Daily Suraj

ਪੰਜਾਬੀ

ਕੈਨੇਡਾ ਦੇ PM ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ 'ਚ ਕਿਊਬੈਕ ਦਾ ਵਿਅਕਤੀ ਗ੍ਰਿਫ਼ਤਾਰ

26 Sep, 2026 10:38 AM

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਕਥਿਤ ਤੌਰ 'ਤੇ ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਨਫ਼ਰਤ ਫੈਲਾਉਣ ਦੇ ਦੋਸ਼ ਹੇਠ ਕਿਊਬੈਕ ਦੇ ਇੱਕ 45 ਸਾਲਾ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਰੌਇਲ ਕੈਨੇਡੀਅਨ ਮਾਊਂਟਡ ਪੁਲਿਸ (RCMP) ਅਨੁਸਾਰ ਮੁਲਜ਼ਮ ਦੀ ਪਛਾਣ ਓਸਮਾਨੇ ਬਾਹ (Ousmane Bah) ਵਜੋਂ ਹੋਈ ਹੈ। ਆਰਸੀਐਮਪੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਓਸਮਾਨੇ ਬਾਹ 'ਤੇ ਕ੍ਰਿਮਿਨਲ ਕੋਡ ਤਹਿਤ ਕਿਸੇ ਵਿਅਕਤੀ ਨੂੰ ਮੌਤ ਜਾਂ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੀ ਧਮਕੀ ਦੇਣ ਅਤੇ ਇੱਕ ਵਿਸ਼ੇਸ਼ ਪਛਾਣਯੋਗ ਸਮੂਹ ਵਿਰੁੱਧ ਜਾਣਬੁੱਝ ਕੇ ਨਫ਼ਰਤ ਨੂੰ ਉਤਸ਼ਾਹਿਤ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ ਇਹ ਧਮਕੀ ਭਰੇ ਅਤੇ ਨਫ਼ਰਤਪੂਰਨ ਬਿਆਨ ਆਪਣੇ ਨਿੱਜੀ ਫੇਸਬੁੱਕ ਅਕਾਊਂਟ 'ਤੇ ਪੋਸਟ ਕੀਤੇ ਸਨ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਆਰਸੀਐਮਪੀ ਦੀ ਇੰਟੇਗਰੇਟਿਡ ਨੈਸ਼ਨਲ ਸਕਿਊਰਿਟੀ ਐਨਫੋਰਸਮੈਂਟ ਟੀਮ (INSET) ਨੇ ਲੰਘੀ 6 ਜੁਲਾਈ ਨੂੰ ਜਾਂਚ ਆਰੰਭੀ ਸੀ। ਜਾਂਚ ਤੋਂ ਬਾਅਦ ਕਾਰਵਾਈ ਕਰਦਿਆਂ, 24 ਸਤੰਬਰ ਨੂੰ ਬਾਹ ਨੂੰ ਕਿਊਬੈਕ ਸਿਟੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਮੁਲਜ਼ਮ ਦੀ ਅਗਲੀ ਪੇਸ਼ੀ 1 ਅਕਤੂਬਰ ਲਈ ਨਿਰਧਾਰਤ ਕੀਤੀ ਹੈ। ਆਰਸੀਐਮਪੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਅਗਲੀ ਅਦਾਲਤੀ ਪੇਸ਼ੀ ਤੱਕ ਮੁਲਜ਼ਮ ਪੁਲਿਸ ਹਿਰਾਸਤ ਵਿੱਚ ਹੀ ਰਹੇਗਾ।

Posted By: Daily Suraj Bureau

Latest News