Daily Suraj

ਪੰਜਾਬੀ

ਕੈਨੇਡਾ 'ਚ ਭਿਆਨਕ ਸੜਕ ਹਾਦਸਾ: ਪੰਜਾਬੀ ਨੌਜਵਾਨ ਜਸਕਰਨ ਸਿੰਘ ਦੀ ਮੌਤ, 4 ਲੋਕ ਗੰਭੀਰ ਜ਼ਖ਼ਮੀ

21 Oct, 2026 10:08 AM

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਵੈਨਕੂਵਰ ਤੋਂ ਲਗਭਗ 300 ਕਿਲੋਮੀਟਰ ਦੂਰ ਉੱਤਰ-ਪੂਰਬ ਵੱਲ ਜਾਂਦੇ 5 ਨੰਬਰ ਹਾਈਵੇਅ (ਕੋਕਾਹਾਲਾ) ’ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਮੈਰਿਟ ਵੱਲ ਜਾ ਰਹੇ ਇੱਕ ਵਾਹਨ ਨੂੰ ਸਾਹਮਣਿਓਂ ਗ਼ਲਤ ਪਾਸਿਓਂ ਆ ਰਹੇ ਪਿੱਕ-ਅੱਪ ਟਰੱਕ ਨੇ ਸਿੱਧੀ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਵਿੱਚ ਸਵਾਰ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ, ਜਦਕਿ ਟੱਕਰ ਮਾਰਨ ਵਾਲੇ ਚਾਲਕ ਸਮੇਤ ਚਾਰ ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਸਰੀ ਦੇ ਰਹਿਣ ਵਾਲੇ 23 ਸਾਲਾ ਜਸਕਰਨ ਸਿੰਘ ਵਜੋਂ ਹੋਈ ਹੈ। ਮੈਰਿਟ ਵਿਖੇ ਤਾਇਨਾਤ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (RCMP) ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਤੜਕਸਾਰ ਵਾਪਰਿਆ। ਮੈਰਿਟ ਵੱਲੋਂ ਦੱਖਣ ਵਾਲੇ ਪਾਸੇ ਜਾ ਰਹੇ ਇੱਕ ਕਾਲੇ ਰੰਗ ਦੇ ਪਿੱਕ-ਅੱਪ ਦਾ ਚਾਲਕ ਅਚਾਨਕ ਗ਼ਲਤ ਪਾਸੇ ਯਾਨੀ ਉੱਤਰ ਵੱਲ ਆ ਰਹੀ ਟ੍ਰੈਫ਼ਿਕ ਵਾਲੀ ਲੇਨ ਵਿੱਚ ਚਲਾ ਗਿਆ ਅਤੇ ਸਾਹਮਣਿਓਂ ਆ ਰਹੀ ਕਾਰ ਨਾਲ ਉਸ ਦੀ ਜ਼ੋਰਦਾਰ ਟੱਕਰ ਹੋ ਗਈ। ਕਾਰ ਵਿੱਚ ਕੁੱਲ ਚਾਰ ਵਿਅਕਤੀ ਸਵਾਰ ਸਨ ਅਤੇ ਹਾਦਸੇ ਵਿੱਚ ਸਾਰੇ ਹੀ ਜ਼ਖ਼ਮੀ ਹੋ ਗਏ। ਘਟਨਾ ਤੋਂ ਤੁਰੰਤ ਬਾਅਦ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਜਸਕਰਨ ਸਿੰਘ ਨੇ ਦਮ ਤੋੜ ਦਿੱਤਾ। ਹਾਦਸੇ ਵਿੱਚ ਜ਼ਖ਼ਮੀ ਹੋਏ ਬਾਕੀ ਵਿਅਕਤੀਆਂ ਦੀ ਉਮਰ 24 ਤੋਂ 38 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ। ਮੈਰਿਟ ਪੁਲੀਸ ਨੇ ਦੱਸਿਆ ਕਿ ਸੜਕ ਦੇ ਗ਼ਲਤ ਪਾਸੇ ਜਾ ਕੇ ਟੱਕਰ ਮਾਰਨ ਵਾਲਾ ਪਿੱਕ-ਅੱਪ ਡਰਾਈਵਰ ਵੀ ਇਸ ਵੇਲੇ ਹਸਪਤਾਲ ਵਿੱਚ ਇਲਾਜ ਅਧੀਨ ਹੈ। ਪੁਲੀਸ ਮੁਤਾਬਕ ਡਾਕਟਰਾਂ ਵੱਲੋਂ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਦੋਸ਼ੀ ਡਰਾਈਵਰ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਸੜਕ ਦੇ ਗ਼ਲਤ ਪਾਸੇ ਵਾਹਨ ਕਿਉਂ ਚਲਾ ਰਿਹਾ ਸੀ, ਜਿਸ ਤੋਂ ਬਾਅਦ ਉਸ ਵਿਰੁੱਧ ਕਾਨੂੰਨੀ ਧਾਰਾਵਾਂ ਤਹਿਤ ਦੋਸ਼ ਆਇਦ ਕੀਤੇ ਜਾਣਗੇ।

Latest News