ਮਾਨਸਾ ਵਿੱਚ ਸੋਗ ਅਤੇ ਤਣਾਅ ਕਾਰਨ ਇਸ ਸਾਲ ਰੱਦ ਹੋਇਆ ਦੁਸ਼ਹਿਰਾ ਉਤਸਵ

ਮਾਨਸਾ ਵਿੱਚ ਸੋਗ ਅਤੇ ਤਣਾਅ ਕਾਰਨ ਇਸ ਸਾਲ ਰੱਦ ਹੋਇਆ ਦੁਸ਼ਹਿਰਾ ਉਤਸਵ

ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਬਣੇ ਤਣਾਅਪੂਰਨ ਅਤੇ ਸੋਗ ਦੇ ਮਾਹੌਲ ਦੇ ਮੱਦੇਨਜ਼ਰ ਇਸ ਸਾਲ ਮਾਨਸਾ ਵਿੱਚ ਦੁਸ਼ਹਿਰੇ ਦਾ ਤਿਉਹਾਰ ਨਹੀਂ ਮਨਾਇਆ ਜਾਵੇਗਾ। ਇਸ ਸਾਲ 20 ਅਕਤੂਬਰ ਨੂੰ ਆਉਣ ਵਾਲੇ ਇਸ ਤਿਉਹਾਰ ਨੂੰ ਲੈ ਕੇ ਸੁਰੱਖਿਆ ਚਿੰਤਾਵਾਂ ਅਤੇ ਮੌਜੂਦਾ ਸਥਿਤੀ ਨੂੰ ਦੇਖਦਿਆਂ 'ਨਿਊ ਦੁਸ਼ਹਿਰਾ ਕਮੇਟੀ' ਨੇ ਸਮਾਗਮ ਪੂਰੀ ਤਰ੍ਹਾਂ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਮਾਨਸਾ ਸ਼ਹਿਰ ਵਿੱਚ ਅੱਜ ਲਗਾਤਾਰ ਤੀਜੇ ਦਿਨ ਵੀ ਬੰਦ ਰੱਖਿਆ ਜਾ ਰਿਹਾ ਹੈ। ਨਿਊ ਦੁਸ਼ਹਿਰਾ ਕਮੇਟੀ ਮਾਨਸਾ ਦੇ ਪ੍ਰਧਾਨ ਪਰਵੀਨ ਕੁਮਾਰ ਗੋਇਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਫ਼ੈਸਲਾ ਮੌਜੂਦਾ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਗ਼ਮ ਵਿੱਚ ਲਿਆ ਗਿਆ ਹੈ। ਗੋਇਲ ਨੇ ਕਿਹਾ, "ਹਾਲਾਤ ਠੀਕ ਨਹੀਂ ਹਨ। ਸਾਨੂੰ ਹਮੇਸ਼ਾ ਸਮਾਗਮ ਵਿੱਚ ਵੱਡੇ ਇਕੱਠ ਦੀ ਉਮੀਦ ਹੁੰਦੀ ਹੈ। ਪ੍ਰਸ਼ਾਸਨ ਪਹਿਲਾਂ ਹੀ ਖ਼ਦਸ਼ੇ ਵਿੱਚ ਹੈ, ਅਤੇ ਜੇ ਕੁਝ ਗੜਬੜ ਹੁੰਦੀ ਹੈ ਤਾਂ ਉਹ ਸਾਨੂੰ ਗ੍ਰਿਫ਼ਤਾਰ ਕਰ ਲੈਣਗੇ।" ਝੋਟਾ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕਾਰਕੁਨ ਨਸ਼ਿਆਂ ਵਿਰੁੱਧ ਕੰਮ ਕਰ ਰਿਹਾ ਸੀ ਅਤੇ ਉਸ ਨੇ ਕਦੇ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ ਸੀ। ਕਮੇਟੀ ਦੇ ਮੁਤਾਬਕ, ਸਮਾਗਮ ਦੀਆਂ ਤਿਆਰੀਆਂ 'ਤੇ ਪਹਿਲਾਂ ਹੀ ਲਗਪਗ 3 ਲੱਖ ਰੁਪਏ ਖ਼ਰਚ ਕੀਤੇ ਜਾ ਚੁੱਕੇ ਸਨ, ਪੁਤਲੇ ਤਿਆਰ ਕਰ ਲਏ ਗਏ ਸਨ ਅਤੇ ਹੋਰ ਜ਼ਰੂਰੀ ਆਰਡਰ ਵੀ ਦਿੱਤੇ ਜਾ ਚੁੱਕੇ ਸਨ। ਆਮ ਤੌਰ 'ਤੇ ਇਹ ਸਮਾਗਮ ਨਵੀਂ ਦਾਣਾ ਮੰਡੀ ਵਿਖੇ ਕਰਵਾਇਆ ਜਾਂਦਾ ਹੈ, ਪਰ ਇਸ ਸਾਲ ਕਮੇਟੀ ਨੇ ਇਸ ਲਈ ਸਿਰਸਾ ਰੋਡ 'ਤੇ 10-12 ਏਕੜ ਦੇ ਇੱਕ ਨਿੱਜੀ ਪਲਾਟ ਦੀ ਸ਼ਨਾਖ਼ਤ ਕੀਤੀ ਸੀ। ਪ੍ਰਧਾਨ ਪਰਵੀਨ ਕੁਮਾਰ ਗੋਇਲ ਨੇ ਸਪੱਸ਼ਟ ਕੀਤਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਹਾਲਾਤ ਸੁਖਾਵੇਂ ਵੀ ਹੋ ਜਾਂਦੇ ਹਨ, ਤਾਂ ਵੀ ਸਮਾਗਮ ਨਹੀਂ ਕਰਵਾਇਆ ਜਾਵੇਗਾ, ਕਿਉਂਕਿ ਕਮੇਟੀ ਪਰਵਿੰਦਰ ਝੋਟਾ ਦੇ ਕਤਲ ਦੇ ਸੋਗ ਵਿੱਚ ਹੀ ਇਹ ਮੌਕਾ ਬਿਤਾਉਣਾ ਹੈ।