ਚਲਦੀ ਟ੍ਰੇਨ ਨਾਲੋਂ ਵੱਖ ਹੋਏ ਏ.ਸੀ ਕੋਚ; ਸਹਿਮੇ ਯਾਤਰੀ

ਚਲਦੀ ਟ੍ਰੇਨ ਨਾਲੋਂ ਵੱਖ ਹੋਏ ਏ.ਸੀ ਕੋਚ; ਸਹਿਮੇ ਯਾਤਰੀ

ਅੰਮ੍ਰਿਤਸਰ, ਮੁੰਬਈ ਤੋਂ ਅੰਮ੍ਰਿਤਸਰ ਜਾ ਰਹੀ ਪੱਛਮੀ ਐਕਸਪ੍ਰੈਸ ਨਾਲ ਕੁਝ ਘੰਟਿਆਂ ਦੇ ਅੰਦਰ ਦੋ ਹਾਦਸੇ ਵਾਪਰੇ। ਮਹਾਰਾਸ਼ਟਰ ਅਤੇ ਗੁਜਰਾਤ ਵਿਚਕਾਰ ਯਾਤਰਾ ਕਰਦੇ ਸਮੇਂ ਟ੍ਰੇਨ ਦੇ ਡੱਬੇ ਦੋ ਵਾਰ ਰੇਲਗੱਡੀ ਤੋਂ ਵੱਖ ਹੋ ਗਏ। ਮੀਡੀਆ ਰਿਪੋਰਟਾਂ ਅਨੁਸਾਰ, ਐਤਵਾਰ ਦੁਪਹਿਰ ਲਗਭਗ 1:19 ਵਜੇ, ਮਹਾਰਾਸ਼ਟਰ ਦੇ ਵਨਗਾਓਂ ਅਤੇ ਦਹਾਨੂ ਰੋਡ ਸਟੇਸ਼ਨਾਂ ਵਿਚਕਾਰ, ਏਸੀ ਕੋਚ A1 ਅਤੇ A2 ਦੇ ਜੋੜ ਵਿੱਚ ਇੱਕ ਤਕਨੀਕੀ ਸਮੱਸਿਆ ਆਈ। ਜਿਸ ਕਾਰਨ ਕੋਚ ਵੱਖ ਹੋ ਗਏ।


ਜਿਸ ਤੋਂ ਬਾਅਦ ਟ੍ਰੇਨ ਨੂੰ ਲਗਭਗ 25 ਮਿੰਟ ਲਈ ਰੋਕਿਆ ਗਿਆ ਅਤੇ ਤਕਨੀਕੀ ਮੁਰੰਮਤ ਤੋਂ ਬਾਅਦ, ਇਸਨੂੰ ਦੁਪਹਿਰ 1:46 ਵਜੇ ਅੱਗੇ ਤੋਰਿਆ ਗਿਆ। ਇਸ ਤੋਂ ਬਾਅਦ ਦੁਪਹਿਰ 2:10 ਵਜੇ ਦੇ ਕਰੀਬ, ਗੁਜਰਾਤ ਦੇ ਸੰਜਨ ਸਟੇਸ਼ਨ ਦੇ ਨੇੜੇ ਇਹੀ ਸਮੱਸਿਆ ਦੁਬਾਰਾ ਸਾਹਮਣੇ ਆਈ। ਜਿਸ ਤੋਂ ਬਾਅਦ ਤੁਰੰਤ ਵਲਸਾਡ ਤੋਂ ਤਕਨੀਕੀ ਸਟਾਫ ਨੂੰ ਮੌਕੇ ‘ਤੇ ਬੁਲਾਇਆ ਗਿਆ।


ਦੁਪਹਿਰ 3:15 ਵਜੇ ਇੱਕ ਵਿਸ਼ੇਸ਼ ਲੋਕੋਮੋਟਿਵ ਇੰਜਣ ਵੀ ਘਟਨਾ ਸਥਾਨ ‘ਤੇ ਭੇਜਿਆ ਗਿਆ। ਆਖਰਕਾਰ ਰੇਲਗੱਡੀ ਨੂੰ ਸੁਰੱਖਿਅਤ ਢੰਗ ਨਾਲ ਲਿਜਾਇਆ ਗਿਆ। ਰੇਲਵੇ ਨੇ ਵਲਸਾਡ ਸਟੇਸ਼ਨ ‘ਤੇ ਰੇਲਗੱਡੀਆਂ A1 ਅਤੇ A2 ਨੂੰ ਬਦਲ ਦਿੱਤਾ।

ਰੇਲਵੇ ਨੇ ਯਾਤਰੀਆਂ ਦੇ ਸਾਮਾਨ ਨੂੰ ਉਤਾਰਿਆ ਅਤੇ ਨਵੇਂ ਡੱਬਿਆਂ ਵਿੱਚ ਰੱਖਿਆ। ਇਸ ਤੋਂ ਬਾਅਦ ਰੇਲਗੱਡੀ ਸਾਰੇ ਸੁਰੱਖਿਆ ਪ੍ਰਬੰਧਾਂ ਨਾਲ ਅੱਗੇ ਵਧੀ। ਇਹ ਅੱਜ ਰਾਤ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਪਹੁੰਚੇਗੀ।