ਇਬੋਲਾ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲਿਆਂ ਲਈ ਸਖ਼ਤ ਸਕ੍ਰੀਨਿੰਗ, DGHS ਨੇ ਜਾਰੀ ਕੀਤੀ ਐਡਵਾਈਜ਼ਰੀ

ਇਬੋਲਾ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲਿਆਂ ਲਈ ਸਖ਼ਤ ਸਕ੍ਰੀਨਿੰਗ, DGHS ਨੇ ਜਾਰੀ ਕੀਤੀ ਐਡਵਾਈਜ਼ਰੀ

ਭਾਰਤ ਸਰਕਾਰ ਨੇ ਇਬੋਲਾ ਪ੍ਰਭਾਵਿਤ ਅਫ਼ਰੀਕੀ ਦੇਸ਼ਾਂ ਤੋਂ ਆਉਣ ਵਾਲੇ ਜਾਂ ਉਨ੍ਹਾਂ ਦੇਸ਼ਾਂ ਰਾਹੀਂ ਟ੍ਰਾਂਜ਼ਿਟ ਕਰਨ ਵਾਲੇ ਯਾਤਰੀਆਂ ਲਈ ਸਿਹਤ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਯਾਤਰੀਆਂ ਵਿੱਚ ਇਬੋਲਾ ਨਾਲ ਸੰਬੰਧਿਤ ਲੱਛਣ ਨਜ਼ਰ ਆਉਣ ਜਾਂ ਜਿਨ੍ਹਾਂ ਦਾ ਸੰਪਰਕ ਇਤਿਹਾਸ ਹੋਵੇ, ਉਹ ਇਮੀਗ੍ਰੇਸ਼ਨ ਕਲੀਅਰੈਂਸ ਤੋਂ ਪਹਿਲਾਂ ਤੁਰੰਤ ਹਵਾਈ ਅੱਡੇ ਦੇ ਸਿਹਤ ਅਧਿਕਾਰੀਆਂ ਨੂੰ ਜਾਣਕਾਰੀ ਦੇਣ। ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਰਵਿਸਿਜ਼ (DGHS) ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਵਿੱਚ ਖਾਸ ਤੌਰ ‘ਤੇ ਡੈਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ, ਯੂਗਾਂਡਾ ਅਤੇ ਦੱਖਣੀ ਸੁਡਾਨ ਤੋਂ ਆਉਣ ਵਾਲੇ ਯਾਤਰੀਆਂ ਦਾ ਜ਼ਿਕਰ ਕੀਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਇਨ੍ਹਾਂ ਦੇਸ਼ਾਂ ਨੂੰ “ਉੱਚ-ਜੋਖਮ ਵਾਲੇ ਦੇਸ਼” ਵਜੋਂ ਦਰਜ ਕੀਤਾ ਗਿਆ ਹੈ। ਇਹ ਐਡਵਾਈਜ਼ਰੀ ਦਿੱਲੀ ਹਵਾਈ ਅੱਡੇ ‘ਤੇ ਏਅਰਪੋਰਟ ਹੈਲਥ ਆਰਗੇਨਾਈਜ਼ੇਸ਼ਨ (APHO) ਵੱਲੋਂ ਵੀ ਪ੍ਰਦਰਸ਼ਿਤ ਕੀਤੀ ਗਈ ਹੈ। ਇਸ ਵਿੱਚ ਯਾਤਰੀਆਂ ਨੂੰ ਬੁਖ਼ਾਰ, ਕਮਜ਼ੋਰੀ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਉਲਟੀਆਂ, ਦਸਤ, ਗਲੇ ਵਿੱਚ ਖ਼ਰਾਸ਼ ਅਤੇ ਬਿਨਾਂ ਕਾਰਨ ਖ਼ੂਨ ਵਹਿਣ ਵਰਗੇ ਲੱਛਣਾਂ ‘ਤੇ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ। ਐਡਵਾਈਜ਼ਰੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇ ਕੋਈ ਵਿਅਕਤੀ ਕਿਸੇ ਸ਼ੱਕੀ ਜਾਂ ਪੁਸ਼ਟੀ ਕੀਤੇ ਇਬੋਲਾ ਮਰੀਜ਼ ਦੇ ਖ਼ੂਨ ਜਾਂ ਸਰੀਰਕ ਤਰਲ ਪਦਾਰਥਾਂ ਦੇ ਸਿੱਧੇ ਸੰਪਰਕ ਵਿੱਚ ਆਇਆ ਹੋਵੇ ਤਾਂ ਉਹ ਤੁਰੰਤ ਹਵਾਈ ਅੱਡੇ ਦੇ ਸਿਹਤ ਡੈਸਕ ਜਾਂ ਸਿਹਤ ਅਧਿਕਾਰੀਆਂ ਨੂੰ ਸੂਚਿਤ ਕਰੇ। APHO ਦੇ ਅਨੁਸਾਰ, ਭਾਰਤ ਪਹੁੰਚਣ ਤੋਂ ਬਾਅਦ 21 ਦਿਨਾਂ ਦੇ ਅੰਦਰ ਜੇ ਕਿਸੇ ਯਾਤਰੀ ਵਿੱਚ ਲੱਛਣ ਵਿਕਸਿਤ ਹੁੰਦੇ ਹਨ ਤਾਂ ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ ਅਤੇ ਆਪਣੇ ਯਾਤਰਾ ਇਤਿਹਾਸ ਬਾਰੇ ਅਧਿਕਾਰੀਆਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ। ਸਰਕਾਰ ਵੱਲੋਂ ਪ੍ਰੀ-ਅਰਾਈਵਲ ਅਤੇ ਪੋਸਟ-ਅਰਾਈਵਲ ਸਕ੍ਰੀਨਿੰਗ, ਕੁਆਰੰਟੀਨ ਪ੍ਰੋਟੋਕੋਲ, ਕੇਸ ਪ੍ਰਬੰਧਨ, ਰੈਫਰਲ ਪ੍ਰਣਾਲੀ ਅਤੇ ਲੈਬ ਟੈਸਟਿੰਗ ਨਾਲ ਸੰਬੰਧਿਤ ਵਿਸਤ੍ਰਿਤ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (SOPs) ਪਹਿਲਾਂ ਹੀ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਾਂਝੇ ਕੀਤੇ ਜਾ ਚੁੱਕੇ ਹਨ। ਸੂਤਰਾਂ ਮੁਤਾਬਕ, ਸਾਰੇ ਸਬੰਧਤ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ ਅਤੇ ਉਹ ਸਿਹਤ ਮੰਤਰਾਲੇ ਦੇ ਤਾਲਮੇਲ ਨਾਲ ਰੋਕਥਾਮ ਅਤੇ ਨਿਗਰਾਨੀ ਸੰਬੰਧੀ ਜ਼ਰੂਰੀ ਕਦਮ ਚੁੱਕ ਰਹੇ ਹਨ।