Daily Suraj

ਪੰਜਾਬੀ

ਬ੍ਰਾਜ਼ੀਲ ਦੇ ਐਮਾਜ਼ਾਨ ਜੰਗਲ 'ਚ ਦਹਾਕਿਆਂ ਬਾਅਦ ਪਿੰਡ ਨੇੜੇ ਦਿਖੇ ਇਕਾਂਤਵਾਸੀ ਆਦਿਵਾਸੀ, ਸੁਰੱਖਿਆ ਤੇ ਸਿਹਤ ਨੂੰ ਲੈ ਕੇ ਵਧੀ ਚਿੰਤਾ

19 Nov, 2026 10:13 AM

ਬ੍ਰਾਜ਼ੀਲ ਦੇ ਐਮਾਜ਼ਾਨ ਜੰਗਲ ਵਿੱਚ ਦਹਾਕਿਆਂ ਤੋਂ ਬਾਹਰੀ ਦੁਨੀਆ ਤੋਂ ਦੂਰ ਇਕਾਂਤਵਾਸੀ ਜੀਵਨ ਬਤੀਤ ਕਰ ਰਹੇ ਆਦਿਵਾਸੀ ਸਮੂਹ ਦੇ ਲਗਪਗ 20 ਮੈਂਬਰ ਇੱਕ ਪਿੰਡ ਦੇ ਨੇੜੇ ਦਿਖਾਈ ਦਿੱਤੇ ਹਨ। ਇਸ ਦੁਰਲੱਭ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਬ੍ਰਾਜ਼ੀਲ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਅਤੇ ਸਿਹਤ ਦੀ ਨਿਗਰਾਨੀ ਲਈ ਵਿਸ਼ੇਸ਼ ਕਦਮ ਚੁੱਕੇ ਹਨ। ਇਹ ਘਟਨਾ ਮਾਰਨਹਾਓ ਸੂਬੇ ਦੇ ਅਰਾਰੀਬੋਇਆ ਆਦਿਵਾਸੀ ਖੇਤਰ ਵਿੱਚ ਵਾਪਰੀ। ਪ੍ਰਾਪਤ ਜਾਣਕਾਰੀ ਅਨੁਸਾਰ, 'ਆਵਾ' (Awá) ਕਬੀਲੇ ਦੇ ਲੋਕ 'ਗੁਆਜਾਜਾਰਾ' ਆਦਿਵਾਸੀ ਪਿੰਡ ਤਵਾਰੀ ਦੇ ਕਰੀਬ ਪਹੁੰਚੇ ਸਨ। ਇਸ ਦੌਰਾਨ ਸਮੂਹ ਦੇ ਕੁਝ ਮੈਂਬਰਾਂ ਦੇ ਹੱਥਾਂ ਵਿੱਚ ਧਨੁਸ਼ ਅਤੇ ਤੀਰ ਵੀ ਦੇਖੇ ਗਏ। ਰਿਪੋਰਟਾਂ ਮੁਤਾਬਕ, ਉਨ੍ਹਾਂ ਨੇ ਉੱਥੇ ਮੌਜੂਦ ਸਰਕਾਰੀ ਟੀਮ ਤੋਂ ਸ਼ਕਰਕੰਦੀ ਮੰਗੀ ਅਤੇ ਇਸ ਤੋਂ ਬਾਅਦ ਵਾਪਸ ਸੰਘਣੇ ਜੰਗਲ ਵੱਲ ਪਰਤ ਗਏ। ਮਾਹਿਰਾਂ ਨੇ ਇਸ ਘਟਨਾਕ੍ਰਮ ਨੂੰ ਬੇਹੱਦ ਚਿੰਤਾਜਨਕ ਕਰਾਰ ਦਿੱਤਾ ਹੈ। ਉਨ੍ਹਾਂ ਮੁਤਾਬਕ ਇਲਾਕੇ ਵਿੱਚ ਹੋ ਰਹੀ ਗੈਰ-ਕਾਨੂੰਨੀ ਲੱਕੜ ਕਟਾਈ, ਸ਼ਿਕਾਰ ਅਤੇ ਜੰਗਲਾਂ ਵਿੱਚ ਬਾਹਰੀ ਲੋਕਾਂ ਦੀ ਵਧਦੀ ਘੁਸਪੈਠ ਕਾਰਨ ਇਸ ਕਬੀਲੇ ਦਾ ਕੁਦਰਤੀ ਨਿਵਾਸ ਖ਼ਤਰੇ ਵਿੱਚ ਪੈ ਗਿਆ ਹੈ। ਇਸ ਤੋਂ ਇਲਾਵਾ, ਬਾਹਰੀ ਲੋਕਾਂ ਦੇ ਸੰਪਰਕ ਵਿੱਚ ਆਉਣ ਨਾਲ ਇਨ੍ਹਾਂ ਆਦਿਵਾਸੀਆਂ ਵਿੱਚ ਬਿਮਾਰੀਆਂ ਫੈਲਣ ਦਾ ਵੀ ਵੱਡਾ ਖ਼ਤਰਾ ਬਣਿਆ ਹੋਇਆ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਬ੍ਰਾਜ਼ੀਲ ਸਰਕਾਰ ਨੇ ਸਿਹਤ ਕਰਮਚਾਰੀਆਂ ਅਤੇ ਆਦਿਵਾਸੀ ਮਾਮਲਿਆਂ ਦੇ ਮਾਹਿਰਾਂ ਦੀ ਇੱਕ ਵਿਸ਼ੇਸ਼ ਟੀਮ ਨੂੰ ਇਲਾਕੇ ਵਿੱਚ ਭੇਜਿਆ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਲੋਕਾਂ ਦੇ ਇਕਾਂਤ ਵਿੱਚ ਰਹਿਣ ਦੇ ਅਧਿਕਾਰ ਦਾ ਪੂਰਾ ਸਤਿਕਾਰ ਕੀਤਾ ਜਾਵੇਗਾ ਅਤੇ ਉਨ੍ਹਾਂ 'ਤੇ ਬਾਹਰੀ ਲੋਕਾਂ ਨਾਲ ਸੰਪਰਕ ਬਣਾਉਣ ਲਈ ਕੋਈ ਦਬਾਅ ਨਹੀਂ ਪਾਇਆ ਜਾਵੇਗਾ। ਦੂਜੇ ਪਾਸੇ, ਮਨੁੱਖੀ ਅਧਿਕਾਰ ਸੰਗਠਨਾਂ ਨੇ ਸਰਕਾਰ ਨੂੰ ਜੰਗਲ ਵਿੱਚ ਗੈਰ-ਕਾਨੂੰਨੀ ਘੁਸਪੈਠ 'ਤੇ ਸਖ਼ਤੀ ਨਾਲ ਰੋਕ ਲਗਾਉਣ ਅਤੇ ਕਬੀਲੇ ਦੀ ਰਵਾਇਤੀ ਜੀਵਨਸ਼ੈਲੀ ਦੀ ਰੱਖਿਆ ਕਰਨ ਦੀ ਅਪੀਲ ਕੀਤੀ ਹੈ।

Latest News