Daily Suraj

ਪੰਜਾਬੀ

ਅੰਮ੍ਰਿਤਸਰ ਦਿਹਾਤੀ ਪੁਲੀਸ ਨੂੰ ਵੱਡੀ ਸਫ਼ਲਤਾ: ਨਸ਼ਾ ਅਤੇ ਹਥਿਆਰ ਤਸਕਰੀ ਨੈੱਟਵਰਕ ਦੇ 7 ਮੈਂਬਰ ਗ੍ਰਿਫ਼ਤਾਰ

21 Oct, 2026 10:29 AM

ਅੰਮ੍ਰਿਤਸਰ ਦਿਹਾਤੀ ਪੁਲੀਸ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ, ਗ਼ੈਰ-ਕਾਨੂੰਨੀ ਹਥਿਆਰਾਂ ਅਤੇ ਵਿਸਫ਼ੋਟਕਾਂ ਦੇ ਨੈੱਟਵਰਕ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ 7 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲੀਸ ਨੇ ਇਨ੍ਹਾਂ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 1 ਹੈਂਡ ਗ੍ਰੇਨੇਡ, 2 ਪਿਸਤੌਲ ਅਤੇ 3.491 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਸਫ਼ਲਤਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਫੜੇ ਗਏ ਮੁਲਜ਼ਮ ਕਥਿਤ ਤੌਰ ’ਤੇ ਵਿਦੇਸ਼ੀ ਤਸਕਰਾਂ ਦੇ ਸੰਪਰਕ ਵਿੱਚ ਸਨ। ਇਹ ਵਿਦੇਸ਼ੀ ਤਸਕਰ ਸੂਬੇ ਦੇ ਅਪਰਾਧਿਕ ਅਨਸਰਾਂ ਨੂੰ ਗ਼ੈਰ-ਕਾਨੂੰਨੀ ਹਥਿਆਰ ਅਤੇ ਹੋਰ ਸਮੱਗਰੀ ਸਪਲਾਈ ਕਰਨ ਵਿੱਚ ਸ਼ਾਮਲ ਸਨ। ਪੁਲੀਸ ਵੱਲੋਂ ਇਸ ਮਾਮਲੇ ਸਬੰਧੀ ਥਾਣਾ ਚਾਟੀਵਿੰਡ ਅਤੇ ਥਾਣਾ ਲੋਪੋਕੇ ਵਿਖੇ ਵੱਖ-ਵੱਖ ਐੱਫਆਈਆਰ ਦਰਜ ਕਰ ਲਈਆਂ ਗਈਆਂ ਹਨ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਪੂਰੇ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਗਿਰੋਹ ਦੇ ਬਾਕੀ ਸਾਥੀਆਂ ਅਤੇ ਪਿਛਲੇ ਸਬੰਧਾਂ ਦਾ ਵੀ ਪਰਦਾਫਾਸ਼ ਕੀਤਾ ਜਾ ਸਕੇ। ਇਸ ਅਪਰੇਸ਼ਨ ਸਬੰਧੀ ਹੋਰ ਅਹਿਮ ਖ਼ੁਲਾਸੇ ਬਾਰਡਰ ਰੇਂਜ ਦੇ ਆਈਜੀ ਅਤੇ ਦਿਹਾਤੀ ਪੁਲੀਸ ਦੇ ਐੱਸਐੱਸਪੀ ਵੱਲੋਂ ਦੁਪਹਿਰ ਵੇਲੇ ਕੀਤੀ ਜਾਣ ਵਾਲੀ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤੇ ਜਾਣਗੇ।

Latest News