ਬਰੈਂਪਟਨ ਜਬਰੀ ਵਸੂਲੀ ਅਤੇ ਅੱਗਜ਼ਨੀ ਮਾਮਲਾ: ਪੀਲ ਪੁਲੀਸ ਨੇ ਮੁਲਜ਼ਮ ਜਸਜੀਤ ਸਿੰਘ ਨੂੰ ਕੀਤਾ ਕਾਬੂ, ਹੋਰ ਸਾਥੀਆਂ ਦੀ ਭਾਲ ਜਾਰੀ

ਬਰੈਂਪਟਨ ਜਬਰੀ ਵਸੂਲੀ ਅਤੇ ਅੱਗਜ਼ਨੀ ਮਾਮਲਾ: ਪੀਲ ਪੁਲੀਸ ਨੇ ਮੁਲਜ਼ਮ ਜਸਜੀਤ ਸਿੰਘ ਨੂੰ ਕੀਤਾ ਕਾਬੂ, ਹੋਰ ਸਾਥੀਆਂ ਦੀ ਭਾਲ ਜਾਰੀ

ਕੈਨੇਡਾ ਦੀ ਪੀਲ ਰੀਜਨਲ ਪੁਲੀਸ ਨੇ ਬਰੈਂਪਟਨ ਵਿੱਚ ਕਾਰੋਬਾਰੀਆਂ ਤੋਂ ਫਿਰੌਤੀ ਮੰਗਣ, ਧਮਕੀਆਂ ਦੇਣ ਅਤੇ ਇੱਕ ਵਪਾਰਕ ਅਦਾਰੇ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਦੋਸ਼ ਆਇਦ ਕੀਤੇ ਹਨ। ਮੁਲਜ਼ਮ ਦੀ ਪਛਾਣ ਬਰੈਂਪਟਨ ਨਿਵਾਸੀ ਜਸਜੀਤ ਸਿੰਘ ਵਜੋਂ ਹੋਈ ਹੈ, ਜਿਸ ਨੂੰ ਪੁਲੀਸ ਦੀ ਮੇਜਰ ਕ੍ਰਾਈਮਜ਼ ਯੂਨਿਟ (ਐੱਮ.ਸੀ.ਯੂ.) ਵੱਲੋਂ 9 ਅਕਤੂਬਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਜਾਂਚ ਅਧਿਕਾਰੀਆਂ ਮੁਤਾਬਕ, ਪੀੜਤ ਕਾਰੋਬਾਰੀ ਤੋਂ ਬੀਤੇ ਅਪਰੈਲ ਮਹੀਨੇ ਤੋਂ ਹੀ ਲਗਾਤਾਰ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ। ਇਸ ਦੇ ਨਾਲ ਹੀ ਪੈਸੇ ਨਾ ਦੇਣ ਦੀ ਸੂਰਤ ਵਿੱਚ ਪੀੜਤ ਦੇ ਪਰਿਵਾਰ, ਘਰ, ਕਾਰੋਬਾਰ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਹਿੰਸਾ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ। ਪੁਲੀਸ ਅਨੁਸਾਰ, ਜਬਰੀ ਵਸੂਲੀ ਦੀਆਂ ਮੰਗਾਂ ਤੋਂ ਬਾਅਦ ਪੀੜਤ ਨੂੰ ਡਰਾਉਣ ਅਤੇ ਦਬਾਅ ਬਣਾਉਣ ਦੇ ਮਕਸਦ ਨਾਲ ਮੁਲਜ਼ਮ ਨੇ ਕਥਿਤ ਤੌਰ 'ਤੇ ਅੱਗਜ਼ਨੀ ਦੀ ਘਟਨਾ ਨੂੰ ਅੰਜਾਮ ਦਿੱਤਾ। ਇਸ ਸਿਲਸਿਲੇ ਵਿੱਚ 5 ਸਤੰਬਰ ਨੂੰ ਤੜਕੇ ਕਰੀਬ 4:45 ਵਜੇ ਪੀੜਤ ਦੇ ਕਾਰੋਬਾਰੀ ਅਦਾਰੇ 'ਤੇ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਪੁਲੀਸ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲਿਆ ਸੀ। ਉਪਲਬਧ ਵੇਰਵਿਆਂ ਅਨੁਸਾਰ, ਇੱਕ ਵਿਅਕਤੀ ਅਦਾਰੇ ਦੇ ਬਾਹਰ ਆਇਆ ਅਤੇ ਉਸ ਨੇ ਗੈਰੇਜ ਦੇ ਦਰਵਾਜ਼ੇ ਨੇੜੇ ਕੋਈ ਜਲਣਸ਼ੀਲ ਤਰਲ ਪਦਾਰਥ ਛਿੜਕ ਦਿੱਤਾ, ਜੋ ਕਿ ਗੈਸੋਲੀਨ (ਪੈਟਰੋਲ) ਮੰਨਿਆ ਜਾ ਰਿਹਾ ਹੈ, ਅਤੇ ਇਸ ਤੋਂ ਬਾਅਦ ਉਸ ਨੂੰ ਅੱਗ ਲਗਾ ਦਿੱਤੀ। ਇਸ ਅੱਗਜ਼ਨੀ ਕਾਰਨ ਕਾਰੋਬਾਰੀ ਅਦਾਰੇ ਅਤੇ ਨੇੜੇ ਖੜ੍ਹੇ ਵਾਹਨਾਂ ਦਾ ਲਗਭਗ 1,00,000 ਡਾਲਰ ਦਾ ਅੰਦਾਜ਼ਨ ਨੁਕਸਾਨ ਹੋਇਆ ਸੀ। ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਉਪਰੰਤ ਪੁਲੀਸ ਨੇ ਮੁਲਜ਼ਮ ਜਸਜੀਤ ਸਿੰਘ ਦਾ ਸੁਰਾਗ ਲਗਾਇਆ ਅਤੇ ਉਸ ਨੂੰ 9 ਅਕਤੂਬਰ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਵਿਰੁੱਧ ਜਬਰੀ ਵਸੂਲੀ ਦੀਆਂ ਧਾਰਾਵਾਂ ਤਹਿਤ ਦੋਸ਼ ਦਰਜ ਕੀਤੇ ਗਏ ਹਨ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਬਰੈਂਪਟਨ ਸਥਿਤ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕਰਨ ਤੋਂ ਪਹਿਲਾਂ ਜ਼ਮਾਨਤ ਦੀ ਸੁਣਵਾਈ ਲਈ ਪੁਲੀਸ ਹਿਰਾਸਤ ਵਿੱਚ ਰੱਖਿਆ ਗਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਹਾਲੇ ਵੀ ਜਾਰੀ ਹੈ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਵਾਰਦਾਤ ਵਿੱਚ ਹੋਰ ਵਿਅਕਤੀ ਵੀ ਸ਼ਾਮਲ ਹੋ ਸਕਦੇ ਹਨ। ਪੀਲ ਰੀਜਨਲ ਪੁਲੀਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਜਾਂ ਇਸ ਨਾਲ ਜੁੜੇ ਕਿਸੇ ਹੋਰ ਸ਼ੱਕੀ ਵਿਅਕਤੀ ਬਾਰੇ ਕੋਈ ਜਾਣਕਾਰੀ ਹੈ, ਤਾਂ ਉਹ ਉਸ ਦੀ ਪਛਾਣ ਕਰਨ ਵਿੱਚ ਸਹਿਯੋਗ ਦੇਵੇ ਅਤੇ ਸਿੱਧਾ ਮੇਜਰ ਕ੍ਰਾਈਮਜ਼ ਯੂਨਿਟ ਨਾਲ ਸੰਪਰਕ ਕਰੇ।