Daily Suraj

ਪੰਜਾਬੀ

ਸਰੀ ਗੋਲੀਬਾਰੀ ਮਾਮਲਾ: ਗਰੋਹ ਹਿੰਸਾ ਦਾ ਨਤੀਜਾ ਮੰਨ ਰਹੀ ਪੁਲੀਸ, ਕਤਲ ਤੋਂ 15 ਮਿੰਟ ਬਾਅਦ ਸੜੀ ਕਾਰ ਦੇ ਹਮਲਾਵਰਾਂ ਨਾਲ ਜੁੜੇ ਹੋਣ ਦਾ ਖ਼ਦਸ਼ਾ

19 Nov, 2026 03:15 PM

ਕੈਨੇਡਾ ਦੇ ਸ਼ਹਿਰ ਸਰੀ ਵਿੱਚ ਤਿੰਨ ਦਿਨ ਪਹਿਲਾਂ ਵਾਪਰੇ ਦੋਹਰੇ ਹੱਤਿਆ ਕਾਂਡ ਵਿੱਚ ਮਾਰੇ ਗਏ ਲੜਕੇ ਅਤੇ ਲੜਕੀ ਦੀ ਪਛਾਣ ਪੰਜਾਬੀ ਨੌਜਵਾਨ ਗਗਨਪਰੀਤ ਗੈਰੀ ਰੀਹਲ (23) ਅਤੇ ਸੁਖਜੀਤ ਕੌਰ (24) ਵਜੋਂ ਜਾਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ, ਦੋਵੇਂ ਮ੍ਰਿਤਕ ਡੈਲਟਾ ਦੇ ਰਹਿਣ ਵਾਲੇ ਸਨ। ਪੁਲੀਸ ਵੱਲੋਂ ਇਸ ਘਟਨਾ ਨੂੰ ਮਿੱਥ ਕੇ ਕੀਤੀ ਗਈ ਹੱਤਿਆ ਅਤੇ ਬਦਲੇ ਦੀ ਗਰੋਹ ਹਿੰਸਾ ਦਾ ਨਤੀਜਾ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਪੁਲੀਸ ਨੇ ਅਜੇ ਇਹ ਸਪੱਸ਼ਟ ਨਹੀਂ ਕੀਤਾ ਕਿ ਮਾਰੀ ਗਈ ਲੜਕੀ ਉਸ ਸਮੇਂ ਲੜਕੇ ਦੇ ਨਾਲ ਕਾਰ ਵਿੱਚ ਮੌਜੂਦ ਹੋਣ ਕਰਕੇ ਹਮਲੇ ਦਾ ਸ਼ਿਕਾਰ ਹੋਈ ਜਾਂ ਦੋਵਾਂ ਵਿਚਾਲੇ ਕੋਈ ਸਮਾਜਿਕ ਰਿਸ਼ਤਾ ਵੀ ਸੀ। ਜ਼ਿਕਰਯੋਗ ਹੈ ਕਿ ਇਹ ਗੋਲੀਬਾਰੀ ਦੀ ਘਟਨਾ ਐਤਵਾਰ ਰਾਤ ਲਗਪਗ ਸਾਢੇ 10 ਵਜੇ ਵਾਲਮਾਰਟ ਦੇ ਪਾਰਕਿੰਗ ਲਾਟ ਵਿੱਚ ਵਾਪਰੀ ਸੀ, ਜਦੋਂ ਦੋਵੇਂ ਲਾਲ ਰੰਗ ਦੀ ਇੱਕ ਲਗਜ਼ਰੀ ਕਾਰ ਵਿੱਚ ਸਵਾਰ ਸਨ। ਪੁਲੀਸ ਨੇ ਇਹ ਵੀ ਖ਼ਦਸ਼ਾ ਪ੍ਰਗਟਾਇਆ ਹੈ ਕਿ ਕਤਲ ਦੀ ਘਟਨਾ ਤੋਂ ਸਿਰਫ਼ 15 ਮਿੰਟ ਬਾਅਦ ਨੇੜਲੇ ਇਲਾਕੇ ਵਿੱਚ ਜਿਸ ਕਾਰ ਨੂੰ ਅੱਗ ਲਗਾਈ ਗਈ ਸੀ, ਉਸ ਦੀ ਵਰਤੋਂ ਹਮਲਾਵਰਾਂ ਵੱਲੋਂ ਕੀਤੀ ਗਈ ਹੋ ਸਕਦੀ ਹੈ। ਜਾਂਚ ਟੀਮ ਦੇ ਬੁਲਾਰੇ ਸਾਰਜੈਂਟ ਫਰੈਡਾ ਫੌਗ ਨੇ ਦੱਸਿਆ ਕਿ ਦੋਵਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਆਮ ਗਤੀਵਿਧੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਖ਼ਿਲਾਫ਼ ਪਿਛਲੇ ਸਾਲਾਂ ਦੌਰਾਨ ਅਪਰਾਧਿਕ ਮਾਮਲੇ ਦਰਜ ਹੋਏ ਸਨ, ਜਦਕਿ ਲੜਕੀ ਦਾ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ ਹੈ। ਪੁਲੀਸ ਅਧਿਕਾਰੀ ਨੇ ਉਮੀਦ ਜ਼ਾਹਰ ਕੀਤੀ ਕਿ ਜਲਦੀ ਹੀ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Latest News