ਜੈਸਮੀਨ ਸੈਂਡਲਾਸ ਨੇ ਚੰਡੀਗੜ੍ਹ ਸ਼ੋਅ ਦੌਰਾਨ LGBTQ+ ਭਾਈਚਾਰੇ ਦੇ ਹੱਕ ’ਚ ਦਿੱਤਾ ਬਰਾਬਰੀ ਦਾ ਸੁਨੇਹਾ
- ਦੇਸ਼
- (Asia/Kolkata)
ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਨੇ ਆਪਣੇ ਲਾਈਵ ਸ਼ੋਅ ਦੌਰਾਨ LGBTQ+ ਭਾਈਚਾਰੇ ਦੇ ਸਮਰਥਨ ਵਿੱਚ ਆਵਾਜ਼ ਬੁਲੰਦ ਕਰਦਿਆਂ ਪਿਆਰ, ਬਰਾਬਰੀ ਅਤੇ ਆਪਣੀ ਪਛਾਣ ਅਨੁਸਾਰ ਜਿਊਣ ਦੀ ਆਜ਼ਾਦੀ ਦਾ ਸੁਨੇਹਾ ਦਿੱਤਾ। ‘ਦਿ ਡਰੀਮ ਗਰਲ ਇੰਡੀਆ ਟੂਰ’ ਤਹਿਤ ਚੰਡੀਗੜ੍ਹ-ਮੁਹਾਲੀ ਵਿੱਚ ਹੋਏ ਇਸ ਸ਼ੋਅ ਦੌਰਾਨ ਗਾਇਕਾ ਨੇ ਸਟੇਜ ’ਤੇ ਰੇਨਬੋ ਰੰਗਾਂ ਵਾਲਾ ਦੁਪੱਟਾ ਲਹਿਰਾਇਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ।
ਆਪਣੀ ਦਮਦਾਰ ਆਵਾਜ਼ ਅਤੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਜੈਸਮੀਨ ਨੇ ਪ੍ਰੋਗਰਾਮ ਦੌਰਾਨ ਆਪਣੇ ਕਈ ਮਸ਼ਹੂਰ ਗੀਤ ਪੇਸ਼ ਕੀਤੇ। ਇਸ ਦੌਰਾਨ ਹਾਜ਼ਰ ਦਰਸ਼ਕਾਂ ਨੇ ਉਸ ਦੀਆਂ ਪੇਸ਼ਕਾਰੀਆਂ ਦਾ ਆਨੰਦ ਮਾਣਿਆ। ਹਾਲਾਂਕਿ, ਗਾਇਕਾ ਵੱਲੋਂ LGBTQ+ ਭਾਈਚਾਰੇ ਦੇ ਹੱਕਾਂ ਅਤੇ ਸਨਮਾਨ ਬਾਰੇ ਦਿੱਤਾ ਗਿਆ ਸੁਨੇਹਾ ਵੀ ਸ਼ੋਅ ਦਾ ਖ਼ਾਸ ਪੱਖ ਰਿਹਾ।
ਜੈਸਮੀਨ ਨੇ ਸਟੇਜ ਤੋਂ ਕਿਹਾ, “ਅਸੀਂ ਪੰਜਾਬੀ ਬਹੁਤ ਵੰਡੇ ਹੋਏ ਆਂ... ਪਿਆਰ ਤੇ ਕਰ ਲੈਣ ਦਿਓ... ਅਸੀਂ ਹੁੰਦੇ ਕੌਣ ਆਂ ਕਿਸੇ ਨੂੰ ਕਹਿਣ ਵਾਲੇ ਕਿ ਤੂੰ ਇਹਨੂੰ ਪਿਆਰ ਕਰ ਸਕਦੈਂ, ਤੂੰ ਇਹਨੂੰ ਪਿਆਰ ਨਹੀਂ ਕਰ ਸਕਦੈਂ... ਪਿਆਰ ਬੜੀ ਪਵਿੱਤਰ ਚੀਜ਼ ਐ... ਤੇ ਬਥੇਰਿਆਂ ਨੂੰ ਪਿਆਰ ਨਹੀਂ ਮਿਲਦਾ, ਜਿਹਨੂੰ ਮਿਲਦਾ ਉਹਨੂੰ ਪਿਆਰ ਕਰ ਲੈਣ ਦਿਓ।”
ਉਸ ਨੇ ਅੱਗੇ ਕਿਹਾ, “ਇਸ ਦੁਨੀਆਂ ’ਚ ਬਹੁਤ ਲੋਕੀ ਨੇ... ਸਾਰਿਆਂ ਨੂੰ ਜੀਣਾ ਵੀ ਨਹੀਂ ਆਉਂਦਾ... ਜਿਹੜਾ ਜਿਉਂਦਾ ਉਹਨੂੰ ਜੀ ਲੈਣ ਦਿਓ।”
ਰੇਨਬੋ ਦੁਪੱਟਾ LGBTQ+ ਭਾਈਚਾਰੇ ਦੇ ਸਮਰਥਨ ਅਤੇ ਵਿਭਿੰਨ ਪਛਾਣਾਂ ਨੂੰ ਸਵੀਕਾਰ ਕਰਨ ਦਾ ਪ੍ਰਤੀਕ ਹੈ। ਜੈਸਮੀਨ ਦੇ ਇਸ ਅੰਦਾਜ਼ ਅਤੇ ਬਿਆਨ ਨੂੰ ਪਿਆਰ ਕਰਨ ਦੀ ਆਜ਼ਾਦੀ, ਆਪਸੀ ਸਤਿਕਾਰ ਅਤੇ ਸਮਾਜਿਕ ਸ਼ਮੂਲੀਅਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਪੰਜਾਬੀ ਸੰਗੀਤ ਜਗਤ ਦੀ ਇੱਕ ਪ੍ਰਮੁੱਖ ਹਸਤੀ ਵੱਲੋਂ ਵੱਡੇ ਮੰਚ ਤੋਂ ਇਸ ਤਰ੍ਹਾਂ ਸਮਰਥਨ ਪ੍ਰਗਟਾਉਣਾ ਕਲਾ ਅਤੇ ਮਨੋਰੰਜਨ ਦੇ ਖੇਤਰ ਵਿੱਚ ਸਮਾਨਤਾ ਤੇ ਸਵੀਕਾਰਤਾ ਬਾਰੇ ਚਰਚਾ ਨੂੰ ਅੱਗੇ ਵਧਾਉਣ ਵਾਲਾ ਕਦਮ ਮੰਨਿਆ ਜਾ ਰਿਹਾ ਹੈ।
Leave a Reply