ਮੱਧ ਪੂਰਬ ਸੰਕਟ: ਦੁਬਈ ਵਿੱਚ ਫਸੇ ਸੈਂਕੜੇ ਪੰਜਾਬੀ, ਵਾਪਸੀ ਲਈ ਬੇਚੈਨੀ
- ਪੰਜਾਬ
- (Asia/Kolkata)
ਮੱਧ ਪੂਰਬ ਵਿੱਚ ਚੱਲ ਰਹੇ ਟਕਰਾਅ ਕਾਰਨ ਵੱਡੀ ਗਿਣਤੀ ਵਿੱਚ ਪੰਜਾਬੀ ਪਰਿਵਾਰ ਦੁਬਈ ਵਿੱਚ ਫਸ ਗਏ ਹਨ। ਉਡਾਣਾਂ ਰੱਦ ਹੋਣ ਨਾਲ ਵਾਪਸੀ ਦਾ ਰਾਹ ਮੁਸ਼ਕਿਲ ਹੋ ਗਿਆ ਹੈ, ਜਿਸ ਕਾਰਨ ਨਵ-ਵਿਆਹੇ ਜੋੜੇ, ਸੈਲਾਨੀ ਅਤੇ ਵਿਦਿਆਰਥੀ ਡਰ ਅਤੇ ਅਣਿਸ਼ਚਿਤਤਾ ਦੇ ਮਾਹੌਲ ਵਿੱਚ ਜੀ ਰਹੇ ਹਨ। ਸਰਦੂਲਗੜ੍ਹ ਦੇ ਰੁਪਿੰਦਰ ਕੌਰ ਅਤੇ ਗੁਰਪ੍ਰੀਤ ਸਿੰਘ, ਜੋ 27 ਫਰਵਰੀ ਨੂੰ ਹਨੀਮੂਨ ਲਈ ਦੁਬਈ ਗਏ ਸਨ, 3 ਮਾਰਚ ਨੂੰ ਵਾਪਸ ਆਉਣ ਵਾਲੇ ਸਨ। ਪਰ ਉਡਾਣਾਂ ਰੱਦ ਹੋਣ ਕਾਰਨ ਉਹ ਉੱਥੇ ਹੀ ਫਸ ਗਏ ਹਨ। ਜੋੜੇ ਨੇ ਦੱਸਿਆ ਕਿ ਮਿਜ਼ਾਈਲਾਂ ਦੀਆਂ ਆਵਾਜ਼ਾਂ ਸੁਣ ਕੇ ਡਰ ਦਾ ਮਾਹੌਲ ਬਣ ਜਾਂਦਾ ਹੈ ਅਤੇ ਉਨ੍ਹਾਂ ਦੇ ਵਿਆਹ ਦੀ ਖੁਸ਼ੀ ਵੀ ਇਸ ਤਣਾਅ ਵਿੱਚ ਮੱਧਮ ਪੈ ਗਈ ਹੈ। ਗੁਰਪ੍ਰੀਤ ਸਿੰਘ ਦੇ ਪਿਤਾ ਗੁਰਜੰਟ ਸਿੰਘ ਨੇ ਕਿਹਾ ਕਿ ਬੱਚਿਆਂ ਦੇ ਵਿਦੇਸ਼ ਵਿੱਚ ਫਸੇ ਹੋਣ ਕਰਕੇ ਪਰਿਵਾਰ ਗੰਭੀਰ ਚਿੰਤਾ ਵਿੱਚ ਹੈ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਫਸੇ ਹੋਏ ਲੋਕਾਂ ਦੀ ਸੁਰੱਖਿਅਤ ਵਾਪਸੀ ਲਈ ਤੁਰੰਤ ਕਦਮ ਚੁੱਕੇ ਜਾਣ। ਇਸੇ ਤਰ੍ਹਾਂ ਜਲੰਧਰ ਦਾ ਇੱਕ ਹੋਰ ਨਵ-ਵਿਆਹਿਆ ਜੋੜਾ ਵੀ ਦੁਬਈ ਵਿੱਚ ਅਟਕਿਆ ਹੋਇਆ ਹੈ। ਬਠਿੰਡਾ ਦੇ ਪਿੰਡ ਲਹਿਰਾ ਬੇਗਾ ਦਾ ਵਿਦਿਆਰਥੀ ਧਰਮ ਸਿੰਘ ਵੀ ਵਾਪਸੀ ਲਈ ਜੱਦੋਜਹਿਦ ਕਰ ਰਿਹਾ ਹੈ। ਉਸ ਨੇ 5 ਮਾਰਚ ਦੀ ਟਿਕਟ ਬੁੱਕ ਕੀਤੀ ਸੀ, ਪਰ ਹੁਣ ਉਡਾਣਾਂ ਬੰਦ ਹੋਣ ਕਾਰਨ ਉਹ ਵੀ ਫਸ ਗਿਆ ਹੈ। ਉਸ ਦੇ ਮਾਪਿਆਂ ਨੇ ਕੇਂਦਰ ਸਰਕਾਰ ਕੋਲੋਂ ਮਦਦ ਦੀ ਮੰਗ ਕੀਤੀ ਹੈ। ਬਰਨਾਲਾ ਦਾ ਆਰੀਅੰਤ ਜੈਨ ਵੀ ਦੁਬਈ ਵਿੱਚ ਫਸਿਆ ਹੋਇਆ ਹੈ। ਉਸ ਨੇ ਓਮਾਨ ਰਾਹੀਂ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਹੀ। ਇਸ ਤੋਂ ਇਲਾਵਾ ਬਠਿੰਡਾ ਦੀ ਕਾਲਜ ਪ੍ਰਿੰਸੀਪਲ ਨੀਰੂ ਗਰਗ ਅਤੇ ਉਸ ਦੇ ਪਤੀ ਵੀ ਵਾਪਸੀ ਲਈ ਉਡੀਕ ਕਰ ਰਹੇ ਹਨ। ਪਰਵਾਸੀ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੀਆਂ ਜਾਣਕਾਰੀਆਂ ਅਨੁਸਾਰ ਕਰੀਬ 60 ਪੰਜਾਬੀ ਪਰਿਵਾਰ ਦੁਬਈ ਵਿੱਚ ਫਸੇ ਹੋਏ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਸੈਲਾਨੀ ਅਤੇ ਨਵ-ਵਿਆਹੁਤਾ ਜੋੜੇ ਸ਼ਾਮਲ ਹਨ। ਇਸ ਦਰਮਿਆਨ, ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੇ ਪਰਿਵਾਰਕ ਮੈਂਬਰ ਵੀ ਦੁਬਈ ਵਿੱਚ ਫਸੇ ਹੋਏ ਹਨ। ਉਨ੍ਹਾਂ ਦੀ ਪਤਨੀ ਅਤੇ ਛੇ ਸਾਲ ਦੀ ਧੀ ਉੱਥੇ ਮੌਜੂਦ ਹਨ। ਗਾਇਕ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਪਰਵਾਸੀ ਮਾਮਲਿਆਂ ਦੇ ਮੰਤਰੀ ਨਾਲ ਸੰਪਰਕ ਕਰਕੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਵੀ ਐਮੀ ਵਿਰਕ ਨਾਲ ਫੋਨ ’ਤੇ ਗੱਲਬਾਤ ਕਰਕੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਬਾਰੇ ਜਾਣਕਾਰੀ ਲਈ ਅਤੇ ਭਰੋਸਾ ਦਿੱਤਾ ਕਿ ਸੰਕਟ ਦੀ ਇਸ ਘੜੀ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਖੜ੍ਹੀ ਹੈ। ਪੁਲੀਸ ਅਤੇ ਸੰਬੰਧਤ ਏਜੰਸੀਆਂ ਸਥਿਤੀ ’ਤੇ ਨਜ਼ਰ ਰੱਖ ਰਹੀਆਂ ਹਨ ਅਤੇ ਫਸੇ ਹੋਏ ਲੋਕਾਂ ਦੀ ਸੁਰੱਖਿਅਤ ਵਾਪਸੀ ਲਈ ਯਤਨ ਜਾਰੀ ਹਨ।
Leave a Reply