ਸੁਨੰਦਾ ਸ਼ਰਮਾ ਨੇ ਗਾਜ਼ੀਆਬਾਦ ਵਿੱਚ ਲਾਈਵ ਸ਼ੋਅ ਅੱਧ ਵਿਚਕਾਰ ਰੱਦ ਕੀਤਾ
- ਪੰਜਾਬ
- (Asia/Kolkata)
ਪੰਜਾਬੀ ਗਾਇਕਾ Sunanda Sharma ਨੇ ਗਾਜ਼ੀਆਬਾਦ ਵਿੱਚ ਹੋ ਰਹੇ ਆਪਣੇ ਲਾਈਵ ਸ਼ੋਅ ਨੂੰ ਅੱਧ ਵਿਚਕਾਰ ਹੀ ਰੱਦ ਕਰ ਦਿੱਤਾ। ਇਹ ਫੈਸਲਾ ਉਸ ਸਮੇਂ ਲਿਆ ਗਿਆ ਜਦੋਂ ਪ੍ਰਦਰਸ਼ਨ ਦੌਰਾਨ ਇੱਕ ਨੌਜਵਾਨ ਸਟੇਜ ‘ਤੇ ਚੜ੍ਹ ਆਇਆ ਅਤੇ ਸੁਰੱਖਿਆ ਵਿੱਚ ਗੰਭੀਰ ਚੂਕ ਸਾਹਮਣੇ ਆਈ। ਜਾਣਕਾਰੀ ਮੁਤਾਬਕ, ਇਹ ਘਟਨਾ 3 ਅਪ੍ਰੈਲ ਦੀ ਰਾਤ ਨੂੰ ਆਰਕੇਜੀਆਈਟੀ ਕਾਲਜ ਵਿੱਚ ਹੋਏ ਇੱਕ ਪ੍ਰੋਗਰਾਮ ਦੌਰਾਨ ਵਾਪਰੀ। ਪ੍ਰਦਰਸ਼ਨ ਦੌਰਾਨ ਇੱਕ ਨੌਜਵਾਨ ਅਚਾਨਕ ਸਟੇਜ ‘ਤੇ ਪਹੁੰਚ ਗਿਆ ਅਤੇ ਗਾਇਕਾ ਨੂੰ ਛੂਹਣ ਦੀ ਕੋਸ਼ਿਸ਼ ਕਰਦਿਆਂ ਉਸਦੇ ਪੈਰਾਂ ਵਿੱਚ ਡਿੱਗ ਪਿਆ। ਜਿਵੇਂ ਹੀ ਨੌਜਵਾਨ ਨੇ ਉਸਨੂੰ ਛੂਹਿਆ, ਸੁਨੰਦਾ ਸ਼ਰਮਾ ਡਰ ਗਈ ਅਤੇ ਉੱਚੀ ਆਵਾਜ਼ ਵਿੱਚ ਚੀਕ ਮਾਰਦਿਆਂ ਸਟੇਜ ਦੇ ਪਿੱਛੇ ਚਲੀ ਗਈ। ਮਾਈਕ੍ਰੋਫੋਨ ਚਾਲੂ ਹੋਣ ਕਾਰਨ ਉਸਦੀ ਚੀਕ ਦਰਸ਼ਕਾਂ ਤੱਕ ਸਾਫ਼ ਸੁਣਾਈ ਦਿੱਤੀ, ਜਿਸ ਨਾਲ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਨੌਜਵਾਨ ਲਗਭਗ ਦੋ ਮਿੰਟ ਤੱਕ ਸਟੇਜ ‘ਤੇ ਮੌਜੂਦ ਰਿਹਾ। ਘਟਨਾ ਦੀ ਆਵਾਜ਼ ਸੁਣਦੇ ਹੀ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਨੌਜਵਾਨ ਨੂੰ ਸਟੇਜ ਤੋਂ ਹਟਾ ਦਿੱਤਾ। ਬਾਊਂਸਰਾਂ ਨੇ ਵੀ ਉਸਨੂੰ ਕਾਬੂ ਕਰਕੇ ਹੇਠਾਂ ਉਤਾਰਿਆ ਅਤੇ ਬਾਅਦ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ। ਗਾਜ਼ੀਆਬਾਦ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ, ਨੌਜਵਾਨ ਉਸੇ ਕਾਲਜ ਦਾ ਵਿਦਿਆਰਥੀ ਹੈ। ਇਸ ਘਟਨਾ ਤੋਂ ਬਾਅਦ ਸੁਨੰਦਾ ਸ਼ਰਮਾ ਕਾਫ਼ੀ ਡਰ ਗਈ ਅਤੇ ਵਾਪਸ ਸਟੇਜ ‘ਤੇ ਨਹੀਂ ਆਈ। ਦਰਸ਼ਕਾਂ ਵੱਲੋਂ ਉਨ੍ਹਾਂ ਨੂੰ ਮੁੜ ਬੁਲਾਇਆ ਜਾਂਦਾ ਰਿਹਾ, ਪਰ ਉਨ੍ਹਾਂ ਦੀ ਟੀਮ ਨੇ ਸ਼ੋਅ ਨੂੰ ਅੱਧ ਵਿਚਕਾਰ ਹੀ ਰੱਦ ਕਰਨ ਦਾ ਫੈਸਲਾ ਕਰ ਲਿਆ। ਐਲਾਨ ਤੋਂ ਬਾਅਦ, ਮੌਕੇ ‘ਤੇ ਮੌਜੂਦ ਵਿਦਿਆਰਥੀ ਨਿਰਾਸ਼ ਹੋ ਕੇ ਵਾਪਸ ਚਲੇ ਗਏ।
Leave a Reply