ਕੁਲਗਾਮ ਵਿੱਚ ਅੱਤਵਾਦੀ ਹਮਲਾ, ਦੋ ਪ੍ਰਵਾਸੀ ਮਜ਼ਦੂਰਾਂ ਦੀ ਗੋਲੀ ਮਾਰ ਕੇ ਹੱਤਿਆ

ਕੁਲਗਾਮ ਵਿੱਚ ਅੱਤਵਾਦੀ ਹਮਲਾ, ਦੋ ਪ੍ਰਵਾਸੀ ਮਜ਼ਦੂਰਾਂ ਦੀ ਗੋਲੀ ਮਾਰ ਕੇ ਹੱਤਿਆ

ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਵੱਲੋਂ ਇੱਕ ਇੱਟਾਂ ਦੇ ਭੱਠੇ ‘ਤੇ ਕੰਮ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਬਾਰੀ ਕੀਤੀ ਗਈ। ਹਮਲੇ ਵਿੱਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਇੱਕ ਮਜ਼ਦੂਰ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ, ਜਦਕਿ ਦੂਜੇ ਨੇ ਇਲਾਜ ਦੌਰਾਨ ਹਸਪਤਾਲ ਵਿੱਚ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ 24 ਸਾਲਾ ਦੀਪਕ ਰਾਤਰੇ ਅਤੇ 28 ਸਾਲਾ ਭੂਪੇਂਦਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ, ਅੱਤਵਾਦੀਆਂ ਨੇ ਪਹਿਲਾਂ ਮਜ਼ਦੂਰਾਂ ਦੇ ਨਾਮ ਪੁੱਛੇ ਅਤੇ ਉਸ ਤੋਂ ਬਾਅਦ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਅਧਿਕਾਰੀਆਂ ਮੁਤਾਬਕ, ਇਹ ਹਮਲਾ ਕੁਲਗਾਮ ਤੋਂ ਕਰੀਬ 20 ਕਿਲੋਮੀਟਰ ਦੂਰ ਕੇਲਮ ਖੇਤਰ ਵਿੱਚ ਹੋਇਆ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਅੱਤਵਾਦੀਆਂ ਨੇ ਰੇਕੀ ਕਰਨ ਤੋਂ ਬਾਅਦ ਇਸ ਥਾਂ ਨੂੰ ਨਿਸ਼ਾਨਾ ਬਣਾਇਆ। ਘਟਨਾ ਵੇਲੇ ਉੱਥੇ ਕਈ ਪ੍ਰਵਾਸੀ ਮਜ਼ਦੂਰ ਮੌਜੂਦ ਸਨ, ਪਰ ਮ੍ਰਿਤਕ ਦੋਵੇਂ ਹੀ ਇਕੱਲੇ ਹਿੰਦੂ ਮਜ਼ਦੂਰ ਦੱਸੇ ਗਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਵਾਹਨਾਂ ਦੀ ਸਖ਼ਤੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਤੇ ਹੋਰ ਸੁਰੱਖਿਆ ਏਜੰਸੀਆਂ ਹਮਲਾਵਰਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ। ਹਮਲੇ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਹੋਰ ਕੜੀ ਕਰ ਦਿੱਤੀ ਗਈ ਹੈ। ਇਸ ਘਟਨਾ ਨੇ ਜੰਮੂ-ਕਸ਼ਮੀਰ ਵਿੱਚ ਟਾਰਗੇਟ ਕਿਲਿੰਗ ਦੀਆਂ ਵਧਦੀਆਂ ਘਟਨਾਵਾਂ ਨੂੰ ਲੈ ਕੇ ਇੱਕ ਵਾਰ ਫਿਰ ਚਿੰਤਾ ਵਧਾ ਦਿੱਤੀ ਹੈ। ਸੁਰੱਖਿਆ ਏਜੰਸੀਆਂ ਹਮਲਾਵਰਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਜਾਂਚ ਕਰ ਰਹੀਆਂ ਹਨ।