ਮੁਕਤਸਰ ਵਿੱਚ ਗੁਰਦੁਆਰਾ ਕਮੇਟੀ ਦੇ ਕਬਜ਼ੇ ’ਤੇ ਟਕਰਾਅ, ਵਾਹਨਾਂ ਦੀ ਭੰਨਤੋੜ ਅਤੇ ਕਈ ਜ਼ਖ਼ਮੀ
- ਪੰਜਾਬ
- (Asia/Kolkata)
ਮੁਕਤਸਰ ਜ਼ਿਲ੍ਹੇ ਦੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਪਿੰਡ ਭੂੰਦੜ ਵਿੱਚ ਸਥਿਤ ਗੁਰਦੁਆਰਾ ਬਾਬਾ ਭੂੰਦੜ ਸਾਹਿਬ ਕੰਪਲੈਕਸ ਦੇ ਅੰਦਰ ਸ਼ੁੱਕਰਵਾਰ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ੇ ਨੂੰ ਲੈ ਕੇ ਦੋ ਗੁੱਟਾਂ ਵਿਚਕਾਰ ਹੋਈ ਹਿੰਸਕ ਝੜਪ ਵਿੱਚ ਇੱਕ ਸਾਬਕਾ ਸਰਪੰਚ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ ਅਤੇ ਤਿੰਨ ਵਾਹਨਾਂ ਦੀ ਭੰਨਤੋੜ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀਆਂ ਵਿੱਚੋਂ ਤਿੰਨ ਦੇ ਗੋਲੀਆਂ ਦੇ ਛਰਰੇ ਲੱਗੇ ਹਨ, ਜਦੋਂ ਕਿ ਇੱਕ ਹੋਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਹੈ। ਜ਼ਖਮੀਆਂ ਨੂੰ ਮੁਕਤਸਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਕੁਝ ਪਿੰਡ ਵਾਸੀਆਂ ਅਨੁਸਾਰ ਗੁਰਦੁਆਰੇ ਦੇ ਪ੍ਰਬੰਧ ਨੂੰ ਲੈ ਕੇ ਵਿਵਾਦ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਸੀ। ਸੂਤਰਾਂ ਨੇ ਦੱਸਿਆ ਕਿ ਗੁਰਦੁਆਰਾ ਕਮੇਟੀ ਪਿਛਲੇ ਕਰੀਬ ਪੰਜ ਸਾਲਾਂ ਤੋਂ ਮਹਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੰਮ ਕਰ ਰਹੀ ਸੀ। ਸ਼ੁੱਕਰਵਾਰ ਨੂੰ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨਾਲ ਸਬੰਧਤ ਪਿੰਡ ਦੇ ਸਰਪੰਚ ਅਮਨਦੀਪ ਸਿੰਘ ਦੀ ਅਗਵਾਈ ਵਾਲਾ ਇੱਕ ਸਮੂਹ ਕਥਿਤ ਤੌਰ 'ਤੇ ਕਈ ਸਮਰਥਕਾਂ ਸਮੇਤ ਗੁਰਦੁਆਰੇ ਪਹੁੰਚਿਆ, ਜਿਨ੍ਹਾਂ ਨੇ ਪਹਿਲਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ ਉਤਾਰ ਦਿੱਤੇ। ਸੂਤਰਾਂ ਨੇ ਦੱਸਿਆ ਕਿ ਇਸ ਕਾਰਨ ਦੋਵਾਂ ਧਿਰਾਂ ਵਿਚਾਲੇ ਤਣਾਅ ਪੈਦਾ ਹੋ ਗਿਆ ਅਤੇ ਜਲਦੀ ਹੀ ਤਕਰਾਰ ਹੱਥੋਪਾਈ ਵਿੱਚ ਬਦਲ ਗਈ ਅਤੇ ਬਾਅਦ ਵਿੱਚ ਗੋਲੀਬਾਰੀ ਸ਼ੁਰੂ ਹੋ ਗਈ। ਕੁਝ ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਝੜਪ ਦੌਰਾਨ ਸਾਬਕਾ ਸਰਪੰਚ ਸੁਖਦੇਵ ਸਿੰਘ ਅਤੇ ਕੁਝ ਹੋਰਾਂ 'ਤੇ ਗੋਲੀਆਂ ਚਲਾਈਆਂ ਗਈਆਂ। ਜ਼ਖ਼ਮੀਆਂ ਦੀ ਪਛਾਣ ਸੁਖਦੇਵ ਸਿੰਘ, ਮਹਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਜਗਦੀਪ ਸਿੰਘ ਵਜੋਂ ਹੋਈ ਹੈ। ਮੌਕੇ 'ਤੇ ਪਹੁੰਚੀ ਥਾਣਾ ਕੋਟਭਾਈ ਦੀ ਐੱਸ ਐੱਚ ਓ ਸਬ-ਇੰਸਪੈਕਟਰ ਦੀਪਿਕਾ ਕੰਬੋਜ ਨੇ ਦੱਸਿਆ ਕਿ ਵਿਵਾਦ ਗੁਰਦੁਆਰੇ ਦੀ 'ਗੋਲਕ' (ਦਾਨ ਪਾਤਰ) ਖੋਲ੍ਹਣ ਨੂੰ ਲੈ ਕੇ ਸ਼ੁਰੂ ਹੋਇਆ ਸੀ। ਐੱਸ ਐੱਚ ਓ ਨੇ ਕਿਹਾ, "ਇੱਕ ਗਰੁੱਪ ਦੀ ਅਗਵਾਈ ਮੌਜੂਦਾ ਪ੍ਰਧਾਨ ਮਹਿੰਦਰ ਸਿੰਘ ਕਰ ਰਹੇ ਸਨ, ਜਦੋਂ ਕਿ ਦੂਜੇ ਗਰੁੱਪ ਦੀ ਅਗਵਾਈ ਸਰਪੰਚ ਅਮਨਦੀਪ ਸਿੰਘ ਕਰ ਰਹੇ ਸਨ। ਦੋਵਾਂ ਸਮੂਹਾਂ ਵਿੱਚ 15-20 ਵਿਅਕਤੀ ਸ਼ਾਮਲ ਸਨ। ਗੋਲੀਬਾਰੀ ਬਾਰੇ ਪੁਸ਼ਟੀ ਕੀਤੀ ਜਾ ਰਹੀ ਹੈ ਮੈਡੀਕਲ ਰਿਪੋਰਟ ਤੋਂ ਸਪੱਸ਼ਟ ਹੋ ਜਾਵੇਗਾ ਕਿ ਜ਼ਖ਼ਮ ਹਥਿਆਰ ਨਾਲ ਲੱਗੇ ਹਨ ਜਾਂ ਤੇਜ਼ਧਾਰ ਹਥਿਆਰ ਨਾਲ।" ਗਿੱਦੜਬਾਹਾ ਦੇ ਡੀ.ਐਸ.ਪੀ. ਅਰੁਣ ਮੁੰਡਨ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਵਿਗਾੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
Leave a Reply