ਰੇਲ ਯਾਤਰੀਆਂ ਲਈ ਅਹਿਮ ਖ਼ਬਰ: 6 ਜੂਨ ਤੱਕ ਪ੍ਰਭਾਵਿਤ ਰਹੇਗੀ ਰੇਲ ਆਵਾਜਾਈ

ਰੇਲ ਯਾਤਰੀਆਂ ਲਈ ਅਹਿਮ ਖ਼ਬਰ: 6 ਜੂਨ ਤੱਕ ਪ੍ਰਭਾਵਿਤ ਰਹੇਗੀ ਰੇਲ ਆਵਾਜਾਈ

ਰੇਲ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਦਿੱਲੀ-ਅੰਬਾਲਾ ਰੇਲਵੇ ਸੈਕਸ਼ਨ ਵਿੱਚ ਤਕਨੀਕੀ ਕੰਮ ਕਾਰਨ ਚੰਡੀਗੜ੍ਹ ਤੋਂ ਲੰਘਣ ਵਾਲੀਆਂ 22 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਦਕਿ 29 ਰੇਲਗੱਡੀਆਂ ਦੇ ਰੂਟ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਦੇ ਨਾਲ ਹੀ ਕਈ ਟ੍ਰੇਨਾਂ ਨੂੰ ਮੁੜ ਸ਼ਡਿਊਲ ਵੀ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਸ਼ਾਹਾਬਾਦ ਮਾਰਕੰਡਾ ਅਤੇ ਮੋਹਰੀ ਰੇਲਵੇ ਸਟੇਸ਼ਨਾਂ ਦਰਮਿਆਨ ਰੇਲਵੇ ਦੇ ਤਕਨੀਕੀ ਕੰਮ ਚੱਲਣ ਕਾਰਨ 30 ਮਈ ਤੋਂ 6 ਜੂਨ ਤੱਕ ਰੇਲ ਆਵਾਜਾਈ ਪ੍ਰਭਾਵਿਤ ਰਹੇਗੀ। ਇਸ ਦੌਰਾਨ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਲੰਘਣ ਵਾਲੀਆਂ ਕਈ ਅਹਿਮ ਰੇਲਗੱਡੀਆਂ ਨੂੰ ਰੱਦ ਕਰਨ, ਡਾਈਵਰਟ ਕਰਨ ਅਤੇ ਮੁੜ ਸ਼ਡਿਊਲ ਕਰਨ ਦਾ ਫੈਸਲਾ ਲਿਆ ਗਿਆ ਹੈ। ਰੇਲਵੇ ਵੱਲੋਂ ਜਾਰੀ ਵੇਰਵਿਆਂ ਮੁਤਾਬਕ, ਇਸ ਮਿਆਦ ਦੌਰਾਨ 22 ਰੇਲਗੱਡੀਆਂ ਪੂਰੀ ਤਰ੍ਹਾਂ ਰੱਦ ਰਹਿਣਗੀਆਂ, ਜਦਕਿ 29 ਟ੍ਰੇਨਾਂ ਨੂੰ ਬਦਲੇ ਹੋਏ ਰੂਟਾਂ ਰਾਹੀਂ ਚਲਾਇਆ ਜਾਵੇਗਾ। ਇਸ ਤੋਂ ਇਲਾਵਾ ਅੱਠ ਟ੍ਰੇਨਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ ਅਤੇ 20 ਟ੍ਰੇਨਾਂ ਨੂੰ ਨਿਯਮਤ ਕੀਤਾ ਗਿਆ ਹੈ। ਇਸ ਦਾ ਅਸਰ ਚੰਡੀਗੜ੍ਹ ਆਉਣ-ਜਾਣ ਵਾਲੇ ਹਜ਼ਾਰਾਂ ਯਾਤਰੀਆਂ 'ਤੇ ਪੈਣ ਦੀ ਸੰਭਾਵਨਾ ਹੈ। ਰੱਦ ਕੀਤੀਆਂ ਗਈਆਂ ਪ੍ਰਮੁੱਖ ਟ੍ਰੇਨਾਂ ਵਿੱਚ ਅਜਮੇਰ-ਚੰਡੀਗੜ੍ਹ ਗਰੀਬ ਰਥ ਐਕਸਪ੍ਰੈਸ (12983) ਸ਼ਾਮਲ ਹੈ, ਜੋ 31 ਮਈ ਅਤੇ 2 ਜੂਨ ਨੂੰ ਨਹੀਂ ਚੱਲੇਗੀ। ਇਸੇ ਤਰ੍ਹਾਂ ਚੰਡੀਗੜ੍ਹ-ਅਜਮੇਰ ਗਰੀਬ ਰਥ ਐਕਸਪ੍ਰੈਸ (12984) ਨੂੰ 1 ਅਤੇ 3 ਜੂਨ ਲਈ ਰੱਦ ਕੀਤਾ ਗਿਆ ਹੈ। ਨਵੀਂ ਦਿੱਲੀ-ਚੰਡੀਗੜ੍ਹ ਸ਼ਤਾਬਦੀ ਐਕਸਪ੍ਰੈਸ (12045/12046) ਅਤੇ ਅਜਮੇਰ-ਚੰਡੀਗੜ੍ਹ ਵੰਦੇ ਭਾਰਤ ਐਕਸਪ੍ਰੈਸ (20977/20978) ਵੀ 6 ਜੂਨ ਨੂੰ ਪੂਰੀ ਤਰ੍ਹਾਂ ਰੱਦ ਰਹਿਣਗੀਆਂ। ਕਈ ਲੰਬੀ ਦੂਰੀ ਦੀਆਂ ਟ੍ਰੇਨਾਂ ਦੇ ਰੂਟ ਵੀ ਬਦਲੇ ਗਏ ਹਨ। ਚੰਡੀਗੜ੍ਹ-ਯਸ਼ਵੰਤਪੁਰ ਕਰਨਾਟਕ ਸੰਪਰਕ ਕ੍ਰਾਂਤੀ ਐਕਸਪ੍ਰੈਸ (22686) 2 ਜੂਨ ਨੂੰ ਅੰਬਾਲਾ-ਸਹਾਰਨਪੁਰ-ਮੇਰਠ-ਗਾਜ਼ੀਆਬਾਦ ਰੂਟ ਰਾਹੀਂ ਚੱਲੇਗੀ। ਇਸ ਦੌਰਾਨ ਇਹ ਟ੍ਰੇਨ ਪਾਣੀਪਤ ਅਤੇ ਨਵੀਂ ਦਿੱਲੀ ਸਟੇਸ਼ਨਾਂ 'ਤੇ ਨਹੀਂ ਰੁਕੇਗੀ। ਇਸੇ ਤਰ੍ਹਾਂ ਚੰਡੀਗੜ੍ਹ-ਮਡਗਾਓਂ ਗੋਆ ਸੰਪਰਕ ਕ੍ਰਾਂਤੀ ਐਕਸਪ੍ਰੈਸ (12450) ਨੂੰ 1 ਜੂਨ ਨੂੰ ਬਦਲੇ ਹੋਏ ਰੂਟ ਰਾਹੀਂ ਚਲਾਇਆ ਜਾਵੇਗਾ। ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਅਨੁਸਾਰ, ਸ਼ਾਹਾਬਾਦ ਮਾਰਕੰਡਾ ਅਤੇ ਮੋਹਰੀ ਰੇਲਵੇ ਸਟੇਸ਼ਨਾਂ 'ਤੇ ਲੂਪ ਲਾਈਨਾਂ ਦੇ ਵਿਸਥਾਰ ਅਤੇ ਨਵੇਂ ਇਲੈਕਟ੍ਰਾਨਿਕ ਇੰਟਰਲਾਕਿੰਗ (EI) ਸਿਸਟਮ ਦੀ ਸਥਾਪਨਾ ਲਈ ਛੇ ਦਿਨਾਂ ਦਾ ਪ੍ਰੀ-ਨਾਨ-ਇੰਟਰਲਾਕਿੰਗ (PNI) ਅਤੇ ਇੱਕ ਦਿਨ ਦਾ ਨਾਨ-ਇੰਟਰਲਾਕਿੰਗ (NI) ਬਲਾਕ ਲਾਗੂ ਕੀਤਾ ਜਾਵੇਗਾ। ਇਸ ਕਾਰਨ ਰੇਲ ਸੇਵਾਵਾਂ ਵਿੱਚ ਇਹ ਅਸਥਾਈ ਬਦਲਾਅ ਕੀਤੇ ਗਏ ਹਨ।