ਪੰਜਾਬ ਮਹਿਲਾ ਕਮਿਸ਼ਨ ਵੱਲੋਂ ਨਵ-ਵਿਆਹੇ ਜੋੜੇ ਦੇ ਸਮਾਜਿਕ ਬਾਈਕਾਟ ‘ਤੇ ਨੋਟਿਸ

ਪੰਜਾਬ ਮਹਿਲਾ ਕਮਿਸ਼ਨ ਵੱਲੋਂ ਨਵ-ਵਿਆਹੇ ਜੋੜੇ ਦੇ ਸਮਾਜਿਕ ਬਾਈਕਾਟ ‘ਤੇ ਨੋਟਿਸ

ਜ਼ਿਲ੍ਹਾ ਸੰਗਰੂਰ ਦੇ ਉਪ ਮੰਡਲ ਦਿੜ੍ਹਬਾ ਅਧੀਨ ਪਿੰਡ ਰੋਗਲਾ ’ਚ ਵਿਆਹ ਕਰਾਉਣ ਵਾਲੇ ਮੁੰਡਾ-ਕੁੜੀ ਦਾ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਕਥਿਤ ਤੌਰ ’ਤੇ ਸਮਾਜਿਕ ਬਾਈਕਾਟ ਦਾ ਮਾਮਲਾ ਭਖ ਗਿਆ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸਮਾਜਿਕ ਬਾਈਕਾਟ ਦੇ ਮਾਮਲੇ ’ਤੇ ਔਰਤਾਂ ਲਈ ਪੰਜਾਬ ਰਾਜ ਕਮਿਸ਼ਨ ਐਕਟ 2001 ਤਹਿਤ ਖੁਦ-ਬ-ਖੁਦ ਨੋਟਿਸ ਲੈਂਦਿਆਂ ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਨੂੰ ਪੱਤਰ ਜਾਰੀ ਕਰਕੇ ਇਸ ਕੇਸ ਵਿਚ ਤੁਰੰਤ ਡੀ ਐੱਸ ਪੀ ਰੈਂਕ ਦੇ ਅਧਿਕਾਰੀ ਤੋਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਲਈ ਕਿਹਾ ਹੈ। ਇਸ ਨਾਲ ਕੀਤੀ ਕਾਰਵਾਈ ਸਬੰਧੀ ਰਿਪੋਰਟ ਅਤੇ ਦੋਵੇਂ ਪਾਰਟੀਆਂ ਸਮੇਤ ਪਿੰਡ ਦੇ ਸਰਪੰਚ ਨੂੰ ਲੈ ਕੇ ਭਲਕੇ 5 ਫਰਵਰੀ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫ਼ਤਰ ਵਿਚ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ। ਕਮਿਸ਼ਨ ਵਲੋਂ ਆਪਣੇ ਆਪ ਨੋਟਿਸ ਲੈਣ ਦੀ ਪੁਸ਼ਟੀ ਕਰਦਿਆਂ ਡੀ ਐੱਸ ਪੀ ਦਿੜ੍ਹਬਾ ਡਾ. ਰੁਪਿੰਦਰ ਕੌਰ ਬਾਜਵਾ ਨੇ ਕਿਹਾ ਕਿ ਪਿੰਡ ਰੋਗਲਾ ਦੇ ਵਸਨੀਕ ਲੜਕੇ-ਲੜਕੀ ਵਲੋਂ ਵਿਆਹ ਕਰਵਾਉਣ ’ਤੇ ਪਿੰਡ ਦੀ ਪੰਚਾਇਤ ਨੇ ਲੜਕੇ-ਲੜਕੀ ਦੇ ਸਮਾਜਿਕ ਬਾਈਕਾਟ ਦਾ ਮਤਾ ਪਾਸ ਕੀਤਾ ਸੀ, ਜਿਸ ਦੀ ਖ਼ਬਰ ਅਖ਼ਬਾਰਾਂ ’ਚ ਪ੍ਰਕਾਸ਼ਤ ਹੋਣ ਮਗਰੋਂ ਮਹਿਲਾ ਕਮਿਸ਼ਨ ਨੇ ਇਸ ਦਾ ਨੋਟਿਸ ਲਿਆ ਹੈ। ਸਮਾਜਿਕ ਬਾਈਕਾਟ ਨੂੰ ਗੈਰਕਾਨੂੰਨੀ ਦੱਸਦਿਆਂ ਕਿਹਾ ਕਿ ਕਾਨੂੰਨ ਅਨੁਸਾਰ ਹਰ ਇੱਕ ਨੂੰ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉੂਣ ਦਾ ਹੱਕ ਹੈ। ਅੱਜ ਸਬੰਧਤ ਲੜਕੇ-ਲੜਕੀ ਨੂੰ ਦਫ਼ਤਰ ਬੁਲਾ ਕੇ ਸੁਣਵਾਈ ਕੀਤੀ ਗਈ ਹੈ ਕਿ ਪਿੰਡ ਵਿਚ ਉਨ੍ਹਾਂ ਨੂੰ ਕੋਈ ਡਰਾ-ਧਮਕਾ ਤਾਂ ਨਹੀਂ ਰਿਹਾ। ਇਸ ਤੋਂ ਇਲਾਵਾ ਪਿੰਡ ਦੇ ਸਰਪੰਚ/ਪੰਚਾਂ ਨੂੰ ਬੁਲਾ ਕੇ ਉਨ੍ਹਾਂ ਦਾ ਪੱਖ ਵੀ ਸੁਣਿਆ ਜਾਵੇਗਾ।