ਜਤਿੰਦਰ ਪੰਨੂੰ ਦੀ ਖੋਜ ਆਧਾਰਿਤ ਨਵੀਂ ਪੁਸਤਕ ‘ਪੰਜਾਬ ਦੇ ਲੋਕਤੰਤਰੀ ਇਤਿਹਾਸ ਦਾ ਸੰਖੇਪ ਸਾਰ’ ਲੋਕ ਅਰਪਣ
- ਵਿਦੇਸ਼
- (Asia/Kolkata)
ਪ੍ਰਗਤੀਸ਼ੀਲ ਲੇਖਕ ਸੰਘ ਲੁਧਿਆਣਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵਿਸ਼ੇਸ਼ ਸਹਿਯੋਗ ਨਾਲ ਇੱਕ ਭਰਵੇਂ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸਿਰਮੌਰ ਅਤੇ ਉੱਘੇ ਪੱਤਰਕਾਰ ਜਤਿੰਦਰ ਪੰਨੂੰ ਦੀ ਖੋਜ ਆਧਾਰਿਤ ਵੱਡ-ਆਕਾਰੀ ਪੁਸਤਕ “ਪੰਜਾਬ ਦੇ ਲੋਕਤੰਤਰੀ ਇਤਿਹਾਸ ਦਾ ਸੰਖੇਪ ਸਾਰ” ਨੂੰ ਪ੍ਰਮੁੱਖ ਹਸਤੀਆਂ ਦੁਆਰਾ ਰਸਮੀ ਤੌਰ ’ਤੇ ਲੋਕ ਅਰਪਣ ਕੀਤਾ ਗਿਆ। ਇਸ ਪ੍ਰਭਾਵਸ਼ਾਲੀ ਸਮਾਗਮ ਦੀ ਪ੍ਰਧਾਨਗੀ ਅੰਤਰਰਾਸ਼ਟਰੀ ਖਿਆਤੀ ਪ੍ਰਾਪਤ ਅਰਥਸ਼ਾਸਤਰੀ ਅਤੇ ਪਦਮ ਭੂਸ਼ਣ ਡਾ. ਸ. ਸ. ਜੌਹਲ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ’ਚ ਪ੍ਰਗਤੀਸ਼ੀਲ ਲੇਖਕ ਸੰਘ ਲੁਧਿਆਣਾ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਸਮਾਗਮ ਦੀ ਮਹੱਤਤਾ ਬਾਰੇ ਬੋਲਦਿਆਂ ਕਿਹਾ ਕਿ ਕਿਸੇ ਵੀ ਪੁਸਤਕ ਨੂੰ ਲੋਕ ਅਰਪਣ ਕਰਨ ਤੋਂ ਪਹਿਲਾਂ ਲੇਖਕ ਅਤੇ ਉਸ ਦੀ ਲਿਖਤ ਦੀ ਡੂੰਘੀ ਸਮਝ ਹੋਣਾ ਜ਼ਰੂਰੀ ਹੈ, ਅਤੇ ਪੰਜਾਬੀ ਜਗਤ ਜਤਿੰਦਰ ਪੰਨੂੰ ਦੇ ਨਾਂ ਅਤੇ ਕਾਰਜਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹੈ। ਇਸੇ ਦੌਰਾਨ ਸੰਘ ਦੇ ਜਨਰਲ ਸਕੱਤਰ ਜਸਵੀਰ ਝੱਜ ਨੇ ਕਿਹਾ ਕਿ ਜਤਿੰਦਰ ਪੰਨੂੰ ਨਾ ਸਿਰਫ਼ ਇੱਕ ਸੀਨੀਅਰ ਪੱਤਰਕਾਰ ਹਨ, ਸਗੋਂ ਇੱਕ ਗੰਭੀਰ ਖੋਜੀ ਲੇਖਕ ਵਜੋਂ ਵੀ ਆਪਣੀ ਵੱਖਰੀ ਪਛਾਣ ਰੱਖਦੇ ਹਨ। ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਪੁਸਤਕ ਦੀ ਜਾਣ-ਪਛਾਣ ਕਰਵਾਉਂਦਿਆਂ ਇਸ ਨੂੰ ਰਾਜਨੀਤਕ ਤੇ ਸਮਾਜਿਕ ਖੇਤਰ ਦਾ ਇੱਕ ਵਡਮੁੱਲਾ ਹਵਾਲਾ-ਦਸਤਾਵੇਜ਼ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪੁਸਤਕ ਪੰਜਾਬ ਦੇ ਲੋਕਤੰਤਰੀ ਨਿਜ਼ਾਮ ਵਿੱਚ ਯੋਗਦਾਨ ਪਾਉਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਇਤਿਹਾਸ ਸਮੋਈ ਬੈਠੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪੁਸਤਕ ਇੱਕ ਨੀਂਹ ਵਾਂਗ ਹੈ, ਜਿਸ ਤੋਂ ਅੱਗੇ ਖੋਜ ਕਾਰਜ ਵਧਾਉਣਾ ਯੂਨੀਵਰਸਿਟੀਆਂ ਦੇ ਸਮਾਜ ਸ਼ਾਸਤਰੀਆਂ, ਰਾਜਨੀਤੀ ਸ਼ਾਸਤਰੀਆਂ ਅਤੇ ਯੋਜਨਾਕਾਰਾਂ ਦੀ ਜ਼ਿੰਮੇਵਾਰੀ ਹੈ। ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਸ. ਸ. ਜੌਹਲ ਨੇ ਕਿਹਾ ਕਿ ਲੇਖਕ ਨੇ ਇਸ ਪੁਸਤਕ ਵਿੱਚ ਇਤਿਹਾਸ ਦਾ ਸੰਖੇਪ ਸਾਰ ਪੇਸ਼ ਕੀਤਾ ਹੈ; ਜੇਕਰ ਘਟਨਾਵਾਂ ਨੂੰ ਹੋਰ ਵਿਸਥਾਰ ਦਿੱਤਾ ਜਾਂਦਾ ਤਾਂ ਇਹ ਗ੍ਰੰਥ ਰੂਪ ਧਾਰਨ ਕਰ ਲੈਂਦਾ। ਉਨ੍ਹਾਂ ਕਿਹਾ ਕਿ ਇਹ ਪੁਸਤਕ ਆਮ ਪਾਠਕਾਂ ਦੇ ਨਾਲ-ਨਾਲ ਸਰਕਾਰੀ ਅਧਿਕਾਰੀਆਂ ਲਈ ਵੀ ਬੇਹੱਦ ਜਾਣਕਾਰੀ ਭਰਪੂਰ ਸਾਬਤ ਹੋਵੇਗੀ। ਆਪਣੇ ਸੰਬੋਧਨ ਦੌਰਾਨ ਲੇਖਕ ਜਤਿੰਦਰ ਪੰਨੂੰ ਨੇ ਪੁਸਤਕ ਲਿਖਣ ਦੇ ਪਿਛੋਕੜ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਅੱਜ ਦੇ ਦੌਰ ਵਿੱਚ ਅਸੀਂ ਆਪਣੇ ਲੋਕਤੰਤਰੀ ਪਿਛੋਕੜ ਨੂੰ ਭੁੱਲਦੇ ਜਾ ਰਹੇ ਹਾਂ। ਸਰਕਾਰੀ ਰਿਕਾਰਡਾਂ ਵਿੱਚ ਵੀ ਭਾਰੀ ਗਲਤੀਆਂ ਅਤੇ ਉਣਤਾਈਆਂ ਮਿਲਦੀਆਂ ਹਨ, ਜਿਨ੍ਹਾਂ ਨੂੰ ਬਿਨਾਂ ਪੜਤਾਲ ਮੁੜ-ਮੁੜ ਦੁਹਰਾਇਆ ਜਾ ਰਿਹਾ ਹੈ। ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਮੌਤ ਤੋਂ ਬਾਅਦ ਜਿਮਨੀ ਚੋਣ ਜਿੱਤਣ ਵਾਲੀ ਉਨ੍ਹਾਂ ਦੀ ਪਤਨੀ ਸਰਦਾਰਨੀ ਰਾਮ ਕੌਰ ਦਾ ਨਾਂ ਤੱਕ ਵੀ ਸਰਕਾਰੀ ਇੰਦਰਾਜਾਂ ਵਿੱਚ ਸ਼ਾਮਲ ਨਹੀਂ ਹੈ। ਸਮਾਗਮ ਦੇ ਅੰਤ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਦੀ ਸੀਨੀਅਰ ਮੀਤ ਪ੍ਰਧਾਨ ਸਰਦਾਰਨੀ ਇੰਦਰਜੀਤ ਪਾਲ ਕੌਰ ਭਿੰਡਰ ਨੇ ਆਏ ਸਾਰੇ ਪੈਨਲਿਸਟਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਸਾਹਿਤਕ, ਸਮਾਜਿਕ ਅਤੇ ਪੱਤਰਕਾਰੀ ਖੇਤਰ ਦੀਆਂ ਅਨੇਕਾਂ ਨਾਮਵਰ ਹਸਤੀਆਂ ਮੌਜੂਦ ਸਨ, ਜਿਨ੍ਹਾਂ ਵਿੱਚ ਪ੍ਰਾਈਮ ਏਸ਼ੀਆ ਟੀਵੀ ਕੈਨੇਡਾ ਦੇ ਸੀ.ਈ.ਓ. ਅਮਨ ਖਟਕੜ, ਖ਼ਾਲਿਦ ਹੁਸੈਨ, ਨਾਵਲਕਾਰ ਬਲਬੀਰ ਪਰਵਾਨਾ, ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਨਿਰਮਲ ਜੌੜਾ, ਡਾ. ਜਗਵਿੰਦਰ ਜੋਧਾ, ਗੁਰਪ੍ਰੀਤ ਸਿੰਘ ਤੂਰ, ਕੇ. ਸਾਧੂ ਸਿੰਘ, ਪ੍ਰਿੰਸੀਪਲ ਕ੍ਰਿਸ਼ਨ ਸਿੰਘ, ਡਾ. ਗੁਰਇਕਬਾਲ ਸਿੰਘ, ਤੇਜ ਪ੍ਰਤਾਪ ਸਿੰਘ ਸੰਧੂ, ਬ੍ਰਿਜ ਭੂਸ਼ਨ ਗੋਇਲ, ਰਾਜਦੀਪ ਸਿੰਘ ਤੂਰ, ਬਰਜਿੰਦਰ ਕੌਰ ਬਿਸਰਾਓ, ਸੁਰਿੰਦਰ ਦੀਪ, ਹਰਵਿੰਦਰ ਥਰੀਕੇ, ਮਲਕੀਅਤ ਸਿੰਘ ਔਲਖ, ਤਰਲੋਚਨ ਝਾਂਡੇ, ਭਗਵਾਨ ਢਿੱਲੋਂ, ਦਲਵੀਰ ਲੁਧਿਆਣਵੀ, ਹਰੀਸ਼ ਮੋਦਗਿੱਲ, ਵਿਜੇ, ਅਸ਼ਵਨੀ ਜੇਤਲੀ ਪ੍ਰੇਮ, ਡਾ. ਤਰਲੋਚਨ ਸਿੰਘ, ਜਨਮੇਜਾ ਸਿੰਘ ਜੌਹਲ ਅਤੇ ਡਾ. ਦੁਲਚਾ ਸਿੰਘ ਬਰਾੜ ਸਮੇਤ ਵੱਡੀ ਗਿਣਤੀ ਵਿੱਚ ਲੇਖਕ ਤੇ ਬੁੱਧੀਜੀਵੀ ਸ਼ਾਮਲ ਹੋਏ।
Leave a Reply