ਪੰਜਾਬ ਭਾਜਪਾ ਵਿੱਚ ਵੱਡਾ ਬਦਲਾਅ, ਕੇਵਲ ਸਿੰਘ ਢਿੱਲੋਂ ਨੂੰ ਮਿਲੀ ਕਮਾਨ
- ਪੰਜਾਬ
- (Asia/Kolkata)
ਪੰਜਾਬ ਭਾਜਪਾ ਵਿੱਚ ਵੱਡਾ ਸੰਗਠਨਾਤਮਕ ਬਦਲਾਅ ਕਰਦਿਆਂ ਪਾਰਟੀ ਹਾਈਕਮਾਂਡ ਨੇ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਨਵਾਂ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਰੁਣ ਸਿੰਘ ਵੱਲੋਂ ਜਾਰੀ ਪੱਤਰ ਵਿੱਚ ਦੱਸਿਆ ਗਿਆ ਕਿ ਇਹ ਨਿਯੁਕਤੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੀ ਸਹਿਮਤੀ ਨਾਲ ਕੀਤੀ ਗਈ ਹੈ ਅਤੇ ਇਹ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗੀ। ਕੇਵਲ ਸਿੰਘ ਢਿੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਨ ਅਤੇ ਕਾਫ਼ੀ ਸਮੇਂ ਤੋਂ ਭਾਜਪਾ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਸਨ। ਪਾਰਟੀ ਵੱਲੋਂ ਪੰਜਾਬ ਵਿੱਚ ਇੱਕ ਸਿੱਖ ਚਿਹਰੇ ਨੂੰ ਅੱਗੇ ਲਿਆਉਣ ਦੀ ਰਣਨੀਤੀ ਤਹਿਤ ਇਹ ਫੈਸਲਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਤਰੁਣ ਚੁੱਘ, ਮੰਤਰੀ ਸ੍ਰੀਨਿਵਾਸਲੂ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਰਗੇ ਆਗੂ ਲੰਬੇ ਸਮੇਂ ਤੋਂ ਪੰਜਾਬ ਇਕਾਈ ਦੀ ਕਮਾਨ ਇੱਕ ਸਿੱਖ ਨੇਤਾ ਨੂੰ ਸੌਂਪਣ ਦੀ ਵਕਾਲਤ ਕਰ ਰਹੇ ਸਨ। 75 ਸਾਲਾ ਕੇਵਲ ਸਿੰਘ ਢਿੱਲੋਂ ਜੂਨ 2022 ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ। ਉਹ 2007 ਤੋਂ 2017 ਤੱਕ ਬਰਨਾਲਾ ਤੋਂ ਵਿਧਾਇਕ ਰਹਿ ਚੁੱਕੇ ਹਨ। ਰਾਜਨੀਤੀ ਦੇ ਨਾਲ-ਨਾਲ ਉਹ ਇੱਕ ਸਫਲ ਕਾਰੋਬਾਰੀ ਵਜੋਂ ਵੀ ਜਾਣੇ ਜਾਂਦੇ ਹਨ। ਪਾਰਟੀ ਹੁਣ ਉਨ੍ਹਾਂ ਦੇ ਸੰਗਠਨਾਤਮਕ ਤਜ਼ਰਬੇ ‘ਤੇ ਭਰੋਸਾ ਜਤਾਉਂਦੀ ਹੋਈ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਆਪਣੇ ਕਾਡਰ ਨੈੱਟਵਰਕ ਨੂੰ ਮਜ਼ਬੂਤ ਕਰਨ ਦੀ ਯੋਜਨਾ ਬਣਾ ਰਹੀ ਹੈ। ਭਾਜਪਾ ਦੀ ਕੋਸ਼ਿਸ਼ ਹੈ ਕਿ ਸੂਬੇ ਵਿੱਚ ਪਾਰਟੀ ਦੇ ਆਧਾਰ ਨੂੰ ਹੋਰ ਵਿਸਤਾਰ ਦਿੱਤਾ ਜਾਵੇ ਅਤੇ ਸੰਗਠਨ ਨੂੰ ਨਵੀਂ ਦਿਸ਼ਾ ਮਿਲੇ। ਜ਼ਿਕਰਯੋਗ ਹੈ ਕਿ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਦਾ ਤਿੰਨ ਸਾਲ ਦਾ ਕਾਰਜਕਾਲ ਜੁਲਾਈ ਮਹੀਨੇ ਵਿੱਚ ਸਮਾਪਤ ਹੋ ਰਿਹਾ ਹੈ। ਨਵੀਂ ਨਿਯੁਕਤੀ ਤੋਂ ਬਾਅਦ ਪੰਜਾਬ ਭਾਜਪਾ ਵਿੱਚ ਨਵੇਂ ਦੌਰ ਦੀ ਸ਼ੁਰੂਆਤ ਮੰਨੀ ਜਾ ਰਹੀ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਕੇਵਲ ਸਿੰਘ ਢਿੱਲੋਂ ਪਾਰਟੀ ਨੂੰ ਨਵੀਂ ਰਣਨੀਤੀ ਅਤੇ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
Leave a Reply