ਵਿਗਿਆਨਕ ਸੋਚ ਨਾਲ ਹੀ ਵਹਿਮਾਂ-ਭਰਮਾਂ ਤੋਂ ਮੁਕਤੀ ਸੰਭਵ - ਤਰਕਸ਼ੀਲ ਆਗੂ
- ਪੰਜਾਬ
- (Asia/Kolkata)
(ਜਗਸੀਰ ਸਿੰਘ)- ਤਰਕਸ਼ੀਲ ਸੁਸਾਇਟੀ ਪੰਜਾਬ, ਇਕਾਈ ਸੰਗਰੂਰ ਵੱਲੋਂ ਲੋਕਾਂ ਅੰਦਰ ਵਿਗਿਆਨਕ ਚੇਤਨਾ ਵਿਕਸਿਤ ਕਰਨ ਹਿੱਤ ਚਲਾਈ ਜਾ ਰਹੀ ਮੁਹਿੰਮ ਦੀ ਲੜੀ ਤਹਿਤ ਆਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਿਖੇ ਤਰਕਸ਼ੀਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਾਸਟਰ ਪਰਮਵੇਦ, ਅਮਰੀਕ ਖੋਖਰ ਅਤੇ ਸੀਤਾ ਰਾਮ ਬਾਲਦ ਕਲਾਂ ’ਤੇ ਆਧਾਰਿਤ ਤਰਕਸ਼ੀਲ ਟੀਮ ਵੱਲੋਂ ਸਮਾਗਮ ਪੇਸ਼ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਜ਼ਿਲ੍ਹਾ ਜਨਰਲ ਸਕੱਤਰ ਬੀ. ਐਸ. ਢਿੱਲੋਂ, ਸਰਪ੍ਰਸਤ ਜਗਦੀਸ਼ ਰਾਏ ਅਤੇ ਪ੍ਰਧਾਨ ਸੁਰਿੰਦਰ ਬਾਲੀਆਂ ਨੇ ਤਰਕਸ਼ੀਲ ਟੀਮ ਦਾ ਸਵਾਗਤ ਕੀਤਾ। ਉਨ੍ਹਾਂ ਵੱਲੋਂ ਟੀਮ ਦੇ ਮੈਂਬਰਾਂ ਦੀ ਜਾਣ-ਪਛਾਣ ਕਰਵਾਉਂਦਿਆਂ ਦਫ਼ਤਰ ਵਿੱਚ ਆਉਣ ਦੇ ਮਕਸਦ ਬਾਰੇ ਦੱਸਿਆ ਗਿਆ ਅਤੇ ਹਾਜ਼ਰੀਨ ਨੂੰ ਵਿਗਿਆਨਕ ਸੋਚ ਅਪਣਾਉਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਤਰਕਸ਼ੀਲ ਆਗੂ ਮਾਸਟਰ ਪਰਮਵੇਦ ਅਤੇ ਸੀਤਾ ਰਾਮ ਨੇ ਆਪਣੇ ਸੰਬੋਧਨ ਵਿੱਚ ਹਾਜ਼ਰੀਨ ਨੂੰ ਅੰਧਵਿਸ਼ਵਾਸਾਂ, ਵਹਿਮਾਂ-ਭਰਮਾਂ, ਲਾਈਲੱਗਤਾ ਅਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿੱਚੋਂ ਨਿਕਲ ਕੇ ਆਪਣਾ ਸੋਚਣ-ਢੰਗ ਵਿਗਿਆਨਕ ਬਣਾਉਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਨੈਤਿਕ ਕਦਰਾਂ-ਕੀਮਤਾਂ ਦੇ ਗੁਣ, ਸੱਚ, ਇਮਾਨਦਾਰੀ ਅਤੇ ਮਿਹਨਤ ਦੇ ਨਾਲ-ਨਾਲ ਵਿਗਿਆਨਕ ਜਾਗਰੂਕਤਾ ਵਾਲੇ ਗੁਣ ਅਪਣਾ ਕੇ ਆਪਣੀ ਸ਼ਖ਼ਸੀਅਤ ਦਾ ਵਿਕਾਸ ਕਰਨਾ ਅਤੇ ਜਿਊਣ ਦਾ ਢੰਗ ਅਪਣਾਉਣਾ ਚਾਹੀਦਾ ਹੈ। ਮਾਸਟਰ ਪਰਮਵੇਦ ਨੇ ਕਿਸੇ ਗੱਲ ਨੂੰ ਮੰਨਣ ਤੋਂ ਪਹਿਲਾਂ ਉਸ ਨੂੰ ਪਰਖਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਲੋਕਾਂ ਅੰਦਰ ਵਿਗਿਆਨਕ ਸੋਚ ਅਤੇ ਭਾਈਚਾਰਕ ਸਾਂਝ ਦੇ ਪਸਾਰੇ ਰਾਹੀਂ ਉਨ੍ਹਾਂ ਦੇ ਦਿਲ-ਦਿਮਾਗ ਨੂੰ ਰੁਸ਼ਨਾਉਣਾ ਚਾਹੁੰਦੀ ਹੈ। ਇਸ ਮੌਕੇ ਮਾਸਟਰ ਪਰਮਵੇਦ ਨੇ ਤਰਕਸ਼ੀਲਾਂ ਵੱਲੋਂ ਰਹੱਸਮਈ ਘਟਨਾਵਾਂ ਦੇ ਕੁਝ ਹੱਲ ਕੀਤੇ ਕੇਸਾਂ ਦੀ ਵਿਆਖਿਆ ਕੀਤੀ, ਜਿਨ੍ਹਾਂ ਨੂੰ ਲੋਕ ਭੂਤਾਂ-ਪ੍ਰੇਤਾਂ ਦੀ ਕਾਰਵਾਈ ਸਮਝਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਘਟਨਾਵਾਂ ਪਿੱਛੇ ਮਨੁੱਖੀ ਹੱਥ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭੂਤ-ਪ੍ਰੇਤ ਸਭ ਮਨੋਕਲਪਿਤ ਹਨ ਅਤੇ ਭੂਤ-ਪ੍ਰੇਤ ਦੇ ਭਰਮਜਾਲ ਵਿੱਚ ਪਾ ਕੇ ਅਖੌਤੀ ਸਿਆਣੇ ਲੋਕ ਪਰਿਵਾਰਾਂ ਦੀ ਆਰਥਿਕ, ਮਾਨਸਿਕ ਅਤੇ ਕਈ ਵਾਰ ਸਰੀਰਕ ਲੁੱਟ ਵੀ ਕਰਦੇ ਹਨ। ਉਨ੍ਹਾਂ ਕਿਹਾ ਕਿ ਇੱਥੇ ਚਮਤਕਾਰ ਨਹੀਂ, ਸਗੋਂ ਘਟਨਾਵਾਂ ਵਾਪਰਦੀਆਂ ਹਨ, ਜਿਨ੍ਹਾਂ ਦੇ ਕਾਰਨ ਜਾਣਨਾ ਹੀ ਵਿਗਿਆਨਕ ਅਤੇ ਤਰਕਸ਼ੀਲ ਸੋਚ ਹੈ। ਬੀ. ਐਸ. ਢਿੱਲੋਂ ਨੇ ਸਟੇਜ ਸੰਚਾਲਨ ਬਾਖੂਬੀ ਕੀਤਾ। ਬਿੱਕਰ ਸਿੰਘ ਸੀਬੀਆ ਨੇ ਪੈਨਸ਼ਨਰਜ਼ ਦੇ ਵਿਹੜੇ ਵਿੱਚ ਆ ਕੇ ਵਿਗਿਆਨਕ ਸੋਚ ਦਾ ਛੱਟਾ ਦੇਣ ਅਤੇ ਕਈ ਵਹਿਮ-ਭਰਮ ਦੂਰ ਕਰਨ ਲਈ ਤਰਕਸ਼ੀਲ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਸਰੋਤਿਆਂ ਨੂੰ ਆਪਣਾ ਦ੍ਰਿਸ਼ਟੀਕੋਣ ਵਿਗਿਆਨਕ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਹਾਦਰ ਸਿੰਘ ਰਾਓ, ਜੈ ਸਿੰਘ, ਪਵਨ ਕੁਮਾਰ, ਕੁਲਵੰਤ ਸਿੰਘ ਆਦਿ ਹਾਜ਼ਰ ਸਨ।
Leave a Reply