‘ਕਰੀਅਰ ਗੋਲਡਨ ਮਾਸਟਰਜ਼’ ਪੂਰਾ ਕਰਨ ਵਾਲਾ ਦੁਨੀਆ ਦਾ ਦੂਜਾ ਖਿਡਾਰੀ ਬਣਿਆ ਜੈਨਿਕ ਸਿਨਰ

‘ਕਰੀਅਰ ਗੋਲਡਨ ਮਾਸਟਰਜ਼’ ਪੂਰਾ ਕਰਨ ਵਾਲਾ ਦੁਨੀਆ ਦਾ ਦੂਜਾ ਖਿਡਾਰੀ ਬਣਿਆ ਜੈਨਿਕ ਸਿਨਰ

ਵਿਸ਼ਵ ਦੇ ਨੰਬਰ ਇੱਕ ਟੈਨਿਸ ਖਿਡਾਰੀ ਜੈਨਿਕ ਸਿਨਰ ਨੇ ਐਤਵਾਰ ਨੂੰ ਇਟਾਲੀਅਨ ਓਪਨ ਦਾ ਖਿਤਾਬ ਆਪਣੇ ਨਾਮ ਕਰ ਲਿਆ। 24 ਸਾਲਾ ਸਿਨਰ ਨੇ ਰੋਮ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਨਾਰਵੇ ਦੇ ਕੈਸਪਰ ਰੂਡ ਨੂੰ 6-4, 6-4 ਨਾਲ ਹਰਾਇਆ। ਇਸ ਜਿੱਤ ਨਾਲ ਜੈਨਿਕ ਸਿਨਰ ਨੇ ਟੈਨਿਸ ਇਤਿਹਾਸ ਵਿੱਚ ਸਾਰੇ ਨੌਂ ਏਟੀਪੀ ਮਾਸਟਰਜ਼ 1000 ਖਿਤਾਬ ਜਿੱਤ ਕੇ ‘ਕਰੀਅਰ ਗੋਲਡਨ ਮਾਸਟਰਜ਼’ ਪੂਰਾ ਕਰ ਲਿਆ ਹੈ। ਉਹ ਇਹ ਉਪਲਬਧੀ ਹਾਸਲ ਕਰਨ ਵਾਲਾ ਦੁਨੀਆ ਦਾ ਦੂਜਾ ਖਿਡਾਰੀ ਬਣ ਗਿਆ ਹੈ। ਸਿਨਰ ਤੋਂ ਪਹਿਲਾਂ ਇਹ ਕਾਰਨਾਮਾ ਸਿਰਫ 24 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨੋਵਾਕ ਜੋਕੋਵਿਚ ਨੇ ਹੀ ਕੀਤਾ ਸੀ। ਜੋਕੋਵਿਚ ਨੇ ਸਾਲ 2018 ਵਿੱਚ ਸਿਨਸਿਨਾਟੀ ਓਪਨ ਜਿੱਤ ਕੇ 31 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ‘ਗੋਲਡਨ ਮਾਸਟਰਜ਼’ ਪੂਰਾ ਕੀਤਾ ਸੀ। ਦੂਜੇ ਪਾਸੇ, ਇਟਲੀ ਦੇ ਜੈਨਿਕ ਸਿਨਰ ਨੇ ਇਹ ਵੱਡੀ ਉਪਲਬਧੀ ਸਿਰਫ 24 ਸਾਲ ਦੀ ਉਮਰ ਵਿੱਚ ਹੀ ਆਪਣੇ ਨਾਮ ਕਰ ਲਈ ਹੈ। ਇਸ ਸੀਜ਼ਨ ਵਿੱਚ ਲਗਾਤਾਰ ਛੇਵਾਂ ਮਾਸਟਰਜ਼ ਖਿਤਾਬ ਜਿੱਤ ਕੇ ਸਿਨਰ ਨੇ ਪੁਰਸ਼ ਟੈਨਿਸ ਵਿੱਚ ਆਪਣਾ ਦਬਦਬਾ ਹੋਰ ਮਜ਼ਬੂਤ ਕਰ ਲਿਆ ਹੈ। ਸਿਨਰ ਦੀ ਇਸ ਜਿੱਤ ਨੂੰ ਟੈਨਿਸ ਜਗਤ ਵਿੱਚ ਇੱਕ ਵੱਡੀ ਉਪਲਬਧੀ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਉਸਦੀ ਸ਼ਾਨਦਾਰ ਫਾਰਮ ਨੇ ਆਉਣ ਵਾਲੇ ਟੂਰਨਾਮੈਂਟਾਂ ਲਈ ਵੀ ਉਸਨੂੰ ਮਜ਼ਬੂਤ ਦਾਅਵੇਦਾਰ ਬਣਾ ਦਿੱਤਾ ਹੈ।