ਸਟੱਡੀ ਪਰਮਿਟ ਪਾਬੰਦੀਆਂ ਦਾ ਅਸਰ: ਵਿਦੇਸ਼ੀ ਵਿਦਿਆਰਥੀਆਂ ਦੀ ਘਾਟ ਕਾਰਨ ਕੈਨੇਡੀਅਨ ਕਾਲਜਾਂ ਦੇ ਖ਼ਰਚਿਆਂ ਵਿੱਚ 9.6 ਫ਼ੀਸਦੀ ਦੀ ਭਾਰੀ ਗਿਰਾਵਟ

ਸਟੱਡੀ ਪਰਮਿਟ ਪਾਬੰਦੀਆਂ ਦਾ ਅਸਰ: ਵਿਦੇਸ਼ੀ ਵਿਦਿਆਰਥੀਆਂ ਦੀ ਘਾਟ ਕਾਰਨ ਕੈਨੇਡੀਅਨ ਕਾਲਜਾਂ ਦੇ ਖ਼ਰਚਿਆਂ ਵਿੱਚ 9.6 ਫ਼ੀਸਦੀ ਦੀ ਭਾਰੀ ਗਿਰਾਵਟ

ਕੈਨੇਡਾ ਦੀ ਸੰਘੀ ਸਰਕਾਰ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਦੇ ਸਟੱਡੀ ਪਰਮਿਟਾਂ ’ਤੇ ਲਾਈਆਂ ਗਈਆਂ ਸਖ਼ਤ ਪਾਬੰਦੀਆਂ ਦਾ ਸਿੱਧਾ ਅਤੇ ਡੂੰਘਾ ਅਸਰ ਹੁਣ ਦੇਸ਼ ਦੇ ਕਾਲਜਾਂ ਦੀ ਆਰਥਿਕ ਸਥਿਤੀ ’ਤੇ ਦਿਖਾਈ ਦੇਣ ਲੱਗਾ ਹੈ। ‘ਸਟੈਟਿਸਟਿਕਸ ਕੈਨੇਡਾ’ ਵੱਲੋਂ ਸਾਲ 2025 ਦੇ ਸਰਕਾਰੀ ਖ਼ਰਚਿਆਂ ਸਬੰਧੀ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ, ਵਿਦੇਸ਼ੀ ਵਿਦਿਆਰਥੀਆਂ ਦੇ ਦਾਖ਼ਲੇ ਘਟਣ ਕਾਰਨ ਕੈਨੇਡਾ ਭਰ ਦੇ ਕਾਲਜਾਂ ਦੇ ਖ਼ਰਚਿਆਂ ਵਿੱਚ 9.6 ਫ਼ੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਦੂਜੇ ਪਾਸੇ, ਸਮੁੱਚਾ ਸਰਕਾਰੀ ਖ਼ਰਚਾ 24.8 ਅਰਬ ਡਾਲਰ ਦੇ ਵਾਧੇ ਨਾਲ ਕੁੱਲ 1,176.6 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਜਾਰੀ ਅੰਕੜਿਆਂ ਮੁਤਾਬਕ, ਕਾਲਜ ਸਿੱਖਿਆ ’ਤੇ ਹੋਣ ਵਾਲੇ ਖ਼ਰਚੇ ਵਿੱਚ ਕੌਮੀ ਪੱਧਰ ’ਤੇ ਆਈ ਇਸ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਓਨਟਾਰੀਓ ਸੂਬਾ ਹੈ, ਜਿੱਥੇ ਕਾਲਜਾਂ ਦੇ ਖ਼ਰਚੇ 19.8 ਫ਼ੀਸਦੀ ਤੱਕ ਹੇਠਾਂ ਡਿੱਗ ਗਏ ਹਨ। ਜ਼ਿਕਰਯੋਗ ਹੈ ਕਿ ਓਨਟਾਰੀਓ ਭਾਰਤੀ ਅਤੇ ਖ਼ਾਸ ਕਰਕੇ ਪੰਜਾਬੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਰਿਹਾ ਹੈ। ਸਾਲ 2024 ਵਿੱਚ ਲਾਗੂ ਕੀਤੀਆਂ ਗਈਆਂ ਸਟੱਡੀ ਪਰਮਿਟ ਸੀਮਾਵਾਂ ਸਦਕਾ 2025-26 ਦੇ ਵਿੱਦਿਅਕ ਸੈਸ਼ਨ ਦੌਰਾਨ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਭਾਰੀ ਕਮੀ ਆਈ ਹੈ। ਟਿਊਸ਼ਨ ਫ਼ੀਸਾਂ ਤੋਂ ਹੋਣ ਵਾਲੀ ਵੱਡੀ ਆਮਦਨ ਘਟਣ ਕਾਰਨ ਕਾਲਜ ਪ੍ਰਬੰਧਕਾਂ ਨੂੰ ਆਪਣੇ ਖ਼ਰਚਿਆਂ ਵਿੱਚ ਸਖ਼ਤ ਕਟੌਤੀ ਕਰਨ ਲਈ ਮਜਬੂਰ ਹੋਣਾ ਪਿਆ ਹੈ। ਓਨਟਾਰੀਓ ਤੋਂ ਇਲਾਵਾ ਦੇਸ਼ ਦੇ ਕਈ ਹੋਰ ਸੂਬਿਆਂ ਦੇ ਕਾਲਜਾਂ ਦੇ ਖ਼ਰਚਿਆਂ ਵਿੱਚ ਵੀ ਕਮੀ ਆਈ ਹੈ। ਇਨ੍ਹਾਂ ਵਿੱਚ ਮੈਨੀਟੋਬਾ (-7.3 ਫ਼ੀਸਦੀ), ਅਲਬਰਟਾ (-6.3 ਫ਼ੀਸਦੀ), ਨਿਊ ਬਰੰਜ਼ਵਿਕ (-5.6 ਫ਼ੀਸਦੀ), ਨੋਵਾ ਸਕੋਸ਼ੀਆ (-5.2 ਫ਼ੀਸਦੀ), ਨਿਊਫਾਊਂਡਲੈਂਡ ਐਂਡ ਲੈਬਰਾਡੋਰ (-4.5 ਫ਼ੀਸਦੀ), ਬ੍ਰਿਟਿਸ਼ ਕੋਲੰਬੀਆ (-2.2 ਫ਼ੀਸਦੀ) ਅਤੇ ਸਸਕੈਚਵਨ (-1.7 ਫ਼ੀਸਦੀ) ਸ਼ਾਮਲ ਹਨ। ਇਸ ਦੇ ਉਲਟ, ਸਿਰਫ਼ ਪ੍ਰਿੰਸ ਐਡਵਰਡ ਆਈਲੈਂਡ (+7.1 ਫ਼ੀਸਦੀ) ਅਤੇ ਕਿਊਬੈਕ (+2.3 ਫ਼ੀਸਦੀ) ਵਿੱਚ ਹੀ ਕਾਲਜ ਖ਼ਰਚਿਆਂ ਵਿੱਚ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਸਕੂਲੀ ਸਿੱਖਿਆ (0.8 ਫ਼ੀਸਦੀ) ਅਤੇ ਯੂਨੀਵਰਸਿਟੀਆਂ (1.2 ਫ਼ੀਸਦੀ) ਦੇ ਖ਼ਰਚਿਆਂ ਵਿੱਚ ਮਾਮੂਲੀ ਵਾਧਾ ਹੋਇਆ, ਪਰ ਕਾਲਜਾਂ ਦੀ ਮੰਦੀ ਕਾਰਨ ਕੁੱਲ ਸਿੱਖਿਆ ਬਜਟ 0.2 ਫ਼ੀਸਦੀ ਘਟ ਗਿਆ। ਸਮੁੱਚੇ ਆਰਥਿਕ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ 2025 ਵਿੱਚ ਕੈਨੇਡਾ ਦੀਆਂ ਸਾਰੀਆਂ ਸਰਕਾਰਾਂ (ਸੰਘੀ, ਸੂਬਾਈ ਤੇ ਸਥਾਨਕ) ਦੇ ਕੁੱਲ ਖ਼ਰਚਿਆਂ ਦੀ ਵਾਧਾ ਦਰ ਮੱਠੀ ਪੈ ਕੇ 2.2 ਫ਼ੀਸਦੀ ਰਹਿ ਗਈ, ਜੋ ਕਿ 2024 ਵਿੱਚ 4.5 ਫ਼ੀਸਦੀ ਸੀ। ਸਰਕਾਰੀ ਖ਼ਰਚਿਆਂ ਦੀ ਰਫ਼ਤਾਰ ਘਟਣ ਦਾ ਮੁੱਖ ਕਾਰਨ ਵਾਤਾਵਰਨ ਸੁਰੱਖਿਆ ਬਜਟ ਵਿੱਚ ਆਈ 30.6 ਫ਼ੀਸਦੀ ਦੀ ਕਮੀ ਹੈ। 1 ਅਪਰੈਲ, 2025 ਨੂੰ ਫਿਊਲ ਚਾਰਜ ਖ਼ਤਮ ਹੋਣ ਅਤੇ ‘ਕੈਨੇਡਾ ਕਾਰਬਨ ਰਿਬੇਟ’ (ਸੀ.ਸੀ.ਆਰ.) ਬੰਦ ਹੋਣ ਕਾਰਨ ਪ੍ਰਦੂਸ਼ਣ ਕੰਟਰੋਲ ਖ਼ਰਚੇ 13.6 ਅਰਬ ਡਾਲਰ ਘਟ ਗਏ ਹਨ। ਸੂਬਾਈ ਪੱਧਰ ’ਤੇ ਸਿਹਤ ਸੇਵਾਵਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਪ੍ਰਤੀ ਵਿਅਕਤੀ ਖ਼ਰਚਾ ਨਿਊਫਾਊਂਡਲੈਂਡ ਐਂਡ ਲੈਬਰਾਡੋਰ (9,309 ਡਾਲਰ) ਵਿੱਚ ਰਿਹਾ, ਜਦੋਂਕਿ ਅਲਬਰਟਾ (6,029 ਡਾਲਰ) ਅਤੇ ਓਨਟਾਰੀਓ (6,119 ਡਾਲਰ) ਸਭ ਤੋਂ ਹੇਠਲੇ ਪੱਧਰ ’ਤੇ ਰਹੇ। ਇਸ ਦੇ ਉਲਟ, ਨਾਟੋ ਦੇ ਟੀਚਿਆਂ ਨੂੰ ਪੂਰਾ ਕਰਨ ਅਤੇ ਯੂਕਰੇਨ ਨੂੰ ਫ਼ੌਜੀ ਸਹਾਇਤਾ (55.9 ਫ਼ੀਸਦੀ ਵਾਧਾ) ਦੇਣ ਕਾਰਨ ਸੰਘੀ ਰੱਖਿਆ ਖ਼ਰਚਾ 19.8 ਫ਼ੀਸਦੀ ਵਧ ਕੇ 31.2 ਅਰਬ ਡਾਲਰ ਹੋ ਗਿਆ ਹੈ। ਸਮਾਜਿਕ ਸੁਰੱਖਿਆ (289.41 ਅਰਬ ਡਾਲਰ) ਅਤੇ ਸਿਹਤ ਸੇਵਾਵਾਂ (289.40 ਅਰਬ ਡਾਲਰ) ਨੇ ਕੁੱਲ ਬਜਟ ਦਾ ਲਗਭਗ ਅੱਧਾ ਹਿੱਸਾ (49.2 ਫ਼ੀਸਦੀ) ਘੇਰਿਆ ਹੈ। ਇਸ ਤੋਂ ਇਲਾਵਾ ਬੇਰੁਜ਼ਗਾਰੀ ਬੀਮਾ (EI) ਲਾਭਪਾਤਰੀਆਂ ਦੀ ਗਿਣਤੀ ਵਧਣ ਨਾਲ ਬੇਰੁਜ਼ਗਾਰੀ ਖ਼ਰਚੇ 36.6 ਫ਼ੀਸਦੀ ਵਧ ਕੇ 21.1 ਅਰਬ ਡਾਲਰ ਹੋ ਗਏ ਹਨ, ਜਦਕਿ ਜਨਤਕ ਕਰਜ਼ੇ ਦਾ ਵਿਆਜ 105.7 ਅਰਬ ਡਾਲਰ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਹੈ।