ਪਾਕਿਸਤਾਨ ਧਾਰਮਿਕ ਯਾਤਰਾਵਾਂ ਲਈ ਨਿਯਮ ਹੋਏ ਸਖ਼ਤ: ਨਿੱਜੀ ਸਪਾਂਸਰਡ ਟੂਰਾਂ 'ਤੇ ਪਾਬੰਦੀ, ਜਾਣੋ ਨਵੇਂ ਹੁਕਮ

ਪਾਕਿਸਤਾਨ ਧਾਰਮਿਕ ਯਾਤਰਾਵਾਂ ਲਈ ਨਿਯਮ ਹੋਏ ਸਖ਼ਤ: ਨਿੱਜੀ ਸਪਾਂਸਰਡ ਟੂਰਾਂ 'ਤੇ ਪਾਬੰਦੀ, ਜਾਣੋ ਨਵੇਂ ਹੁਕਮ

ਆਪ੍ਰੇਸ਼ਨ ਸਿੰਦੂਰ' ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਬੇਨਕਾਬ ਕੀਤੇ ਗਏ ਪਾਕਿਸਤਾਨੀ ਜਾਸੂਸੀ ਨੈੱਟਵਰਕ ਅਤੇ ਹਿਸਾਰ ਦੀ ਯੂਟਿਊਬਰ ਜੋਤੀ ਮਲਹੋਤਰਾ ਨਾਲ ਜੁੜੇ ਮਾਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਭਾਰਤ-ਪਾਕਿਸਤਾਨ ਧਾਰਮਿਕ ਯਾਤਰਾਵਾਂ ਦੇ ਨਿਯਮਾਂ ਨੂੰ ਕਾਫ਼ੀ ਸਖ਼ਤ ਕਰ ਦਿੱਤਾ ਗਿਆ ਹੈ। ਸੁਰੱਖਿਆ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਪਾਕਿਸਤਾਨ ਵੱਲੋਂ ਕਰਵਾਏ ਜਾਣ ਵਾਲੇ ਪ੍ਰਾਈਵੇਟ ਸਪਾਂਸਰਡ ਟੂਰਾਂ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਸੁਰੱਖਿਆ ਏਜੰਸੀਆਂ ਦੀ ਜਾਂਚ ਵਿੱਚ ਇਹ ਗੰਭੀਰ ਦਾਅਵਾ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. (ISI) ਅਤੇ ਉੱਥੋਂ ਦੇ ਕੁਝ ਨਿੱਜੀ ਟੂਰ ਆਪਰੇਟਰ ਧਾਰਮਿਕ ਯਾਤਰਾਵਾਂ ਦੇ ਬਹਾਨੇ ਭਾਰਤੀ ਨਾਗਰਿਕਾਂ ਨੂੰ ਸਪਾਂਸਰ ਕਰਕੇ ਉਨ੍ਹਾਂ ਨੂੰ ਕਥਿਤ ਤੌਰ 'ਤੇ ਆਪਣੇ ਜਾਸੂਸੀ ਨੈੱਟਵਰਕ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਸਨ। ਦੇਸ਼ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਵਾਲੀਆਂ ਇਨ੍ਹਾਂ ਗਤੀਵਿਧੀਆਂ 'ਤੇ ਠੱਲ੍ਹ ਪਾਉਣ ਲਈ ਹੀ ਇਹ ਅਹਿਮ ਕਦਮ ਚੁੱਕਿਆ ਗਿਆ ਹੈ।ਇਸ ਫੈਸਲੇ ਤੋਂ ਬਾਅਦ ਹੁਣ ਕਿਸੇ ਵੀ ਨਿੱਜੀ ਵਿਅਕਤੀ ਜਾਂ ਪ੍ਰਾਈਵੇਟ ਟੂਰ ਏਜੰਸੀ ਰਾਹੀਂ ਧਾਰਮਿਕ ਜਥਿਆਂ ਦਾ ਪਾਕਿਸਤਾਨ ਜਾਣਾ ਸੰਭਵ ਨਹੀਂ ਹੋਵੇਗਾ। ਭਾਰਤ ਸਰਕਾਰ ਵੱਲੋਂ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਮੁਤਾਬਕ ਹੁਣ ਧਾਰਮਿਕ ਯਾਤਰਾਵਾਂ ਲਈ ਜਥੇ ਸਿਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਜਾਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (HSGMC) ਵਰਗੀਆਂ ਮਾਨਤਾ ਪ੍ਰਾਪਤ ਅਤੇ ਅਧਿਕਾਰਤ ਸੰਸਥਾਵਾਂ ਦੇ ਪ੍ਰਬੰਧਾਂ ਰਾਹੀਂ ਹੀ ਭੇਜੇ ਜਾਣਗੇ।ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (HSGMC) ਦੇ ਟੂਰਿਜ਼ਮ ਇੰਚਾਰਜ ਹਰਕੀਰਤ ਸਿੰਘ ਨੇ ਵੀ ਇਸ ਨਵੀਂ ਵਿਵਸਥਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜੋਤੀ ਮਲਹੋਤਰਾ ਵਰਗੇ ਜਾਸੂਸੀ ਨਾਲ ਜੁੜੇ ਮਾਮਲੇ ਉਜਾਗਰ ਹੋਣ ਤੋਂ ਬਾਅਦ ਪ੍ਰਾਈਵੇਟ ਸਪਾਂਸਰਡ ਟੂਰਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਸੁਰੱਖਿਆ ਕਾਰਨਾਂ ਨੂੰ ਮੁੱਖ ਰੱਖਦਿਆਂ ਹੁਣ ਧਾਰਮਿਕ ਯਾਤਰਾਵਾਂ ਨੂੰ ਸਿਰਫ਼ ਨਿਰਧਾਰਤ ਸੰਸਥਾਗਤ ਢਾਂਚੇ ਰਾਹੀਂ ਹੀ ਸੁਚਾਰੂ ਢੰਗ ਨਾਲ ਚਲਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।