ਬਿਹਾਰ ’ਚ ਐੱਨ ਡੀ ਏ ਦੀ ਤੂਫ਼ਾਨੀ ਵਾਪਸੀ

ਬਿਹਾਰ ’ਚ ਐੱਨ ਡੀ ਏ ਦੀ ਤੂਫ਼ਾਨੀ ਵਾਪਸੀ

ਬਿਹਾਰ ’ਚ ਹੁਕਮਰਾਨ ਗੱਠਜੋੜ ਐੱਨ ਡੀ ਏ ਨੇ ਅੱਜ ਵਿਧਾਨ ਸਭਾ ਚੋਣਾਂ  ਵਿੱਚ ਮੁੜ ਸ਼ਾਨਦਾਰ ਵਾਪਸੀ ਕਰਦਿਆਂ  243 ’ਚੋਂ 202 ਸੀਟਾਂ ਜਿੱਤ ਕੇ ਵਿਸ਼ਾਲ ਬਹੁਮਤ ਹਾਸਲ ਕਰ ਲਿਆ ਹੈ ਜਦਕਿ ਵਿਰੋਧੀ ਮਹਾਗੱਠਜੋੜ ਸਿਰਫ਼ 35 ਸੀਟਾਂ ਜਿੱਤ ਸਕਿਆ ਹੈ। ਇਹ ਜਾਣਕਾਰੀ ਚੋਣ ਕਮਿਸ਼ਨ ਨੇ ਦਿੱਤੀ ਹੈ। ਬਿਹਾਰ ’ਚ ਸਰਕਾਰ ਬਣਾਉਣ ਲਈ 122 ਸੀਟਾਂ ਦੀ ਜ਼ਰੂਰਤ ਹੈ।


ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਜਪਾ ਨੇ 89 ਸੀਟਾਂ ਜਿੱਤੀਆਂ ਹਨ ਅਤੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਭਾਜਪਾ ਨੇ 101 ਸੀਟਾਂ ’ਤੇ ਚੋਣ ਲੜੀ ਸੀ। ਉਸ ਦੀ ਸਹਿਯੋਗੀ ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠਲੀ ਪਾਰਟੀ ਜਨਤਾ ਦਲ (ਯੂ) ਨੇ 85 ਸੀਟਾਂ ਜਿੱਤੀਆਂ ਹਨ। ਚਿਰਾਗ ਪਾਸਵਾਨ ਦੀ ਅਗਵਾਈ ਹੇਠਲੀ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਨੇ 19 ਸੀਟਾਂ ਹਾਸਲ ਕੀਤੀਆਂ ਹਨ। ਹਿੰਦੁਸਤਾਨ ਅਵਾਮ ਮੋਰਚਾ (ਸੈਕੁਲਰ) ਨੇ 5 ਤੇ ਰਾਸ਼ਟਰੀ ਲੋਕ ਮੋਰਚਾ ਨੇ 4 ਸੀਟਾਂ ਜਿੱਤੀਆਂ ਹਨ। ਐੱਨ ਡੀ ਏ ਵੱਲੋਂ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਅਤੇ ਰਾਜ ਮੰਤਰੀ ਪ੍ਰੇਮ ਕੁਮਾਰ, ਮਹੇਸ਼ਵਰ ਹਜ਼ਾਰੀ ਤੇ ਸੰਜੈ ਸਰੋਗੀ ਅਤੇ ਭਾਜਪਾ ਉਮੀਦਵਾਰ ਮੈਥਿਲੀ ਠਾਕੁਰ ਚੋਣ ਜਿੱਤ ਚੁੱਕੇ ਹਨ। ਆਰ ਜੇ ਡੀ ਆਗੂ ਤੇ ਇੰਡੀਆ ਗੱਠਜੋੜ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਤੇਜਸਵੀ ਯਾਦਵ, ਮਰਹੂਮ ਮੁਹੰਮਦ ਸ਼ਹਾਬੂਦੀਨ ਦਾ ਪੁੱਤਰ ਓਸਾਮਾ ਸ਼ਹਾਬ ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦਾ ਸੰਦੀਪ ਸੌਰਵ ਵਿਰੋਧੀ ਧਿਰ ਦੇ ਜਿੱਤੇ ਅਹਿਮ ਆਗੂਆਂ ’ਚ ਸ਼ਾਮਲ ਹਨ। ਇੰਡੀਆ ਗੱਠਜੋੜ ਸਿਰਫ਼ 35 ਸੀਟਾਂ ’ਤੇ ਜਿੱਤ ਹਾਸਲ ਕਰ ਸਕਿਆ ਹੈ। ਆਰ ਜੇ ਡੀ ਨੇ 25 ਸੀਟਾਂ ਅਤੇ ਕਾਂਗਰਸ ਨੇ ਛੇ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਨੇ ਦੋ ਸੀਟਾਂ ਹਾਸਲ ਕੀਤੀਆਂ ਹਨ। ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੁੱਦੀਨ ਓਵਾਇਸੀ ਦੀ ਅਗਵਾਈ ਹੇਠਲੀ ਏ ਆਈ ਐੱਮ ਆਈ ਐੱਮ ਨੇ ਪੰਜ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ ਦਾ ਖਾਤਾ ਵੀ ਨਾ ਖੁੱਲ੍ਹ ਸਕਿਆ।



ਲੋਕਤੰਤਰ ’ਤੇ ਹਮਲਾ ਕਰਨ ਵਾਲੇ ਹਾਰੇ: ਮੋਦੀ

ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਐੱਨ ਡੀ ਏ ਦੀ ਜਿੱਤ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਜਿੱਤ ਨੇ ਨਵਾਂ ‘ਐੱਮ-ਵਾਈ (ਮਹਿਲਾ ਤੇ ਯੂਥ)’ ਫਾਰਮੂਲਾ ਦਿੱਤਾ ਹੈ। ਉਨ੍ਹਾਂ ਮੁਤਾਬਕ ਲੋਕਾਂ ਨੇ ‘ਜੰਗਲ ਰਾਜ ਵਾਲਿਆਂ ਦੇ ਫਿਰਕੂ ਐੱਮ-ਵਾਈ ਫਾਰਮੂਲੇ’ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਪੱਛਮੀ ਬੰਗਾਲ ’ਚੋਂ ਵੀ ‘ਜੰਗਲ ਰਾਜ’ ਖ਼ਤਮ ਕੀਤਾ ਜਾਵੇਗਾ। ਮੋਦੀ ਨੇ ਕਿਹਾ ਕਿ ਜਿਵੇਂ ਗੰਗਾ ਨਦੀ ਬਿਹਾਰ ਤੋਂ ਹੋ ਕੇ ਬੰਗਾਲ ਜਾਂਦੀ ਹੈ, ਉਸੇ ਤਰ੍ਹਾਂ ਇਹ ਜਿੱਤ ਭਾਜਪਾ ਲਈ ਉੱਥੇ ਵੀ ਜਿੱਤ ਦਾ ਰਾਹ ਪੱਧਰਾ ਕਰੇਗੀ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਦੇ ਲੋਕਾਂ ਨਾਲ ਜੁੜਨ ਲਈ ਇੱਕ ਸੰਕੇਤਕ ਇਸ਼ਾਰੇ ਵਜੋਂ ਵਾਲਾ ‘ਗਮਛਾ’ ਪਹਿਨਿਆ ਹੋਇਆ ਸੀ।