15 ਦਸੰਬਰ ਨੂੰ ਸੀਟੂ ਦੇ ਝੰਡੇ ਲਹਿਰਾ ਕੇ ਰਾਜ ਭਰ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ : ਸੀਟੂ ਆਗੂ
- ਸੰਗਰੂਰ
- (Asia/Kolkata)
ਸੰਗਰੂਰ,9 ਦਸੰਬਰ (ਜਗਸੀਰ ਸਿੰਘ ) - ਸੈੱਟਰ ਆਫ਼ ਇੰਡੀਅਨ ਟਰੇਡ ਯੂਨੀਅਨਜ ਸੀਟੂ ਨਾਲ ਸਬੰਧਤ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਸਕੱਤਰੇਤ ਦੀ ਮੀਟਿੰਗ ਸਾਥੀ ਸ਼ੇਰ ਸਿੰਘ ਫਰਵਾਹੀ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਸੀਟੂ ਪੰਜਾਬ ਦੇ ਸੂਬਾਈ ਪ੍ਰਧਾਨ ਸਾਥੀ ਚੰਦਰ ਸ਼ੇਖਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਨੇ ਦੱਸਿਆ ਕਿ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਦੋ ਮਿੰਟ ਮੋਨ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਸੀਟੂ ਪੰਜਾਬ ਦੇ ਸੂਬਾਈ ਪ੍ਰਧਾਨ ਸਾਥੀ ਚੰਦਰ ਸ਼ੇਖਰ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਬਾਬਾ ਸਾਹਿਬ ਵੱਲੋਂ ਲਿਖੇ ਸੰਵਿਧਾਨ ਨੂੰ ਤੋੜਨ ਲਈ ਯਤਨਸ਼ੀਲ ਹੈ। ਸਰਕਾਰ ਦੇ ਇਨ੍ਹਾਂ ਯਤਨਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਭਾਰਤ ਦੇ ਸੰਵਿਧਾਨ ਦੀ ਹਰ ਕੀਮਤ ਤੇ ਰਾਖੀ ਕੀਤੀ ਜਾਵੇਗੀ। 15 ਦਸੰਬਰ ਨੂੰ ਸੀਟੂ ਦੇ ਸੰਸਥਾਪਕ ਜਨਰਲ ਸਕੱਤਰ ਸਾਥੀ ਪੀ.ਰਾਮਾ ਮੂਰਤੀ ਦੇ ਸਦੀਵੀ ਵਿਛੋੜੇ ਦਾ ਦਿਨ ਹੈ। ਸਾਥੀ ਪੀ.ਰਾਮਾਂ ਮੂਰਤੀ ਨੇ 1970 ਵਿੱਚ ਜਮਾਤੀ ਭਿਆਲੀ ਦੀ ਲਾਈਨ ਵਿਰੁੱਧ " ਏਕਤਾ ਅਤੇ ਸੰਘਰਸ਼" ਦਾ ਨਾਅਰਾ ਦਿੱਤਾ ਸੀਟੂ ਦਾ ਨਿਰਮਾਣ ਕੀਤਾ ਸੀ।ਉਸ ਸਮੇਂ ਉਨ੍ਹਾਂ ਨੇ ਕਾਮਰੇਡ ਬੀ.ਟੀ ਰਣਧੀਵੇ ਨਾਲ ਮਿਲ ਕੇ ਸੀਟੂ ਦਾ ਪ੍ਰੋਗਰਾਮ ਅਤੇ ਸੰਵਿਧਾਨ ਲਿਖਿਆ।ਜਿਸ ਦੇ ਸਿੱਟੇ ਵਜੋਂ ਅੱਜ ਸੀਟੂ ਦੇਸ਼ ਦੀਆਂ 10 ਕੇਂਦਰੀ ਟਰੇਡ ਯੂਨੀਅਨਾਂ ਵਿਚੋਂ ਇੱਕ ਪ੍ਰਮੁੱਖ ਜੱਥੇਬੰਦੀ ਹੈ। ਇਸ ਲਈ ਆਲ ਇੰਡੀਆ ਸੀਟੂ ਦੇ ਸੱਦੇ ਤੇ ਰਾਜ਼ ਭਰ ਵਿੱਚ ਸੀਟੂ ਨਾਲ ਸਬੰਧਤ ਮਨਰੇਗਾ ਮਜ਼ਦੂਰ ਅਪਣੇ ਕੰਮ ਵਾਲੀਆਂ ਥਾਵਾਂ , ਅਪਣੇ ਘਰਾਂ ਦੀਆਂ ਛੱਤਾਂ, ਅਤੇ ਗੇਟਾਂ ਉੱਤੇ ਸੀਟੂ ਦੇ ਝੰਡੇ ਲਹਿਰਾ ਕੇ ਸਾਥੀ ਪੀ.