ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ 5-5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇ ਚੈੱਕ ਵੰਡੇ

ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ 5-5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇ ਚੈੱਕ ਵੰਡੇ

ਸੂਬੇ ਦਾ ਕੋਈ ਵੀ ਪਿੰਡ ਤੇ ਸ਼ਹਿਰ ਵਿਕਾਸ ਪੱਖੋਂ ਅਧੂਰਾ ਨਹੀਂ ਰਹੇਗਾ – ਹਰਭਜਨ ਸਿੰਘ ਈ.ਟੀ.ਓ. ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਜੰਡਿਆਲਾ ਗੁਰੂ ਸਥਿਤ ਆਪਣੇ ਦਫ਼ਤਰ ਵਿਖੇ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ 5-5 ਲੱਖ ਰੁਪਏ ਦੀ ਵਿਸ਼ੇਸ਼ ਇਨਾਮੀ ਗ੍ਰਾਂਟ ਦੇ ਚੈੱਕ ਵੰਡੇ। ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡਾਂ ਸੁਰਜਣ ਸਿੰਘ ਵਾਲਾ, ਰੱਖ ਮਾਨਾਂਵਾਲਾ, ਵਡਾਲਾ ਡੋਗਰਾ, ਮਲਕਪੁਰ, ਭਗਵਾਨਸਰ, ਚੋਹਾਨ, ਮੱਲੀਆਂ, ਝੰਗੀ ਸਾਹਿਬ, ਨਿੱਜਰਪੁਰਾ, ਕੋਹਾਲਾ, ਮੀਰਾਚੱਕ, ਕੋਹਾਟਵਿੰਡ ਮੁਸਲਮਾਨਾਂ, ਕੋਟ ਹਿਯਾਤ, ਜੀਵਨ ਪੰਧੇਰ, ਸ਼ਾਹਪੁਰ ਖੁਰਦ, ਚਰਨ ਸਿੰਘ ਵਾਲਾ, ਰਾਏਪੁਰ ਖੁਰਦ, ਨੰਗਲੀ, ਨਵੀਂ ਨੰਗਲੀ, ਨੰਗਲੀ ਖ਼ੁਰਦ, ਜਲਾਲ, ਉਸਮਾ, ਦਿਆਲਗੜ੍ਹ, ਪੱਲਾ ਅਤੇ ਖੱਬੇ ਰਾਜਪੂਤਾਂ ਦੀਆਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਇਹ ਵਿਸ਼ੇਸ਼ ਗ੍ਰਾਂਟ ਪ੍ਰਦਾਨ ਕੀਤੀ ਗਈ। ਇਸ ਮੌਕੇ ਪੰਚਾਇਤੀ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿੰਡਾਂ ਵਿੱਚ ਭਾਈਚਾਰਕ ਸਾਂਝ ਅਤੇ ਇਕਜੁਟਤਾ ਨੂੰ ਮਜ਼ਬੂਤ ਕਰਨ ਲਈ ਐਲਾਨ ਕੀਤਾ ਸੀ ਕਿ ਜੋ ਪਿੰਡ ਆਪਣੀ ਪੰਚਾਇਤ ਸਰਬਸੰਮਤੀ ਨਾਲ ਚੁਣੇਗਾ, ਉਸਨੂੰ 5 ਲੱਖ ਰੁਪਏ ਦੀ ਵਿਸ਼ੇਸ਼ ਇਨਾਮੀ ਗ੍ਰਾਂਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਵਾਅਦੇ ਅਨੁਸਾਰ ਇਹ ਗ੍ਰਾਂਟ ਜਾਰੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਰਕਮ ਪਿੰਡਾਂ ਵਿੱਚ ਗਲੀਆਂ-ਨਾਲੀਆਂ, ਸਾਫ਼-ਸਫ਼ਾਈ ਪ੍ਰਬੰਧ, ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਢਾਂਚਾਗਤ ਸੁਵਿਧਾਵਾਂ ਦੇ ਵਿਕਾਸ ਲਈ ਵਰਤੀ ਜਾਵੇਗੀ। ਉਨ੍ਹਾਂ ਪੰਚਾਇਤੀ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਗ੍ਰਾਂਟ ਦੀ ਰਕਮ ਨੂੰ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਲੋਕ-ਹਿਤ ਵਿੱਚ ਖਰਚਿਆ ਜਾਵੇ। ਕੈਬਨਿਟ ਮੰਤਰੀ ਨੇ ਕਿਹਾ ਕਿ ਮਾਨ ਸਰਕਾਰ ਆਉਣ ਵਾਲੇ ਬਜਟ ਵਿੱਚ ਵਿਕਾਸ ਕਾਰਜਾਂ ਲਈ ਵੱਡੀ ਰਕਮ ਰੱਖ ਰਹੀ ਹੈ ਅਤੇ ਸੂਬੇ ਦਾ ਕੋਈ ਵੀ ਪਿੰਡ ਜਾਂ ਸ਼ਹਿਰ ਵਿਕਾਸ ਪੱਖੋਂ ਅਧੂਰਾ ਨਹੀਂ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿੱਥੇ ਮੁਫ਼ਤ ਸਿੱਖਿਆ, ਮੁਫ਼ਤ ਬਿਜਲੀ, ਮੁਫ਼ਤ ਸਿਹਤ ਸਹੂਲਤਾਂ ਅਤੇ ਮੁਫ਼ਤ ਯਾਤਰਾ ਵਰਗੀਆਂ ਲੋਕ-ਹਿਤੈਸ਼ੀ ਸਕੀਮਾਂ ਲਾਗੂ ਹਨ।