਆਸਾਂ ਨੂੰ ਅਪਣਾਉਣਾ ਹੈ। ਇਸ ਅਭਿਆਸ ਵਿੱਚ ਕਈ ਵੱਡੇ ਦੇਸ਼ ਆਪਣੇ ਅਡਵਾਂਸ ਜਹਾਜ਼ਾਂ ਨਾਲ ਸ਼ਾਮਲ ਹੋਏ ਹਨ। ਫਰਾਂਸ ਆਪਣੇ ਰਾਫ਼ੇਲ (Rafale), A400M ਅਤੇ MRTT ਜਹਾਜ਼ਾਂ ਨਾਲ ਹਿੱਸਾ ਲੈ ਰਿਹਾ ਹੈ, ਜਦਕਿ ਸੰਯੁਕਤ ਅਰਬ ਅਮੀਰਾਤ (UAE) F-16 ਅਤੇ ਗਲੋਬਲ 6000 ਨਾਲ ਸ਼ਾਮਲ ਹੈ। ਇਸ ਤੋਂ ਇਲਾਵਾ ਰਾਇਲ ਆਸਟ੍ਰੇਲੀਅਨ ਏਅਰ ਫ਼ੋਰਸ C-130J, ਜਰਮਨ ਏਅਰ ਫ਼ੋਰਸ A400M, ਸ਼੍ਰੀਲੰਕਾ KA-360ER ਨਿਗਰਾਨੀ ਜਹਾਜ਼ ਅਤੇ ਬੰਗਲਾਦੇਸ਼ ਹਵਾਈ ਸੈਨਾ C-130J ਨਾਲ ਭਾਗੀਦਾਰੀ ਕਰ ਰਹੀ ਹੈ। ਇਸ ਅਭਿਆਸ ਦਾ ਸਭ ਤੋਂ ਵੱਡਾ ਆਕਰਸ਼ਣ ਅਮਰੀਕਾ ਦੀ ਸ਼ਮੂਲੀਅਤ ਰਹੀ ਹੈ, ਜਿਸ ਨੇ ਆਪਣੇ ਅਤਿ-ਆਧੁਨਿਕ F-35A ਲੜਾਕੂ ਜਹਾਜ਼ ਅਤੇ KC-135 ਟੈਂਕਰ ਇਸ ਅਭਿਆਸ ਵਿੱਚ ਉਤਾਰੇ ਹਨ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਧਰਤੀ 'ਤੇ ਕਿਸੇ ਫ਼ੌਜੀ ਅਭਿਆਸ ਵਿੱਚ ਪੰਜਵੀਂ ਪੀੜ੍ਹੀ ਦੇ ਇਸ ਅਡਵਾਂਸ ਜੈੱਟ ਨੇ ਹਿੱਸਾ ਲਿਆ ਹੈ। ਪਿਛਲੇ ਮਹੀਨੇ ਵਾਇਸ ਚੀਫ਼ ਆਫ਼ ਦੀ ਏਅਰ ਸਟਾਫ਼, ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਕਿਹਾ ਸੀ ਕਿ ਇਹ ਅਭਿਆਸ ਭਾਰਤ ਨੂੰ ਦੋਸਤਾਨਾ ਭਾਈਵਾਲ ਦੇਸ਼ਾਂ ਸਾਹਮਣੇ ਆਪਣੇ ਏਰੋਸਪੇਸ ਅਤੇ ਰੱਖਿਆ ਉਦਯੋਗਾਂ ਦੀਆਂ ਵਧਦੀਆਂ ਸਮਰੱਥਾਵਾਂ ਨੂੰ ਪ੍ਰਦਰਸ਼ਤ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਦਾ ਹੈ।
Leave a Reply