Daily Suraj

ਪੰਜਾਬੀ

ਭਾਸ਼ਾ ਵਿਭਾਗ ਵੱਲੋਂ ਕਰਵਾਏ ਕਵੀ ਦਰਬਾਰ ਦੌਰਾਨ ਸ਼ਾਇਰਾਂ ਨੇ ਬੰਨ੍ਹਿਆ ਰੰਗ

19 Nov, 2026 04:27 PM

ਲੌਂਗੋਵਾਲ,(ਜਗਸੀਰ ਸਿੰਘ) - ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ ਦੌਰਾਨ ਅਕਾਲ ਕਾਲਜ ਮਸਤੂਆਣਾ ਸਾਹਿਬ ਦੇ ਸੰਤ ਤੇਜਾ ਸਿੰਘ ਹਾਲ ਵਿਚ ਕਵੀ ਦਰਬਾਰ ਅਤੇ ਰੂ-ਬ-ਰੂ ਕਰਵਾਇਆ ਗਿਆ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਐਸ.ਡੀ.ਐਮ ਸ੍ਰੀ ਸਤੀਸ਼ ਚੰਦਰ, ਪ੍ਰਧਾਨਗੀ ਕਰ ਰਹੇ ਸ. ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ, ਅਕਾਲ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਸੁਖਦੀਪ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਸਮਾਜ ਸੇਵਕਾ ਪ੍ਰੀਤੀ ਮਹੰਤ ਦੇ ਚੇਲੇ ਮਹੰਤ ਚੰਦਰਮੁਖੀ ਨੇ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਲੋਕਾਂ ਨੂੰ ਸਾਹਿਤ ਨਾਲ ਜੋੜਿਆ ਜਾ ਸਕਦਾ ਹੈ। ਸ਼ਸ਼ੀ ਬਾਲਾ ਵੱਲੋਂ ਕੀਤੇ ਮੰਚ ਸੰਚਾਲਨ ਦੌਰਾਨ ਜ਼ਿਲ੍ਹਾ ਭਾਸ਼ਾ ਅਫ਼ਸਰ ਸੰਗਰੂਰ ਰਾਬੀਆ ਅਤੇ ਲੇਖਕਾਂ ਵੱਲੋਂ ਦਲਬਾਰ ਸਿੰਘ ਚੱਠੇ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਸਾਹਿਤਕਾਰਾਂ ਦੇ ਕਦਰਦਾਨ ਜਸਵਿੰਦਰ ਸਿੰਘ ਪ੍ਰਿੰਸ ਪ੍ਰਧਾਨ ਜ਼ਿਲ੍ਹਾ ਵਪਾਰ ਮੰਡਲ ਸੰਗਰੂਰ ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ, ਪੰਜਾਬੀ ਸਾਹਿਤ ਸਭਾ ਸੰਗਰੂਰ ਦੇ ਪ੍ਰਧਾਨ ਡਾ. ਭਗਵੰਤ ਸਿੰਘ, ਜਨਰਲ ਸਕੱਤਰ ਗੁਰਨਾਮ ਸਿੰਘ, ਨਾਮਵਰ ਗੀਤਕਾਰ ਅਤੇ ਗਾਇਕ ਗੁਰਦਿਆਲ ਨਿਰਮਾਣ ਨੇ ਅਜਿਹੇ ਸਮਾਗਮਾਂ ਲਈ ਭਾਸ਼ਾ ਵਿਭਾਗ ਪੰਜਾਬ ਦੀ ਸ਼ਲਾਘਾ ਕੀਤੀ। ਪੰਜਾਬੀ ਦੇ ਨਾਮਵਰ ਨਾਵਲਕਾਰ ਜਸਵੀਰ ਰਾਣਾ ਨੇ ਆਪਣੇ ਰੂ-ਬ-ਰੂ ਦੌਰਾਨ ਆਪਣੀ ਸਾਹਿਤਕ ਜ਼ਿੰਦਗੀ ਬਾਰੇ ਵਿਸਥਾਰਪੂਰਵਕ ਦੱਸਦਿਆਂ ਕਿਹਾ ਕਿ ਅੱਜ ਵਿਦਿਆਰਥੀਆਂ ਵਿਚ ਮੋਬਾਈਲ ਫ਼ੋਨ ਦੀ ਥਾਂ ਪੁਸਤਕ ਸੱਭਿਆਚਾਰ ਪੈਦਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੋਬਾਈਲ ਫ਼ੋਨ ਦੀ ਵਰਤੋਂ ਨੂੰ ਮਨਫ਼ੀ ਨਹੀਂ ਕੀਤਾ ਜਾ ਸਕਦਾ ਪਰ ਜਿਸ ਹਿਸਾਬ ਨਾਲ ਅੱਜ ਇਸ ਦੀ ਵਰਤੋਂ ਵਧ ਰਹੀ ਉਹ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਮੋਬਾਈਲ ਫ਼ੋਨ ਤੋਂ ਲਿਆ ਗਿਆਨ ਸਾਡੇ ਦਿਮਾਗ਼ ਤੱਕ ਰਹਿ ਜਾਂਦਾ ਹੈ ਅਤੇ ਉਹ ਵੀ ਥੋੜ੍ਹੀ ਦੇਰ ਲਈ ਜਦਕਿ ਪੁਸਤਕ ਤੋਂ ਹਾਸਲ ਕੀਤਾ ਗਿਆਨ ਮਨ ਮਸਤਕ ਨੂੰ ਛੋਹ ਜਾਂਦਾ ਹੈ। ਇਸ ਮੌਕੇ ਉਨ੍ਹਾਂ ਨੇ ਸਰੋਤਿਆਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ। ਭਾਸ਼ਾ ਵਿਭਾਗ ਦੇ ਖੋਜ ਅਫ਼ਸਰ ਡਾ. ਸੰਤੋਖ ਸਿੰਘ ਨੇ ਆਏ ਮਹਿਮਾਨਾਂ ਦਾ ਵਿਭਾਗ ਵੱਲੋਂ ਧੰਨਵਾਦ ਕੀਤਾ। ਇਸ ਮੌਕੇ ਹੋਏ ਕਵੀ ਦਰਬਾਰ ਵਿਚ ਪਵਨ ਹਰਚੰਦਪੁਰੀ, ਮੂਲ ਚੰਦ ਸ਼ਰਮਾ, ਜੀਤ ਹਰਜੀਤ, ਨੂਰਦੀਪ ਕੋਮਲ, ਬਲਵੰਤ ਸਿੰਘ ਜੋਗਾ, ਸੁਰਿੰਦਰਪਾਲ ਸਿੰਘ ਸਿਦਕੀ, ਕੁਲਵੰਤ ਸਿੰਘ ਖਨੌਰੀ, ਸ਼ਸ਼ੀ ਬਾਲਾ, ਸੰਜੇ ਲਹਿਰੀ, ਜੰਗ ਸਿੰਘ ਫੱਟੜ, ਮਨਜੀਤ ਕੌਰ ਸੰਧੂ, ਜੰਟੀ ਬੇਤਾਬ, ਯੁਵਰਾਜ ਸਿੰਘ, ਧਰਮੀ ਤੁੰਗਾਂ, ਕੁਲਵੰਤ ਕਸਕ, ਅਵਤਾਰ ਸਿੰਘ ਚੋਟੀਆਂ, ਬਲਰਾਜ ਓਬਰਾਏ ਬਾਜੀ, ਰਣਜੀਤ ਆਜਾਦ ਕਾਂਝਲਾ, ਮਹੰਤ ਹਰਪਾਲ ਦਾਸ, ਸੁਖਵਿੰਦਰ ਸਿੰਘ ਫੁੱਲ, ਗੁਰੀ ਚੰਦੜ, ਸੁਖਵਿੰਦਰ ਸਿਆਣਾ ਅਤੇ ਹੋਰਨਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਮਹਿਫਿਲ ਦਾ ਰੰਗ ਬੰਨ੍ਹਿਆ। ਅਕਾਲ ਕਾਲਜ ਕੌਂਸਲ ਵੱਲੋਂ ਵਿਭਾਗ ਦੇ ਜ਼ਿਲ੍ਹਾ ਭਾਸ਼ਾ ਅਫ਼ਸਰ ਰਾਬੀਆ, ਖੋਜ ਅਫ਼ਸਰ ਸੰਤੋਖ ਸਿੰਘ, ਊਸ਼ਾ ਬਾਂਸਲ, ਜਗਦੇਵ ਸਿੰਘ ਅਤੇ ਰਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।

Latest News