ਰਾਮਾ ਮੂਰਤੀ ਨੂੰ ਸ਼ਰਧਾਂਜਲੀ ਭੇਂਟ ਕਰਨਗੇ। ਮੀਟਿੰਗ ਦੌਰਾਨ ਸੀਟੂ ਦੀ 17 ਵੀਂ ਸੂਬਾਈ ਸਫਲ ਕਾਨਫਰੰਸ ਜ਼ੋ 25-26 ਨਵੰਬਰ 2025 ਨੂੰ ਸੰਗਰੂਰ ਵਿਖੇ ਕੀਤੀ ਗਈ ਹੈ,ਦਾ ਰੀਵਿਊ ਵੀ ਕੀਤਾ ਗਿਆ। ਮਨਰੇਗਾ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰੇਤ ਨੇ ਕੇਂਦਰੀ ਖੇਤੀਬਾੜੀ ਮੰਤਰੀ ਵੱਲੋਂ ਦਿੱਤੇ ਗਏ ਬਿਆਨ ਅਤੇ ਪੰਜਾਬ ਸਰਕਾਰ ਵੱਲੋਂ ਮਨਰੇਗਾ ਮਜ਼ਦੂਰਾਂ ਨੂੰ 150 ਦਿਨਾਂ ਦੇ ਕੰਮ ਦੇਣ ਲਈ ਜਾਰੀ ਕੀਤੇ ਨੋਟੀਫਿਕੇਸ਼ਨ ਦਾ ਗੰਭੀਰ ਨੋਟਿਸ ਲੈਂਦਿਆਂ ਫੈਸਲਾ ਕੀਤਾ ਹੈ ਕਿ ਉਹ ਪਿੰਡ - ਪਿੰਡ ਇਸ ਦੀ ਅਸਲੀਅਤ ਬਾਰੇ ਮਜ਼ਦੂਰਾਂ ਨੂੰ ਜਾਣਕਾਰੀ ਦੇਣ ਲਈ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਬੰਦ ਕੀਤੇ ਕੰਮਾਂ ਨੂੰ ਚਲਾਉਣ ਲਈ ਸੰਘਰਸ਼ ਤੇਜ਼ ਕਰਨ, 18 ਦਸੰਬਰ ਤੋਂ 25 ਦਸੰਬਰ ਤੱਕ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਇਸ ਤੋਂ ਉਪਰੰਤ ਐਸ. ਡੀ.ਐਮ ਅਤੇ ਬੀ.ਡੀ.ਪੀ.ਓ.ਰਾਹੀਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਬੰਦ ਕੀਤੇ ਕੰਮ ਚਲਾਉਣ ਲਈ, ਕਾਨੂੰਨ ਅਨੁਸਾਰ ਕੰਮ ਪੂਰਾ ਨਾਂ ਦੇਣ ਦੀ ਸੂਰਤ ਵਿੱਚ ਬੇ-ਰੁਜਗਾਰੀ ਭੱਤਾ ਦੇਣ ਲਈ ਮੰਗ ਪੱਤਰ ਦਿੱਤੇ ਜਾਣਗੇ।ਇਹ ਵੀ ਫੈਸਲਾ ਕੀਤਾ ਗਿਆ ਕਿ ਸਾਲ 2025 ਦੀ ਮੈਂਬਰਸ਼ਿਪ ਫੀਸ 31 ਦਸੰਬਰ ਤੱਕ ਸੂਬਾ ਸੀਟੂ ਨੂੰ ਜਮਾਂ ਕਰਵਾ ਦਿੱਤੀ ਜਾਵੇਗੀ ਅਤੇ ਮਜ਼ਦੂਰ ਵਿਰੋਧੀ 4 ਲੇਬਰ ਕੋਡਾਂ ਵਿਰੁੱਧ ਮੁਹਿੰਮ ਚਲਾਈ ਜਾਵੇਗੀ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਿੱਤ ਸਕੱਤਰ ਸਾਥੀ ਗੁਰਨਾਮ ਸਿੰਘ ਘਨੌਰ, ਸਤਵੀਰ ਤੁੰਗਾਂ, ਹਰਪ੍ਰੀਤ ਕੌਰ ਸਮਸ਼ਪੁਰ,ਨਿਰਮਲ ਸਿੰਘ ਕੁੱਪ ਕਲਾਂ, ਕਰਮਜੀਤ ਭੌਰਲਾ ਆਦਿ ਹਾਜ਼ਰ ਸਨ।
Leave a Reply