ਭਾਜਪਾ ਸਰਕਾਰ ਵੇਲੇ 1 ਰੁਪਏ ਪ੍ਰਤੀ ਵਰਗ ਮੀਟਰ ਸਾਲਾਨਾ ਭਾਅ ’ਤੇ ਅਲਾਟ ਹੋਈ ਸੀ 800 ਏਕੜ ਜ਼ਮੀਨ, ਚਾਰ ਸਾਲ ਬਾਅਦ ਵੀ ਨਹੀਂ ਸ਼ੁਰੂ ਹੋਇਆ ਪ੍ਰੋਜੈਕਟ
ਸੀਬੀਆਈ (CBI) ਦੇ ਸ਼ਿਕੰਜੇ ਵਿੱਚ ਆਏ ਰਾਮਪੁਰਾ ਫੂਲ ਦੇ ਕਾਂਸਲ ਪਰਿਵਾਰ ਦੀਆਂ ਮੁਸ਼ਕਲਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਹੁਣ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਇਸ ਪਰਿਵਾਰ ਦੀ ਕੰਪਨੀ ‘ਐੱਸ.ਐੱਮ.ਪੀ.ਪੀ. ਅਮਿਊਨੇਸ਼ਨ ਪ੍ਰਾਈਵੇਟ ਲਿਮਟਿਡ’ ਨੂੰ ਨਾਲਾਗੜ੍ਹ ਵਿੱਚ ਅਲਾਟ ਕੀਤੀ ਗਈ 800 ਏਕੜ ਜ਼ਮੀਨ ਨੂੰ ਲੈ ਕੇ ਵੀ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਜ਼ਿਕਰਯੋਗ ਹੈ ਕਿ ਹਿਮਾਚਲ ਵਿੱਚ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ 4 ਅਕਤੂਬਰ 2022 ਨੂੰ ਜ਼ਿਲ੍ਹਾ ਸੋਲਨ ਦੇ ਨਾਲਾਗੜ੍ਹ ਵਿੱਚ ਇਹ ਜ਼ਮੀਨ ਕੰਪਨੀ ਨੂੰ 95 ਸਾਲਾਂ ਲਈ ਮਹਿਜ਼ 1 ਰੁਪਏ ਪ੍ਰਤੀ ਵਰਗ ਮੀਟਰ ਸਾਲਾਨਾ ਦੀ ਨਾਮਾਤਰ ਦਰ ’ਤੇ ਲੀਜ਼ ਉੱਤੇ ਦਿੱਤੀ ਗਈ ਸੀ। ਹਾਲਾਂਕਿ, ਲਗਭਗ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਕੰਪਨੀ ਆਪਣਾ ਉਦਯੋਗਿਕ ਯੂਨਿਟ ਚਾਲੂ ਕਰਨ ਵਿੱਚ ਨਾਕਾਮ ਰਹੀ ਹੈ। ਇਸ ਕੰਪਨੀ ਸਮੇਤ ਹੋਰਨਾਂ ਨੂੰ ਵੀ ਸਸਤੇ ਭਾਅ ’ਤੇ ਜ਼ਮੀਨਾਂ ਅਲਾਟ ਕਰਨ ਦੇ ਮਾਮਲੇ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿੱਚ 27 ਅਗਸਤ 2025 ਨੂੰ ਭਾਰੀ ਹੰਗਾਮਾ ਹੋਇਆ ਸੀ। ਹਿਮਾਚਲ ਪ੍ਰਦੇਸ਼ ਦੇ ਮੌਜੂਦਾ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇੰਨੇ ਘੱਟ ਭਾਅ ’ਤੇ ਜ਼ਮੀਨਾਂ ਲੀਜ਼ ’ਤੇ ਦੇਣ ਦੀ ਨੀਤੀ ਨੂੰ ਸੂਬੇ ਦੀ ਦੌਲਤ ਦੀ ਲੁੱਟ ਕਰਾਰ ਦਿੱਤਾ ਸੀ। ਇਸ ਤੈਅ ਯੋਜਨਾ ਤਹਿਤ ਉਪਰੋਕਤ ਕੰਪਨੀ ਨੇ ਇਸ ਜ਼ਮੀਨ ’ਤੇ ਤੋਪਖ਼ਾਨੇ ਦੇ ਗੋਲਾ-ਬਾਰੂਦ ਅਤੇ ਰੱਖਿਆ ਸਾਜ਼ੋ-ਸਾਮਾਨ ਦੇ ਉਤਪਾਦਨ ਨਾਲ ਜੁੜਿਆ ਕਾਰਖ਼ਾਨਾ ਲਗਾਉਣਾ ਸੀ, ਜਿਸ ਵਿੱਚ ਕਰੀਬ ਤਿੰਨ ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਣਾ ਸੀ। ਤਤਕਾਲੀ ਹਿਮਾਚਲ ਸਰਕਾਰ ਵੱਲੋਂ ਕਸਟਮਾਈਜ਼ਡ ਪੈਕੇਜ ਨੀਤੀ ਤਹਿਤ ਨਿਵੇਸ਼ਕਾਂ ਨੂੰ 95 ਸਾਲਾਂ ਲਈ 1 ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ’ਤੇ ਜ਼ਮੀਨ ਦੇਣ ਤੋਂ ਇਲਾਵਾ ਸਟੈਂਪ ਡਿਊਟੀ, ਰਜਿਸਟਰੇਸ਼ਨ ਫ਼ੀਸ, ਊਰਜਾ ਖ਼ਰਚਿਆਂ ਅਤੇ ਪਾਵਰ ਡਿਊਟੀ ਤੋਂ ਵੀ ਭਾਰੀ ਛੋਟ ਦਿੱਤੀ ਗਈ ਸੀ। ਹੁਣ ਜਦੋਂ ਕਾਂਸਲ ਪਰਿਵਾਰ ਦੀ ਇਹ ਕੰਪਨੀ ਕੇਂਦਰੀ ਜਾਂਚ ਏਜੰਸੀ ਸੀਬੀਆਈ ਦੇ ਜਾਲ ਵਿੱਚ ਫਸ ਚੁੱਕੀ ਹੈ, ਤਾਂ ਹਿਮਾਚਲ ਵਿੱਚ ਅਲਾਟ ਹੋਈ ਇਸ ਜ਼ਮੀਨ ਅਤੇ ਪ੍ਰੋਜੈਕਟ ਦਾ ਭਵਿੱਖ ਵੀ ਖ਼ਤਰੇ ਵਿੱਚ ਪੈਂਦਾ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ, ਚਰਚਾ ਹੈ ਕਿ ਕੇਂਦਰੀ ਰੱਖਿਆ ਮੰਤਰਾਲਾ ‘ਡਿਫ਼ੈਂਸ ਪ੍ਰੋਕਿਓਰਮੈਂਟ ਮੈਨੂਅਲ 2025’ ਦੇ ਨਿਯਮਾਂ ਤਹਿਤ ਕੰਪਨੀ ਨਾਲ ਲੈਣ-ਦੇਣ ’ਤੇ ਅਸਥਾਈ ਰੋਕ ਜਾਂ ਪਾਬੰਦੀ ਵੀ ਲਗਾ ਸਕਦਾ ਹੈ, ਜਿਸ ਨਾਲ ਕੰਪਨੀ ਭਵਿੱਖ ਵਿੱਚ ਰੱਖਿਆ ਮੰਤਰਾਲੇ ਦੇ ਟੈਂਡਰਾਂ ਲਈ ਅਯੋਗ ਹੋ ਜਾਵੇਗੀ। ਦੱਸਣਯੋਗ ਹੈ ਕਿ ਸੀਬੀਆਈ ਨੇ ਨਵੀਂ ਦਿੱਲੀ ਵਿੱਚ 12 ਅਕਤੂਬਰ ਨੂੰ ਮਿਊਨੀਸ਼ਨਜ਼ ਇੰਡੀਆ ਲਿਮਟਿਡ ਪੁਣੇ ਦੇ ਕਾਰਜਕਾਰੀ ਨਿਰਦੇਸ਼ਕ ਅਨਿਲ ਕੁਮਾਰ ਅਤੇ ‘ਮੈਸਰਜ਼ ਐੱਸ.ਐੱਮ.ਪੀ.ਪੀ. ਲਿਮਟਿਡ ਕੰਪਨੀ’ ਦੇ ਡਾਇਰੈਕਟਰ/ਪ੍ਰਮੋਟਰ ਆਸ਼ੀਸ਼ ਕਾਂਸਲ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਪੂਰਾ ਮਾਮਲਾ 500 ਕਰੋੜ ਰੁਪਏ ਦੇ ਗੋਲਾ-ਬਾਰੂਦ ਦੀ ਸਪਲਾਈ ਦੇ ਸੌਦੇ ਨਾਲ ਜੁੜੇ ਰਿਸ਼ਵਤ ਕਾਂਡ ਅਤੇ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਨਾਲ ਸਬੰਧਤ ਹੈ। ਕਾਂਸਲ ਪਰਿਵਾਰ ਲੰਮਾ ਸਮਾਂ ਪਹਿਲਾਂ ਰਾਮਪੁਰਾ ਫੂਲ ਤੋਂ ਦਿੱਲੀ ਸ਼ਿਫ਼ਟ ਹੋ ਚੁੱਕਾ ਹੈ, ਜਿੱਥੇ ਆਸ਼ੀਸ਼ ਕਾਂਸਲ ਕੰਪਨੀ ਦੇ ਹੋਲ-ਟਾਈਮ ਡਾਇਰੈਕਟਰ ਹਨ ਅਤੇ ਉਨ੍ਹਾਂ ਦੇ ਪਿਤਾ ਸ਼ਿਵ ਚੰਦ ਕਾਂਸਲ ਮੈਨੇਜਿੰਗ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ।